ਨਵੀਂ ਦਿੱਲੀ/ਜਲੰਧਰ (ਲਾਭ ਸਿੰਘ ਸਿੱਧੂ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਵਰਲਡ ਫੂਡ ਇੰਡੀਆ (ਡਬਲਿਊ. ਐੱਫ. ਆਈ.) 2017 ਨੇ ਠੇਕਾ ਖੇਤੀ, ਕੱਚੇ ਪਦਾਰਥਾਂ ਦੀ ਸੋਰਸਿੰਗ ਅਤੇ ਐਗਰੀ ਲਿੰਕੇਜਜ਼ ਦੀ ਉਸਾਰੀ ਵਰਗੇ ਖੇਤਰਾਂ ਵਿਚ ਬਹੁ-ਕੌਮੀ ਕੰਪਨੀਆਂ ਲਈ ਨਿਵੇਸ਼ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਨਿਵੇਸ਼ਕਾਂ ਨੂੰ ਭਾਰਤ 'ਚ ਆ ਕੇ ਉਤਪਾਦਨ ਅਤੇ ਪ੍ਰੋਸੈਸਿੰਗ ਦੇ ਜ਼ਰੀਏ ਖੁਸ਼ਹਾਲ ਹੋਣ ਦਾ ਸੱਦਾ ਦਿੱਤਾ। ਬੀਬਾ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਵਾਲੇ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਤਰਾਲੇ ਦੀ ਛਤਰ-ਛਾਇਆ ਹੇਠ ਕਰਵਾਏ ਡਬਲਿਊ. ਐੱਫ. ਆਈ. ਦੇ ਉਦਘਾਟਨੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਗਲੋਬਲ ਸੁਪਰ ਮਾਰਕੀਟ ਕੰਪਨੀਆਂ ਲਈ ਆਪਣੀਆਂ ਵਸਤਾਂ ਭਾਰਤ ਵਿਚ ਵੇਚਣ ਦਾ ਇਹ ਬਹੁਤ ਵਧੀਆ ਮੌਕਾ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਪ੍ਰੋਸੈਸਿੰਗ, ਫਸਲ ਦੀ ਕਟਾਈ ਮਗਰੋਂ ਸੰਭਾਲ, ਕੋਲਡ ਚੇਨਜ਼ ਅਤੇ ਰੈਫਰੀਜਰੇਟਿਡ ਟਰਾਂਸਪੋਰਟੇਸ਼ਨ ਵਿਚ ਵਿਸ਼ੇਸ਼ ਮੁਹਾਰਤ ਰੱਖਣ ਵਾਲੀਆਂ ਕੰਪਨੀਆਂ ਇਸ ਮੇਲੇ ਦਾ ਭਰਪੂਰ ਲਾਹਾ ਖੱਟ ਸਕਣਗੀਆਂ।
ਇਥੇ ਵਿਗਿਆਨ ਭਵਨ ਵਿਚ ਉੱਘੀਆਂ ਹਸਤੀਆਂ ਅਰਮੀਨੀਆ ਦੇ ਰਾਸ਼ਟਰਪਤੀ ਸਰਜ਼ ਸਰਗਸਯਾਨ, ਲੈਟਵੀਆ ਦੇ ਪ੍ਰਧਾਨ ਮੰਤਰੀ ਮਾਰਿਸ ਕੁਸਿਨਸਕਾਈਸ, ਪੰਜਾਬ ਦੇ ਸਾਬਕਾ ਮੁਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਇੰਡਸਟਰੀ ਦੇ ਮੋਹਰੀਆਂ ਦੇ ਚੋਣਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੀ ਮੋਦੀ ਨੇ ਸਾਰੇ ਸੂਬਿਆਂ ਨੂੰ ਕਿਸੇ ਇਕ ਖੁਰਾਕੀ ਵਸਤ ਵਿਚ ਵਿਸ਼ੇਸ਼ ਮੁਹਾਰਤ ਹਾਸਲ ਕਰਨ ਦਾ ਟੀਚਾ ਦਿੱਤਾ । ਉਨ੍ਹਾਂ ਕਿਹਾ ਕਿ ਡੇਅਰੀ ਵਸਤਾਂ, ਸ਼ਹਿਦ, ਮੋਟਾ ਅਨਾਜ ਅਤੇ ਬਾਜਰਾ, ਮਸਾਲੇ ਤੇ ਮੱਛੀ ਪਾਲਣ, ਜਿਸ ਵਿਚ ਸਜਾਵਟੀ ਮੱਛੀ ਤੇ ਟ੍ਰਾਊਟ ਮੱਛੀ ਪਾਲਣਾ ਸ਼ਾਮਲ ਹੈ, ਅੰਦਰ ਬਹੁਤ ਵੱਡੇ ਮੌਕੇ ਪਏ ਹਨ।
