ਲੁਧਿਆਣਾ/ਹੰਬੜਾਂ (ਅਨਿਲ/ਸਤਨਾਮ) : ਥਾਣਾ ਲਾਡੋਵਾਲ ਅਧੀਨ ਆਉਂਦੀ ਪੁਲਸ ਚੌਂਕੀ ਹੰਬੜਾਂ ਦੇ ਇਲਾਕੇ ’ਚ ਇਕ ਔਰਤ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਕਤਲ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਏ. ਡੀ. ਸੀ. ਪੀ. ਸੰਦੀਪ ਸ਼ਰਮਾ, ਏ. ਡੀ. ਸੀ. ਪੀ. ਜਗਤਪ੍ਰੀਤ ਸਿੰਘ, ਏ. ਸੀ. ਪੀ. ਤਲਵਿੰਦਰ ਸਿੰਘ ਗਿੱਲ, ਥਾਣਾ ਮੁਖੀ ਜਸਵੀਰ ਸਿੰਘ ਅਤੇ ਚੌਕੀ ਭੀਸ਼ਣ ਦੇਵ ਭਾਰੀ ਪੁਲਸ-ਫੋਰਸ ਨਾਲ ਪੁੱਜੇ। ਮੌਕੇ ’ਤੇ ਮੌਜੂਦ ਲੋਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 26 ਦਿਨ ਪਹਿਲਾਂ ਉਕਤ ਮਕਾਨ ’ਚ ਅਮਿਤ ਸੁਦਾਏ, ਆਪਣੀ ਪਤਨੀ ਬਬੀਤਾ, ਸਾਲੀ ਅਨੀਤਾ ਅਤੇ ਦੋ ਬੱਚਿਆਂ ਨਾਲ ਕਿਰਾਏ ’ਤੇ ਰਹਿਣ ਲਈ ਆਇਆ ਸੀ।
ਉਨ੍ਹਾਂ 26 ਦਿਨਾਂ ’ਚ ਇਨ੍ਹਾਂ ਤਿੰਨਾਂ ਵਿਚਾਲੇ ਆਪਸ ’ਚ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੁੰਦਾ ਰਹਿੰਦਾ ਸੀ। ਜਦੋਂ ਸਵੇਰ ਵੇਲੇ ਮਕਾਨ ਦਾ ਕੇਅਰਟੇਕਰ ਜਿਵਸ਼ ਕੁਮਾਰ ਮਕਾਨ ’ਚ ਆਇਆ ਤਾਂ ਦੇਖਿਆ ਕਿ ਅਮਿਤ ਦੇ ਕਮਰੇ ਨੂੰ ਬਾਹਰੋਂ ਤਾਲਾ ਲੱਗਾ ਹੋਇਆ ਸੀ। ਜਦੋਂ ਉਸ ਨੇ ਅੰਦਰ ਝਾਤ ਮਾਰ ਕੇ ਦੇਖਿਆ ਤਾਂ ਕਮਰੇ ਦੇ ਅੰਦਰ ਮੰਜੇ ’ਤੇ ਇਕ ਔਰਤ ਦੀ ਲਾਸ਼ ਪਈ ਹੋਈ ਸੀ, ਜਿਸ ਤੋਂ ਬਾਅਦ ਉਸ ਨੇ ਸੂਚਨਾ ਪੁਲਸ ਨੂੰ ਦਿੱਤੀ ਅਤੇ ਕੁੱਝ ਹੀ ਸਮੇਂ ਬਾਅਦ ਮੌਕੇ ’ਤੇ ਹੰਬੜਾਂ ਚੌਂਕੀ ਇੰਚਾਰਜ ਭੀਸ਼ਣ ਦੇਵ ਪੁਲਸ ਪਾਰਟੀ ਨਾਲ ਪੁੱਜੇ। ਪੁਲਸ ਟੀਮ ਦਰਵਾਜ਼ੇ ਦਾ ਤਾਲਾ ਤੋੜ ਕੇ ਅੰਦਰ ਦਾਖ਼ਲ ਹੋਈ ਤਾਂ ਦੇਖਿਆ ਕਿ ਔਰਤ ਦੀ ਲਾਸ਼ ਪਈ ਹੋਈ ਹੈ ਅਤੇ ਔਰਤ ਦੀ ਧੌਣ ’ਤੇ ਨਿਸ਼ਾਨ ਬਣੇ ਹੋਏ ਹਨ, ਜਿਵੇਂ ਔਰਤ ਦਾ ਕਤਲ ਗਲਾ ਘੁੱਟ ਕੇ ਕੀਤਾ ਗਿਆ ਹੋਵੇ।
ਕਤਲ ਦੀ ਸੂਚਨਾ ਮਿਲਦੇ ਹੀ ਪੁਲਸ ਦੇ ਉੱਚ ਅਧਿਕਾਰੀ ਮੌਕੇ ’ਤੇ ਪੁੱਜੇ, ਜਿਨ੍ਹਾਂ ਨੇ ਲਾਸ਼ ਕਬਜ਼ੇ ’ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਔਰਤ ਦੀ ਪਛਾਣ ਅਨੀਤਾ (24) ਦੇ ਰੂਪ ਵਿਚ ਕੀਤੀ ਗਈ, ਜੋ ਆਪਣੀ ਭੈਣ ਬਬੀਤਾ, ਜੀਜਾ ਅਮਿਤ ਸੁਦਾਏ ਅਤੇ ਉਨ੍ਹਾਂ ਦੇ ਦੋ ਬੱਚਿਆਂ ਨਾਲ ਕਮਰੇ ਵਿਚ 26 ਦਿਨਾਂ ਤੋਂ ਰਹਿ ਰਹੀ ਸੀ। ਉਕਤ ਮ੍ਰਿਤਕ ਔਰਤ ਦੇ ਜੀਜਾ ਅਤੇ ਭੈਣ ਆਪਣੇ ਬੱਚਿਆਂ ਸਮੇਤ ਮੌਕੇ ਤੋਂ ਫ਼ਰਾਰ ਹੋ ਚੁੱਕੇ ਸਨ। ਥਾਣਾ ਮੁਖੀ ਜਸਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤ ਦੀ ਲਾਸ਼ ਆਕੜ ਚੁੱਕੀ ਸੀ, ਜਿਸ ਤੋਂ ਇਹ ਲੱਗ ਰਿਹਾ ਸੀ ਕਿ ਲਾਸ਼ ਇਕ ਦਿਨ ਤੋਂ ਜ਼ਿਆਦਾ ਪੁਰਾਣੀ ਹੈ। ਜੀਜੇ ਅਤੇ ਭੈਣ ਦੇ ਫ਼ਰਾਰ ਹੋਣ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਅਨੀਤਾ ਦਾ ਕਤਲ ਕਰਨ ਤੋਂ ਬਾਅਦ ਮਕਾਨ ਨੂੰ ਬਾਹਰੋਂ ਜਿੰਦਾ ਮਾਰ ਕੇ ਫ਼ਰਾਰ ਹੋ ਗਏ। ਪੁਲਸ ਮ੍ਰਿਤਕ ਔਰਤ ਦੇ ਜੀਜੇ ਅਮਿਤ ਅਤੇ ਭੈਣ ਬਬੀਤਾ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿਤਾ ਤੇ ਦਾਦੇ ਦੀ ਘਿਨਾਉਣੀ ਹਰਕਤ ਨੂੰ ਜਾਣ ਹੋਵੋਗੇ ਹੈਰਾਨ, ਬੱਚੇ ਨੂੰ ਕੀਤਾ ਅਗਵਾ
NEXT STORY