ਅੰਮ੍ਰਿਤਸਰ - ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਸਰਕਲ ਦੇ ਫੂਡ ਸਪਲਾਈ ਵਿਭਾਗ 'ਚ ਹੋਏ ਘਪਲਿਆਂ ਦੇ ਸਬੰਧ 'ਚ ਜਿਥੇ ਸਖਤ ਫ਼ੈਸਲਾ ਲੈਂਦੇ ਹੋਏ 20 ਤੋਂ ਵੱਧ ਲੋਕਾਂ ਨੂੰ ਸਸਪੈਂਡ ਕੀਤਾ ਹੈ, ਉਥੇ ਇਸ ਦੀ ਅਗਲੀ ਜਾਂਚ ਲਈ ਵੀ ਨਵੀਆਂ ਨੀਤੀਆਂ ਬਣਾਈਆਂ ਜਾ ਰਹੀਆਂ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਿੱਜੀ ਤੌਰ 'ਤੇ ਦਿੱਤੇ ਦਖਲ ਤੋਂ ਬਾਅਦ ਫੂਡ ਸਪਲਾਈ ਵਿਭਾਗ ਵਿਚ ਕਈਆਂ ਦੇ ਹੱਥ-ਪੈਰ ਫੁੱਲਣੇ ਸ਼ੁਰੂ ਹੋ ਗਏ ਹਨ, ਉਥੇ ਹੀ ਪੰਜਾਬ ਸਰਕਾਰ ਵੱਲੋਂ ਬਾਦਲ ਸਰਕਾਰ ਦੌਰਾਨ ਆਟਾ-ਦਾਲ ਸਕੀਮ ਤਹਿਤ ਗਰੀਬਾਂ ਨੂੰ 2 ਰੁਪਏ ਕਿਲੋ ਦੇ ਹਿਸਾਬ ਨਾਲ ਦਿੱਤੀ ਜਾਣ ਵਾਲੀ ਕਣਕ ਦੇ ਮਾਮਲੇ 'ਚ ਅੱਜ ਤੋਂ 2 ਸਾਲ ਪਹਿਲਾਂ ਫੂਡ ਸਪਲਾਈ ਵਿਭਾਗ ਦੇ ਇਕ ਇੰਸਪੈਕਟਰ ਵੱਲੋਂ 50 ਟਰੱਕ ਕਣਕ ਦੇ ਚੋਰੀ ਕਰ ਲਏ ਜਾਣ ਅਤੇ ਨਾਟਕੀ ਘਟਨਾਕ੍ਰਮ ਦੌਰਾਨ 3 ਮਹੀਨੇ ਬਾਅਦ ਪੂਰੀ ਦੀ ਪੂਰੀ ਚੋਰੀ ਹੋਈ ਕਣਕ ਦੀ ਖੇਪ ਬਰਾਮਦ ਹੋ ਜਾਣ ਨਾਲ ਕਈ ਅਜਿਹੇ ਲੋਕਾਂ ਦੇ ਹੌਸਲੇ ਬੁਲੰਦ ਹੋ ਗਏ ਸਨ ਜੋ ਅੰਦਰਖਾਤੇ ਘਪਲੇਬਾਜ਼ੀ 'ਚ ਸਰਗਰਮ ਸਨ ਕਿਉਂਕਿ ਇਸ ਮਾਮਲੇ 'ਚ ਸਿਰਫ ਇਕ ਵਿਅਕਤੀ 'ਤੇ ਗਾਜ ਡਿੱਗਣ ਤੋਂ ਬਾਅਦ ਬਾਕੀ ਸਾਰੇ ਲੋਕ ਮਾਮਲੇ 'ਚੋਂ ਬਾਹਰ ਰਹੇ, ਜਿਸ ਕਾਰਨ ਅਗਲੇ ਘਪਲਿਆਂ ਨੂੰ ਹੱਲਾਸ਼ੇਰੀ ਮਿਲੀ।
ਜ਼ਿਕਰਯੋਗ ਹੈ ਕਿ 50 ਟਰੱਕ ਦੇ ਘਪਲੇ 'ਚ ਫੂਡ ਸਪਲਾਈ ਵਿਭਾਗ ਦੇ ਮੁੱਖ ਗੋਦਾਮ ਜਿਸ ਨੂੰ 'ਸੀਲੋ' ਕਹਿੰਦੇ ਹਨ, ਦੇ ਸਟੋਰ 'ਚੋਂ 50 ਟਰੱਕ ਕਣਕ ਚੋਰੀ ਹੋ ਜਾਣ ਅਤੇ ਸਟਾਕ ਘੱਟ ਹੋ ਜਾਣ ਦੀ ਸੂਚਨਾ ਨੇ ਪੂਰੇ ਵਿਭਾਗ ਨੂੰ ਹਿਲਾ ਦਿੱਤਾ। ਵਿਭਾਗ ਵੱਲੋਂ ਇਸ ਮਾਮਲੇ 'ਚ ਥਾਣਾ ਸੀ-ਡਵੀਜ਼ਨ ਦੀ ਪੁਲਸ ਨੂੰ ਕਾਰਵਾਈ ਦੇ ਨਿਰਦੇਸ਼ ਦੇ ਨਾਲ ਮਾਮਲਾ ਦਰਜ ਕੀਤਾ ਗਿਆ। ਜਾਂਚ ਦੌਰਾਨ ਮੁਲਜ਼ਮ ਇੰਸਪੈਕਟਰ ਲੰਬੇ ਸਮੇਂ ਤੱਕ ਫਰਾਰ ਰਿਹਾ। 