ਲੁਧਿਆਣਾ (ਰਾਜ): ਪਤਨੀ ਦੇ ਕਥਿਤ ਨਾਜਾਇਜ਼ ਸਬੰਧਾਂ ਅਤੇ ਉਸ ਕਾਰਨ ਸ਼ੁਰੂ ਹੋਏ ਪਰਿਵਾਰਕ ਕਲੇਸ਼ ਤੋਂ ਦੁਖੀ ਹੋ ਕੇ ਇਕ ਨੌਜਵਾਨ ਨੇ ਘਰ ਵਿਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਗਗਨਦੀਪ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਅਨੁਸਾਰ, ਉਨ੍ਹਾਂ ਦੀ ਨੂੰਹ ਦੇ ਵਿਆਹ ਤੋਂ ਪਹਿਲਾਂ ਵੀ ਇਕ ਨੌਜਵਾਨ ਨਾਲ ਸਬੰਧ ਸਨ ਅਤੇ ਵਿਆਹ ਦੇ ਕੁਝ ਮਹੀਨਿਆਂ ਬਾਅਦ ਫੈਕਟਰੀ ਵਿਚ ਕੰਮ ਕਰਨ ਦੌਰਾਨ ਉਸ ਨੇ ਇਕ ਹੋਰ ਨੌਜਵਾਨ ਨਾਲ ਨਾਜਾਇਜ਼ ਸਬੰਧ ਬਣਾ ਲਏ। ਇਨ੍ਹਾਂ ਸਬੰਧਾਂ ਅਤੇ ਲਗਾਤਾਰ ਮਿਲ ਰਹੇ ਮਾਨਸਿਕ ਤਣਾਅ ਤੋਂ ਪਰੇਸ਼ਾਨ ਹੋ ਕੇ ਗਗਨਦੀਪ ਨੇ ਮੌਤ ਨੂੰ ਗਲੇ ਲਗਾ ਲਿਆ। ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ 'ਤੇ ਮੁਲਜ਼ਮ ਪਤਨੀ ਰਜਨੀਤ ਕੌਰ, ਅੰਮ੍ਰਿਤਪਾਲ ਸਿੰਘ ਅਤੇ ਸਾਹਿਲ ਦੇ ਖ਼ਿਲਾਫ਼ ਖ਼ੁਦਕੁਸ਼ੀ ਲਈ ਉਕਸਾਉਣ ਦਾ ਅਪਰਾਧਿਕ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਅਮਰੀਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਗਗਨਦੀਪ ਸਿੰਘ ਦਾ ਵਿਆਹ ਫਰਵਰੀ 2025 ਵਿਚ ਰੀਤੀ-ਰਿਵਾਜ਼ਾਂ ਅਨੁਸਾਰ ਰਜਨੀਤ ਕੌਰ ਨਾਲ ਹੋਇਆ ਸੀ। ਉਨ੍ਹਾਂ ਨੂੰ ਬਾਅਦ ਵਿਚ ਪਤਾ ਲੱਗਾ ਕਿ ਵਿਆਹ ਤੋਂ ਪਹਿਲਾਂ ਹੀ ਰਜਨੀਤ ਕੌਰ ਦੇ ਅੰਮ੍ਰਿਤਪਾਲ ਸਿੰਘ ਨਾਮਕ ਨੌਜਵਾਨ ਨਾਲ ਨਾਜਾਇਜ਼ ਸਬੰਧ ਸਨ, ਜਿਸ ਦੀ ਜਾਣਕਾਰੀ ਵਿਆਹ ਸਮੇਂ ਉਨ੍ਹਾਂ ਦੇ ਪਰਿਵਾਰ ਨੂੰ ਨਹੀਂ ਸੀ। ਵਿਆਹ ਤੋਂ ਬਾਅਦ ਵੀ ਇਸ ਗੱਲ ਨੂੰ ਲੈ ਕੇ ਘਰ ਵਿਚ ਅਕਸਰ ਮਨਮੁਟਾਵ ਦੀ ਸਥਿਤੀ ਬਣੀ ਰਹਿੰਦੀ ਸੀ। ਵਿਆਹ ਦੇ ਕਰੀਬ 6 ਮਹੀਨੇ ਬੀਤਣ ਤੋਂ ਬਾਅਦ ਉਨ੍ਹਾਂ ਦੀ ਨੂੰਹ ਰਜਨੀਤ ਕੌਰ ਨੇ ਗਿਆਸਪੁਰਾ (ਲੁਧਿਆਣਾ) ਸਥਿਤ ਫੈਕਟਰੀ ਵਿਚ ਅਕਾਊਂਟਸ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਦੋਸ਼ ਹੈ ਕਿ ਉੱਥੇ ਕੰਮ ਕਰਨ ਦੌਰਾਨ ਰਜਨੀਤ ਕੌਰ ਨੇ ਸਾਹਿਲ ਸਰਾਓ ਨਾਮਕ ਨੌਜਵਾਨ ਨਾਲ ਵੀ ਨਾਜਾਇਜ਼ ਸਬੰਧ ਕਾਇਮ ਕਰ ਲਏ। ਇਸ ਗੱਲ ਦਾ ਪਤਾ ਲੱਗਣ 'ਤੇ ਗਗਨਦੀਪ ਸਿੰਘ ਬੁਰੀ ਤਰ੍ਹਾਂ ਟੁੱਟ ਗਿਆ। ਉਸ ਨੇ ਆਪਣੀ ਪਤਨੀ ਨੂੰ ਇਨ੍ਹਾਂ ਗਲਤ ਹਰਕਤਾਂ ਤੋਂ ਬਾਜ਼ ਆਉਣ ਅਤੇ ਗ੍ਰਹਿਸਥੀ ਬਚਾਉਣ ਲਈ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਪਤਨੀ ਨੇ ਉਸ ਦੀ ਇਕ ਨਾ ਸੁਣੀ ਅਤੇ ਉਸ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਦੀ ਰਹੀ।
ਪਤਨੀ ਦੀ ਬੇਵਫ਼ਾਈ, ਨਾਜਾਇਜ਼ ਸਬੰਧਾਂ ਅਤੇ ਕਲੇਸ਼ ਤੋਂ ਤੰਗ ਆ ਕੇ ਗਗਨਦੀਪ ਸਿੰਘ ਡਿਪ੍ਰੈਸ਼ਨ ਵਿਚ ਚਲਾ ਗਿਆ। ਬੀਤੀ 23 ਸਤੰਬਰ ਦੀ ਸਵੇਰ ਕਰੀਬ 07:30 ਵਜੇ ਗਗਨਦੀਪ ਨੇ ਫਾਹਾ ਲੈ ਲਿਆ। ਪਰਿਵਾਰਕ ਮੈਂਬਰਾਂ ਨੇ ਜਦੋਂ ਤਕ ਉਸ ਨੂੰ ਹੇਠਾਂ ਉਤਾਰਿਆ ਗਿਆ, ਉਦੋਂ ਤੱਕ ਉਸ ਦੀ ਜਾਨ ਜਾ ਚੁੱਕੀ ਸੀ। ਜਵਾਨ ਪੁੱਤਰ ਦੀ ਅਚਾਨਕ ਮੌਤ ਨਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਪਤਨੀ ਰਜਨੀਤ ਕੌਰ, ਅੰਮ੍ਰਿਤਪਾਲ ਸਿੰਘ ਅਤੇ ਸਾਹਿਲ ਸਰਾਓ ਦੇ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੀਆਂ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਮੋਬਾਈਲ ਫੋਨ ਦੀ ਕਾਲ ਡਿਟੇਲ ਅਤੇ ਚੈਟਸ ਦੀ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਆਬਕਾਰੀ ਇੰਸਪੈਕਟਰ ਹਰਸਿਮਰਨ ਸਿੰਘ 'ਤੇ ਸ਼ਰਾਬ ਮਾਫੀਆ ਵੱਲੋਂ ਹਮਲਾ
NEXT STORY