ਤਰਨਤਾਰਨ (ਰਮਨ)-ਪੰਜਾਬ ਸਰਕਾਰ ਵੱਲੋਂ ਸੂਬੇ ਭਰ ’ਚ ਸਮੂਹ ਵਾਹਨਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟਾਂ ਲਾਉਣਾ ਲਾਜ਼ਮੀ ਕਰ ਦਿੱਤਾ ਗਿਆ ਸੀ, ਜਿਸ ਲਈ ਆਖਰੀ ਮਿਤੀ ਬੀਤੇ ਸਾਲ ਦਸੰਬਰ ਤੱਕ ਰੱਖੀ ਗਈ ਸੀ ਪਰ ਇਸ ਮਿਤੀ ਦੇ ਨਿਕਲਣ ਤੋਂ ਬਾਅਦ ਵੀ ਵਾਹਨ ਚਾਲਕ ਆਪਣੇ ਵਾਹਨਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟਾਂ ਨੂੰ ਲਵਾਉਣ ਲਈ ਜਿੱਥੇ ਕੋਈ ਦਿਲਚਸਪੀ ਨਹੀਂ ਵਿਖਾ ਰਹੇ ਹਨ, ਉਥੇ ਹੀ ਪੁਲਸ ਦੀ ਢਿੱਲੀ ਕਾਰਵਾਈ ਵੀ ਸਾਹਮਣੇ ਨਜ਼ਰ ਆ ਰਹੀ ਹੈ। ਦੱਸਣਯੋਗ ਹੈ ਕਿ ਨੰਬਰ ਪਲੇਟਾਂ ਲਾਉਣ ਵਾਲੀ ਏਜੰਸੀ ਦੇ ਦਫਤਰ ’ਚ 25 ਹਜ਼ਾਰ ਹਾਈ ਸਕਿਓਰਿਟੀ ਨੰਬਰ ਪਲੇਟਾਂ ਬਣ ਕੇ ਤਿਆਰ ਹਨ ਪਰ ਉਸ ਨੂੰ ਲਵਾਉਣ ਲਈ ਸਬੰਧਤ ਵਾਹਨਾਂ ਦੇ ਮਾਲਕ ਨਹੀਂ ਪੁੱਜੇ ਹਨ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਭਰ ’ਚ ਬਿਨਾਂ ਨੰਬਰ ਪਲੇਟਾਂ ਤੋਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਘੁੰਮ ਰਹੇ ਮੋਟਰਸਾਈਕਲਾਂ ਅਤੇ ਹੋਰ ਵਾਹਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ’ਚ ਪੁਲਸ ਦਾ ਰਵੱਈਆ ਕੁਝ ਨਰਮ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ- 23 ਅਤੇ 24 ਅਪ੍ਰੈਲ ਨੂੰ ਲੈ ਕੇ ਪੰਜਾਬ ਵਿਚ ਹੋ ਗਿਆ ਵੱਡਾ ਐਲਾਨ
ਪੰਜਾਬ ’ਚ ਵੱਖ-ਵੱਖ ਸਰਕਾਰਾਂ ਵੱਲੋਂ ਵਾਹਨਾਂ ਦੀ ਚੋਰੀ ਨੂੰ ਰੋਕਣ ਅਤੇ ਹਾਦਸਿਆਂ ’ਤੇ ਨਕੇਲ ਪਾਉਣ ਦੇ ਮਕਸਦ ਨਾਲ ਵਾਹਨਾਂ ਦੇ ਅੱਗੇ ਅਤੇ ਪਿੱਛੇ ਹਾਈ ਸਕਿਓਰਿਟੀ ਨੰਬਰ ਪਲੇਟਾਂ ਲਾਉਣ ਦਾ ਸਿਲਸਿਲਾ ਬੀਤੇ ਕਈ ਸਾਲਾਂ ਤੋਂ ਸ਼ੁਰੂ ਕੀਤਾ ਜਾ ਚੁੱਕਾ ਹੈ, ਜਿਸ ਨੂੰ ਅੱਜ ਤੱਕ ਪੂਰਨ ਰੂਪ ’ਚ ਅਮਲੀ ਜਾਮਾ ਨਹੀਂ ਪਹਿਨਾਇਆ ਜਾ ਸਕਿਆ। ਇਸ ਕੰਮ ਨੂੰ ਪੂਰਨ ਰੂਪ ’ਚ ਅਮਲੀ ਜਾਮਾ ਪਹਿਨਾਉਣ ਲਈ ਪੰਜਾਬ ਸਰਕਾਰ ਵੱਲੋਂ ਬੀਤੇ ਸਾਲ ਦਸੰਬਰ ਤੱਕ ਦਾ ਸਮਾਂ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਵਾਹਨ ਚਾਲਕ ਨੂੰ 5 ਹਜ਼ਾਰ ਰੁਪਏ ਦਾ ਜੁਰਮਾਨਾ ਦੇਣ ਲਈ ਤਿਆਰ ਰਹਿਣ ਦੇ ਆਦੇਸ਼ ਵੀ ਜਾਰੀ ਕਰ ਦਿੱਤੇ ਗਏ ਸਨ ਪਰ ਬੀਤੇ 8 ਦਸੰਬਰ ਦੀ ਆਖਰੀ ਤਰੀਕ ਤੋਂ ਬਾਅਦ ਵੀ ਲੋਕਾਂ ’ਚ ਇਸ ਪ੍ਰਤੀ ਕੋਈ ਜਾਗਰੂਕਤਾ ਨਜ਼ਰ ਨਹੀਂ ਆ ਰਹੀ ਹੈ, ਜਿਸ ਦਾ ਮੁੱਖ ਕਾਰਨ ਟ੍ਰੈਫਿਕ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਵਾਹਨ ਚਾਲਕਾਂ ਨੂੰ ਕਾਨੂੰਨ ਦਾ ਪਾਠ ਪੜ੍ਹਾਉਣ ਵਾਲੇ ਪੁਲਸ ਕਰਮਚਾਰੀ ਵੀ ਆਪਣੇ ਵਾਹਨਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟਾਂ ਨਹੀਂ ਲਾ ਰਹੇ ਹਨ ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜ਼ਿਲੇ ਭਰ ’ਚ ਅੱਜ ਵੀ ਕਈ ਅਜਿਹੇ ਵਾਹਨ ਘੁੰਮ ਰਹੇ ਹਨ, ਜਿਨ੍ਹਾਂ ’ਤੇ ਕਾਲੀਆਂ ਨੰਬਰ ਪਲੇਟਾਂ ਲੱਗੀਆਂ ਹੋਈਆਂ ਹਨ ਜੋ ਟ੍ਰੈਫਿਕ ਪੁਲਸ ਨੂੰ ਮੂੰਹ ਚਿੜਾਉਂਦੀਆਂ ਨਜ਼ਰ ਆਉਂਦੀਆਂ ਹਨ। ਜ਼ਿਲ੍ਹੇ ’ਚ ਰੋਜ਼ਾਨਾ ਹੋ ਰਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਜ਼ਿਆਦਾਤਰ ਵਾਹਨ ਬਿਨਾਂ ਨੰਬਰ ਪਲੇਟਾਂ ਵਾਲੇ ਵਰਤੋਂ ’ਚ ਲਿਆਂਦੇ ਜਾ ਰਹੇ ਹਨ, ਜਿਸ ਕਰਕੇ ਪੁਲਸ ਨੂੰ ਮੁਲਜ਼ਮਾਂ ਤੱਕ ਪਹੁੰਚਣ ’ਚ ਕਾਫੀ ਜ਼ਿਆਦਾ ਮੁਸ਼ਕਿਲ ਪੇਸ਼ ਆ ਰਹੀ ਹੈ। ਜੇ ਪੁਲਸ ਵੱਲੋਂ ਸਖ਼ਤੀ ਕੀਤੀ ਜਾਵੇ ਅਤੇ ਵਾਹਨਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟਾਂ ਨੂੰ ਸਖ਼ਤੀ ਨਾਲ ਲਾਜ਼ਮੀ ਕੀਤਾ ਜਾਵੇ ਤਾਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦੀ ਆਸਾਨੀ ਨਾਲ ਭਾਲ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ- ਤਰਨਤਾਰਨ 'ਚ ਅੰਮ੍ਰਿਤਧਾਰੀ ਔਰਤ ਦੇ ਕਤਲ ਕਾਂਡ 'ਚ ਨਵਾਂ ਮੋੜ
ਹਰ ਵਾਹਨ ਚਾਲਕ ਨੂੰ ਆਪਣੀ ਆਰ. ਸੀ. ਨਾਲ ਮੋਬਾਈਲ ਫੋਨ ਲਿੰਕ ਕਰਵਾਉਣਾ ਲਾਜ਼ਮੀ
