ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਪੰਜਾਬ ਦੀ ਪ੍ਰਧਾਨਗੀ ਤੋਂ ਦਿੱਤਾ ਗਿਆ ਅਸਤੀਫਾ ਵਾਪਸ ਨਹੀਂ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਡਰੱਗ ਮਾਮਲੇ 'ਚ ਮਜੀਠੀਆ ਕੋਲੋਂ ਕੇਜਰੀਵਾਲ ਵਲੋਂ ਮੁਆਫੀ ਮੰਗਣ ਕਾਰਨ ਉਨ੍ਹਾਂ ਦੇ ਮਨ ਨੂੰ ਡੂੰਘੀ ਸੱਟ ਵੱਜੀ ਹੈ। ਉਨ੍ਹਾਂ ਕਿਹਾ ਕਿ ਡਰੱਗ ਦੇ ਮੁੱਦੇ 'ਤੇ ਸਮਝੌਤਾ ਨਹੀਂ ਕੀਤਾ ਜਾ ਸਕਦਾ ਅਤੇ ਇਸ ਲਈ ਉਹ ਪਾਰਟੀ ਲਈ ਇਕ ਮੈਂਬਰ ਵਜੋਂ ਹੀ ਕੰਮ ਕਰਨਗੇ।
ਭਗਵੰਤ ਮਾਨ ਨੇ ਕਿਹਾ ਕਿ ਉਹ ਯਕੀਨ ਨਹੀਂ ਕਰ ਸਕਦੇ ਕਿ ਕੇਜਰੀਵਾਲ ਨੇ ਇੰਨਾ ਗੰਭੀਰ ਕਦਮ ਚੁੱਕਣ ਤੋਂ ਪਹਿਲਾਂ ਉਨ੍ਹਾਂ ਨਾਲ ਜਾਂ ਪਾਰਟੀ ਦੇ ਕਿਸੇ ਹੋਰ ਸੀਨੀਅਰ ਆਗੂ ਨਾਲ ਸਲਾਹ ਕਰਨੀ ਜ਼ਰੂਰੀ ਨਹੀਂ ਸਮਝੀ। ਮਾਨ ਨੇ ਕਿਹਾ ਕਿ 'ਆਪ' 'ਚ ਸ਼ਾਮਲ ਹੋਣ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਜਨਤਾ ਦੀ ਪੂਰੀ ਸਪੋਰਟ ਸੀ ਅਤੇ ਜਨਤਾ ਨੇ ਹੀ ਉਨ੍ਹਾਂ ਨੂੰ ਇੱਥੇ ਲੈ ਕੇ ਆਂਦਾ ਹੈ, ਇਸ ਲਈ ਹੁਣ ਜਨਤਾ ਹੀ ਉਨ੍ਹਾਂ ਦੀ ਕਿਸਮਤ ਤੈਅ ਕਰੇਗੀ।
ਜ਼ਿਕਰਯੋਗ ਹੈ ਕਿ ਡਰੱਗ ਮਾਮਲੇ ਸਬੰਧੀ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਕੋਲੋਂ ਲਿਖਤੀ ਮੁਆਫੀ ਮੰਗ ਲਈ ਸੀ, ਜਿਸ ਤੋਂ ਬਾਅਦ ਭਗਵੰਤ ਮਾਨ ਸਮਤੇ ਅਮਨ ਅਰੋੜਾ ਨੇ ਵੀ ਅਸਤੀਫਾ ਦੇ ਦਿੱਤਾ ਸੀ ਪਰ ਭਗਵੰਤ ਮਾਨ ਦਾ ਅਸਤੀਫਾ ਪਾਰਟੀ ਵਲੋਂ ਮਨਜ਼ੂਰ ਨਹੀਂ ਕੀਤਾ ਗਿਆ ਸੀ। ਇਸ ਬਾਰੇ ਭਗਵੰਤ ਮਾਨ ਦਾ ਕਹਿਣਾ ਹੈ ਕਿ ਉਹ ਡਰੱਗ ਦੇ ਮਾਮਲੇ ਸਬੰਧੀ ਕੋਈ ਸਮਝੌਤਾ ਨਹੀਂ ਕਰ ਸਕਦੇ ਅਤੇ ਉਹ ਹਮੇਸ਼ਾ ਪੰਜਾਬੀਆਂ ਦੇ ਨਾਲ ਖੜ੍ਹੇ ਹਨ, ਇਸ ਲਈ ਉਹ ਆਪਣਾ ਅਸਤੀਫਾ ਵਾਪਸ ਨਹੀਂ ਲੈਣਗੇ।
ਪੰਜਾਬ ਰੋਡਵੇਜ਼ ਮੁਲਾਜ਼ਮਾਂ ਵੱਲੋਂ ਗੇਟ ਰੈਲੀ
NEXT STORY