3 ਮਹੀਨੇ ਉਪਰੰਤ ਵਿਭਾਗ ਅਤੇ ਪੁਲਸ ਨੇ ਐਲਾਨ ਕੀਤਾ ਕਿ ਚੋਰੀ ਕੀਤੇ ਗਏ ਮਾਲ ਦੇ ਜਿਨ੍ਹਾਂ 50 ਟਰੱਕਾਂ ਬਾਰੇ ਮਾਮਲਾ ਦਰਜ ਹੋਇਆ ਸੀ ਉਹ ਮਾਲ ਬਰਾਮਦ ਕਰ ਲਿਆ ਗਿਆ ਹੈ ਤੇ ਇਸ ਦੀ ਬਰਾਮਦਗੀ ਇਕ ਮੰਡੀ ਦੇ ਕਿਸੇ ਸਥਾਨ 'ਤੇ ਵਿਖਾ ਦਿੱਤੀ ਗਈ, ਜੋ ਛੱਤ ਤੋਂ ਬਗੈਰ ਸੀ। ਮਾਲ ਦੀ ਬਰਾਮਦਗੀ ਤੋਂ ਬਾਅਦ ਮੁਲਜ਼ਮ ਇੰਸਪੈਕਟਰ ਦੀ ਗ੍ਰਿਫਤਾਰੀ 'ਤੇ ਕਿਸੇ ਰਿਮਾਂਡ ਆਦਿ ਦੀ ਕਾਰਵਾਈ ਇਸ ਲਈ ਕਾਰਗਰ ਸਾਬਿਤ ਨਹੀਂ ਹੋਈ ਕਿਉਂਕਿ ਮਾਲ ਦੀ ਬਰਾਮਦਗੀ ਹੋ ਚੁੱਕੀ ਸੀ ਅਤੇ ਮੁਲਜ਼ਮ ਇੰਸਪੈਕਟਰ ਜ਼ਮਾਨਤ ਲੈਣ ਵਿਚ ਸਫਲ ਹੋ ਗਿਆ ਪਰ ਇਸ ਦੀਆਂ ਕਈ ਕੁੰਡੀਆਂ ਬਾਕੀ ਰਹਿ ਗਈਆਂ।
ਵਿਭਾਗਾਂ ਦੀ ਕਾਰਵਾਈ ਸ਼ੱਕ ਦੇ ਘੇਰੇ 'ਚ
ਕੁਲ ਮਿਲਾ ਕੇ ਇਸ ਮਾਮਲੇ ਵਿਚ ਵਿਭਾਗਾਂ ਦੀ ਕਾਰਵਾਈ ਵੀ ਸ਼ੱਕ ਦੇ ਘੇਰੇ 'ਚ ਰਹੀ। ਨਤੀਜੇ ਵਜੋਂ ਉਸ ਉਪਰੰਤ ਛੋਟੇ-ਮੋਟੇ ਕਣਕ ਘੋਟਾਲੇ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਅਤੇ ਰਫਾ-ਦਫਾ ਹੁੰਦੇ ਰਹੇ ਅਤੇ ਮੌਜੂਦਾ ਸਮੇਂ 'ਚ ਕੁਝ ਮਹੀਨੇ ਪਹਿਲਾਂ ਕਰੋੜਾਂ ਰੁਪਏ ਦਾ ਇਕ ਕਣਕ ਘੋਟਾਲਾ ਹੋਇਆ ਪਰ ਤਦ ਤੱਕ ਨਵੀਂ ਸਰਕਾਰ ਆ ਚੁੱਕੀ ਸੀ ਅਤੇ ਇਸ 'ਤੇ ਸਖਤ ਰੁਖ਼ ਅਪਣਾਉਂਦੇ ਹੋਏ 20 ਤੋਂ ਵੱਧ ਲੋਕਾਂ ਨੂੰ ਸਸਪੈਂਡ ਕੀਤਾ ਗਿਆ ਅਤੇ ਹੁਣ ਕਈ ਲੋਕਾਂ ਦੇ ਹੋਰ ਵੀ ਚਾਰਜਸ਼ੀਟ ਹੋਣ ਦੀ ਸੰਭਾਵਨਾ ਹੈ। ਇਸ ਸਬੰਧ 'ਚ ਜ਼ਿਲਾ ਖੁਰਾਕ ਸਪਲਾਈ ਵਿਭਾਗ ਦੇ ਕੰਟਰੋਲਰ ਸਰਤਾਜ ਸਿੰਘ ਚੀਮਾ ਦਾ ਕਹਿਣਾ ਹੈ ਕਿ ਵਿਭਾਗ ਇਸ ਮਾਮਲੇ ਵਿਚ ਕਾਫੀ ਗੰਭੀਰ ਹੈ ਅਤੇ ਕਿਸੇ ਵੀ ਮੁਲਜ਼ਮ ਨੂੰ ਛੱਡਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿਚ 2 ਸਾਲ ਪਹਿਲਾਂ ਹੋਏ 50 ਟਰੱਕ ਕਣਕ ਘੋਟਾਲੇ ਦੇ ਮਾਮਲੇ 'ਚ ਹਾਲਾਂਕਿ ਮਾਮਲਾ ਕੋਰਟ 'ਚ ਵਿਚਾਰ ਅਧੀਨ ਹੈ ਪਰ ਜਿਨ੍ਹਾਂ ਪਹਿਲੂਆਂ 'ਤੇ ਵਿਭਾਗ ਅਤੇ ਪੁਲਸ ਨੇ ਢਿੱਲੀ ਕਾਰਵਾਈ ਕੀਤੀ ਹੈ, ਉਨ੍ਹਾਂ ਦੇ ਐਂਗਲ ਵੀ ਨਵੇਂ ਸਿਰੇ ਤੋਂ ਖੰਗਾਲੇ ਜਾਣਗੇ।
ਅਕਾਲੀ ਸਰਕਾਰ ਵੇਲੇ ਹੋਏ ਵੱਡੇ ਘੋਟਾਲੇ
ਬੇਸ਼ੱਕ ਅਕਾਲੀ ਸਰਕਾਰ ਵੱਲੋਂ ਚਲਾਈ ਗਈ ਇਸ ਸਕੀਮ 'ਚ ਵੱਡੇ ਘੋਟਾਲੇ ਵੀ ਹੋਏ ਪਰ ਇਨ੍ਹਾਂ ਵੱਡੇ ਘੋਟਾਲਿਆਂ 'ਚ ਪੂਰੇ ਪ੍ਰਦੇਸ਼ 'ਚ ਕਰੋੜਾਂ ਲੋਕਾਂ ਨੂੰ 2 ਰੁਪਏ ਕਿਲੋ ਕਣਕ ਵੀ ਮਿਲੀ, ਹਾਲਾਂਕਿ ਘੋਟਾਲੇ ਕਾਰਨ ਸਰਕਾਰ ਦੇ ਅਕਸ ਨੂੰ ਅਸਰ ਪਿਆ ਪਰ ਇਨ੍ਹਾਂ ਘੋਟਾਲਿਆਂ 'ਚ ਵੀ ਸਰਕਾਰ ਬਰਾਬਰ ਕਣਕ ਦੀ ਖੇਪ ਭੇਜਦੀ ਰਹੀ ਪਰ ਅਮਰਿੰਦਰ ਸਿੰਘ ਸਰਕਾਰ ਨੇ ਸਿਰਫ ਆਪਣੇ ਕਾਰਜਕਾਲ 'ਚ ਇਨ੍ਹਾਂ ਘੋਟਾਲਿਆਂ ਦਾ ਖੁਲਾਸਾ ਕਰਨ ਦੇ ਦਾਅਵਿਆਂ 'ਚ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਭ੍ਰਿਸ਼ਟ ਲੋਕਾਂ 'ਤੇ ਕਾਰਵਾਈ ਕਰ ਰਹੇ ਹਨ ਪਰ ਗਰੀਬਾਂ ਨੂੰ ਕਣਕ ਦਾ ਇਕ ਦਾਣਾ ਨਹੀਂ ਮਿਲਿਆ। ਸਿਰਫ ਘੋਟਾਲੇ ਕਰਨ ਵਾਲਿਆਂ 'ਤੇ ਕਾਰਵਾਈ ਕਰਨ ਦੇ ਦਾਅਵੇ ਕਰ ਕੇ ਲੋਕਾਂ ਨੂੰ ਖੁਸ਼ ਕੀਤਾ ਜਾ ਰਿਹਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਘੋਟਾਲਿਆਂ ਦਾ ਪਰਦਾਫਾਸ਼ ਕਰਨ ਦੇ ਨਾਲ-ਨਾਲ ਲੋਕਾਂ ਨੂੰ ਖਾਣ ਲਈ ਕਣਕ ਵੀ ਦੇਵੇ।
ਫਤਿਹਗੜ੍ਹ ਸਾਹਿਬ ਨੂੰ ਟੂਰਿਸਟ ਸਰਕਟ ਦੇ ਤੌਰ 'ਤੇ ਵਿਕਸਿਤ ਕੀਤਾ ਜਾਵੇਗਾ : ਸਿੱਧੂ
NEXT STORY