ਸਥਾਨਕ ਟਰਾਂਸਪੋਰਟ ਦਫ਼ਤਰ ਦੇ ਨਜ਼ਦੀਕ ਮੌਜੂਦ ਐਗਰੋਸ ਇੰਪੈਕਸ ਇੰਡੀਆ ਪ੍ਰਾਈਵੇਟ ਲਿਮਟਿਡ ਦਫਤਰ ਦੇ ਸੁਪਰਵਾਈਜ਼ਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ‘‘ਲੋਕਾਂ ਵੱਲੋਂ 25000 ਤੋਂ ਵੱਧ ਹਾਈ ਸਕਿਓਰਿਟੀ ਨੰਬਰ ਪਲੇਟਾਂ ਲਈ ਅਪਲਾਈ ਕੀਤਾ ਗਿਆ ਸੀ ਜੋ ਤਿਆਰ ਹੋ ਚੁੱਕੀਆਂ ਹਨ ਪਰ ਉਨ੍ਹਾਂ ਵੱਲੋਂ ਇਸ ਨੂੰ ਆਪਣੇ ਵਾਹਨ ’ਤੇ ਲਵਾਉਣਾ ਮੁਨਾਸਿਬ ਨਹੀਂ ਸਮਝਿਆ ਜਾ ਰਿਹਾ ਹੈ। ਹਰ ਵਾਹਨ ਚਾਲਕ ਨੂੰ ਆਪਣੀ ਆਰ. ਸੀ. ਨਾਲ ਮੋਬਾਈਲ ਫੋਨ ਲਿੰਕ ਕਰਵਾਉਣਾ ਲਾਜ਼ਮੀ ਹੋ ਚੁੱਕਾ ਹੈ, ਜਿਸ ਲਈ ਉਸ ਨੂੰ ਦਫਤਰ ’ਚ ਆ ਕੇ ਸੰਪਰਕ ਕਰਨ ਦੀ ਲੋੜ ਹੈ। ਜੇ ਵਾਹਨ ਚਾਲਕ ਦਾ ਮੋਬਾਈਲ ਫੋਨ ਆਰ. ਸੀ. ਨਾਲ ਰਜਿਸਟਰ ਨਹੀਂ ਹੁੰਦਾ ਤਾਂ ਉਸ ਨੂੰ ਆਪਣੇ ਵਾਹਨ ਨਾਲ ਸਬੰਧਤ ਵੱਖ-ਵੱਖ ਕੰਮਾਂ ਲਈ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।’’
ਇਹ ਵੀ ਪੜ੍ਹੋ- Punjab: ਇਕੱਲੀ ਔਰਤ ਨੂੰ ਵੇਖ ਘਰ ਵੜ੍ਹ ਗਏ 3 ਵਿਅਕਤੀ, ਫਿਰ ਕੀਤਾ ਅਜਿਹਾ ਕਾਰਾ ਸੁਣ ਕੇ ਉੱਡ ਜਾਣਗੇ ਹੋਸ਼
ਐਗਰੋਸ ਇੰਪੈਕਸ ਇੰਡੀਆ ਪ੍ਰਾਈਵੇਟ ਲਿਮਟਿਡ ਦਫਤਰ ਦੇ ਸੁਪਰਵਾਈਜ਼ਰ ਹਰਪ੍ਰੀਤ ਸਿੰਘ ਨੇ ਕਿਹਾ ਕਿ ‘‘ਸਰਕਾਰ ਵੱਲੋਂ ਹਾਈ ਸਕਿਓਰਿਟੀ ਨੰਬਰ ਪਲੇਟਾਂ ਲਾਉਣ ਦੇ ਜਾਰੀ ਕੀਤੇ ਆਦੇਸ਼ ਸਿਰਫ ਆਮ ਲੋਕਾਂ ਲਈ ਹਨ। ਜੇ ਪੁਲਸ ਵੱਲੋਂ ਸਖ਼ਤੀ ਨਾਲ ਮੋਟਰਸਾਈਕਲਾਂ ਅਤੇ ਹੋਰ ਵਾਹਨਾਂ ਦੀ ਜਾਂਚ ਕੀਤੀ ਜਾਵੇ ਤਾਂ ਕਈ ਅਹਿਮ ਖੁਲਾਸੇ ਹੋ ਸਕਦੇ ਹਨ। ਰੋਜ਼ਾਨਾ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਮੁਲਜ਼ਮਾਂ ਵੱਲੋਂ ਬਿਨਾਂ ਨੰਬਰੀ ਮੋਟਰਸਾਈਕਲਾਂ ਦੀ ਵਰਤੋਂ ਧੜੱਲੇ ਨਾਲ ਪੁਲਸ ਦੀਆਂ ਅੱਖਾਂ ਸਾਹਮਣੇ ਕੀਤੀ ਜਾ ਰਹੀ ਹੈ ਪਰ ਪੁਲਸ ਦੀ ਇਸ ਕਾਰਵਾਈ ’ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ, ਜਿਸ ਨੂੰ ਗੰਭੀਰਤਾ ਨਾਲ ਲੈਣਾ ਬਹੁਤ ਜ਼ਰੂਰੀ ਹੈ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਨ ਸਰਕਾਰ ਨੇ ਮੰਡੀਆਂ 'ਚ ਕੰਮ ਕਰਦੇ ਮਜ਼ਦੂਰਾਂ ਨੂੰ ਵੱਡੀ ਰਾਹਤ ਦਿੰਦਿਆਂ ਮਜ਼ਦੂਰੀ ਰੇਟ 'ਚ ਕੀਤਾ ਵਾਧਾ: ਮੰਤਰੀ ਕਟਾਰੂ
NEXT STORY