ਗੁਰਦਾਸਪੁਰ, (ਵਿਨੋਦ, ਦੀਪਕ)- ਅੱਜ ਮਜ਼ਦੂਰ ਮੁਕਤੀ ਮੋਰਚਾ ਅਤੇ ਏਕਟੂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਾਂਝੇ ਤੌਰ 'ਤੇ ਗੁਰੂ ਨਾਨਕ ਪਾਰਕ ਵਿਖੇ ਰੈਲੀ ਕਰਨ ਉਪਰੰਤ ਸ਼ਹਿਰ 'ਚ ਪ੍ਰਦਰਸ਼ਨ ਕੀਤਾ ਅਤੇ ਡਿਪਟੀ ਕਮਿਸ਼ਨਰ ਦੇ ਦਫਤਰ ਮੂਹਰੇ ਮੰਗਾਂ ਮਨਵਾਉਣ ਲਈ ਧਰਨਾ ਦਿੱਤਾ।
ਇਸ ਸਮੇਂ ਜ਼ਿਲਾ ਪ੍ਰਧਾਨ ਵਿਜੇ ਕੁਮਾਰ ਸੋਹਲ, ਕਾ. ਸੁਖਦੇਵ ਸਿੰਘ ਭਾਗੋਕਾਵਾਂ, ਅਸ਼ਵਨੀ ਕੁਮਾਰ ਲਖਣਕਲਾਂ, ਕਾ. ਗੁਲਜ਼ਾਰ ਸਿੰਘ ਭੁੰਬਲੀ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਗੁਰਮੀਤ ਸਿੰਘ ਬਖਤਪੁਰਾ ਨੇ ਕਿਹਾ ਕਿ ਸਮਾਜ 'ਚ ਸਭ ਤੋਂ ਵਧੇਰੇ ਗਰੀਬ ਵਰਗ ਮਜ਼ਦੂਰਾਂ ਦੀਆਂ ਮੰਗਾਂ ਵੱਲ ਕੋਈ ਵੀ ਸਰਕਾਰ ਤਵੱਜੋਂ ਨਹੀਂ ਦੇ ਰਹੀ। ਮਜ਼ਦੂਰਾਂ ਨੂੰ ਗਾਰੰਟੀ ਨਾਲ ਮਨਰੇਗਾ ਰੁਜ਼ਗਾਰ 5 ਫੀਸਦੀ ਵੀ ਨਹੀਂ ਦਿੱਤਾ ਜਾ ਰਿਹਾ, ਖੁਦ ਅਫਸਰਸ਼ਾਹੀ ਇਸ ਕਾਨੂੰਨ ਦੀਆਂ ਧੱਜੀਆਂ ਉਡਾ ਰਹੀ ਹੈ।
ਸ਼ਹਿਰਾਂ ਅਤੇ ਪਿੰਡਾਂ ਵਿਚ ਹਜ਼ਾਰਾਂ ਬੇਘਰੇ ਪਰਿਵਾਰ ਪਲਾਟ ਅਤੇ ਰਿਹਾਇਸ਼ ਲਈ ਸਰਕਾਰਾਂ ਦੇ ਵਾਅਦਿਆਂ ਨਾਲ ਵਾਰ-ਵਾਰ ਠੱਗੇ ਮਹਿਸੂਸ ਕਰ ਰਹੇ ਹਨ। ਉਸਾਰੀ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਨੂੰ ਆਨ-ਲਾਈਨ ਕਰ ਕੇ ਉਸਾਰੀ ਭਲਾਈ ਬੋਰਡ ਨੇ ਮਜ਼ਦੂਰਾਂ ਦੀ ਪਹੁੰਚ ਤੋਂ ਦੂਰ ਕਰ ਦਿੱਤਾ ਹੈ।
ਭਲਾਈ ਬੋਰਡ ਅਤੇ ਸਰਕਾਰ ਵੱਲੋਂ ਘਰ-ਘਰ ਰੁਜ਼ਗਾਰ ਦੇਣ ਜਾਂ ਬੇਰੁਜ਼ਗਾਰੀ ਭੱਤਾ ਦੇਣ, ਪਿੰਡਾਂ 'ਚ ਬੇਘਰਿਆਂ ਨੂੰ ਪਲਾਟ ਅਤੇ ਸ਼ਹਿਰਾਂ 'ਚ ਫਲੈਟ ਦੇਣ ਵਰਗੇ ਸਾਰੇ ਵਾਅਦੇ ਝੂਠੇ ਸਾਬਤ ਹੋਏ ਹਨ ਤੇ ਪੰਜਾਬ ਦੇ ਕਰੀਬ 1 ਕਰੋੜ ਮਜ਼ਦੂਰਾਂ ਨਾਲ ਧੋਖਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਮਨਰੇਗਾ ਨੂੰ 100 ਦਿਨ ਲਈ ਲਾਗੂ ਕਰਨ ਵਾਸਤੇ ਅਫਸਰਸ਼ਾਹੀ ਨੂੰ ਚੁਸਤ-ਦਰੁਸਤ ਕਰੇ, ਹਰ ਬੇਘਰੇ ਨੂੰ ਪਲਾਟ, ਰਿਹਾਇਸ਼ ਅਤੇ ਮਕਾਨ ਬਣਾਉਣ ਲਈ ਗ੍ਰਾਂਟ ਦਿੱਤੀ ਜਾਵੇ, ਘਰਾਂ ਵਿਚ ਪਖਾਨੇ ਬਣਾਉਣ ਲਈ ਤੇਜ਼ੀ ਲਿਆਂਦੀ ਜਾਵੇ, ਉਸਾਰੀ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਲਈ ਈ- ਮੇਲ ਬੰਦ ਕਰ ਕੇ ਆਨ-ਲਾਈਨ ਰਜਿਸਟ੍ਰੇਸ਼ਨ ਜਾਰੀ ਰੱਖੀ ਜਾਵੇ, ਮਨਰੇਗਾ ਦੇ ਕੀਤੇ ਕੰਮ ਦੇ ਬਕਾਏ ਜਾਰੀ ਕੀਤੇ ਜਾਣ, ਮਜ਼ਦੂਰ ਮਸਲਿਆਂ ਵੱਲ ਧਿਆਨ ਨਾ ਦੇਣ ਵਾਲੇ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਬਸ਼ੀਰ ਗਿੱਲ, ਬਲਬੀਰ ਰੰਧਾਵਾ, ਰਣਜੀਤ ਕੌਰ, ਅਸ਼ਵਨੀ ਕੁਮਾਰ ਹੈਪੀ ਆਦਿ ਹਾਜ਼ਰ ਸਨ।
ਨਸ਼ੀਲੇ ਕੈਪਸੂਲਾਂ ਸਮੇਤ ਕਾਬੂ
NEXT STORY