ਆਪਣਾ ਉਦਘਾਟਨੀ ਭਾਸ਼ਣ ਦਿੰਦਿਆਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਭਾਰਤ ਵਿਚ ਫੂਡ ਪ੍ਰੋਸੈਸਿੰਗ ਇੰਡਸਟਰੀ ਲਈ ਡਬਲਿਊ. ਐੱਫ. ਆਈ. ਇਤਿਹਾਸਕ ਪ੍ਰਾਪਤੀ ਹੈ, ਜਿਥੇ 60 ਦੇਸ਼ਾਂ ਤੋਂ ਸੱਤ ਹਜ਼ਾਰ ਕਾਰੋਬਾਰੀ ਇਕ ਪਲੇਟਫਾਰਮ ਉੱਤੇ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮੇਲੇ ਦੌਰਾਨ 65 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਪ੍ਰਾਪਤ ਹੋਏ ਹਨ, ਜਿਨ੍ਹਾਂ ਨਾਲ 10 ਲੱਖ ਤੋਂ ਵਧੇਰੇ ਨੌਕਰੀਆਂ ਪੈਦਾ ਹੋਣਗੀਆਂ।
ਬੀਬਾ ਬਾਦਲ ਨੇ ਉਨ੍ਹਾਂ ਦੇ ਮੰਤਰਾਲੇ ਵੱਲੋਂ ਕੀਤੇ ਗਏ ਅਹਿਮ ਕੰਮਾਂ ਦੀ ਪੇਸ਼ਕਾਰੀ ਵੀ ਦਿੱਤੀ, ਜਿਨ੍ਹਾਂ ਵਿਚ ਛੋਟੇ ਕਾਰੋਬਾਰੀਆਂ ਲਈ ਪਲੱਗ ਐਂਡ ਪਲੇਅ ਦੀ ਸਹੂਲਤ ਨਾਲ ਲੈਸ 42 ਮੈਗਾ ਫੂਡ ਪਾਰਕਾਂ ਦਾ ਨਿਰਮਾਣ ਕਰਨਾ ਸ਼ਾਮਲ ਹੈ । ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ 5 ਬਿਲੀਅਨ ਡਾਲਰ ਦੀ ਲਾਗਤ ਨਾਲ ਬੁਨਿਆਦੀ ਢਾਂਚਾ ਤਿਆਰ ਕਰ ਰਿਹਾ ਹੈ। ਇਸ ਮੌਕੇ ਉਨ੍ਹਾਂ ਨੇ ਸਾਰਿਆਂ ਨੂੰ ਭੋਜਨ ਦੀ ਬਰਬਾਦੀ ਖਿਲਾਫ ਇਕ ਜੰਗ ਛੇੜਨ ਦਾ ਸੱਦਾ ਦਿੱਤਾ । ਉਨ੍ਹਾਂ ਕਿਹਾ ਕਿ ਆਰਗੈਨਿਕ ਅਤੇ ਫੋਰਟੀਫਾਈਡ ਫੂਡਜ਼ ਦੇ ਖੇਤਰਾਂ ਵਿਚ ਫੂਡ ਪ੍ਰੋਸੈਸਿੰਗ ਅਤੇ ਵੈਲਿਊ ਐਡੀਸ਼ਨ ਲਈ ਬਹੁਤ ਵੱਡੀ ਸੰਭਾਵਨਾ ਪਈ ਹੈ ਅਤੇ ਕਾਰੋਬਾਰੀਆਂ ਨੂੰ ਇਸ ਮੌਕੇ ਦਾ ਲਾਹਾ ਉਠਾਉਣ ਲਈ ਆਖਿਆ। ਇਸ ਮੌਕੇ ਇਕ ਪੋਰਟਲ 'ਨਿਵੇਸ਼ ਬੰਧੂ' ਨੂੰ ਲਾਂਚ ਕੀਤਾ ਗਿਆ, ਜਿਹੜੀ ਕਿ ਸੰਭਾਵੀ ਨਿਵੇਸ਼ਕਾਂ ਨੂੰ ਕੇਂਦਰੀ ਅਤੇ ਸੂਬਾਈ ਨੀਤੀਆਂ ਦੇ ਨਾਲ-ਨਾਲ ਇਨ੍ਹਾਂ ਦੇ ਆਰਥਿਕ ਲਾਭਾਂ ਦੀ ਵੀ ਜਾਣਕਾਰੀ ਦਿੰਦੀ ਹੈ। ਪ੍ਰਧਾਨ ਮੰਤਰੀ ਨੇ ਇਸ ਮੌਕੇ ਇੰਡੀਆ ਪੋਸਟ ਡਾਕ ਟਿਕਟਾਂ ਅਤੇ ਭਾਰਤ ਵਿਚ ਫੂਡ ਦੇ ਇਤਿਹਾਸ ਤੋਂ ਨਵੇਂ ਫੂਡ ਸਟਾਰਟ-ਅਪਸ ਤਕ ਬਾਰੇ ਇਕ ਕੌਫੀ ਟੇਬਲ ਬੁੱਕ ਨੂੰ ਜਾਰੀ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਫੂਡ ਪ੍ਰੋਸੈਸਿੰਗ ਇੰਡਸਟਰੀ ਰਾਜ ਮੰਤਰੀ ਸਾਧਵੀ ਨਿਰੰਜਨ ਜਯੋਤੀ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਇਟਲੀ, ਡੈਨਮਾਰਕ ਤੇ ਜਰਮਨੀ ਦੇ ਸੀਨੀਅਰ ਸਰਕਾਰੀ ਅਧਿਕਾਰੀ ਅਤੇ ਵੱਡੀਆਂ ਭਾਰਤੀ ਅਤੇ ਬਹੁਕੌਮੀ ਕੰਪਨੀਆਂ ਦੇ ਸੀ. ਈ. ਓਜ਼ ਹਾਜ਼ਰ ਸਨ।
ਵਿਧਵਾ ਔਰਤ ਨੂੰ ਵਰਗਲਾ ਕੇ ਆਪਣੀ ਹਿਰਾਸਤ 'ਚ ਰੱਖਣ ਵਾਲਿਆਂ 'ਤੇ ਕੇਸ ਦਰਜ
NEXT STORY