ਮੋਗਾ, (ਆਜ਼ਾਦ)- ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਤਿੰਨ ਅਣਪਛਾਤੇ ਲੁਟੇਰਿਆਂ ਨੇ ਅਸ਼ਵਨੀ ਕੁਮਾਰ ਗੁਪਤਾ ਨਿਵਾਸੀ ਪਰਵਾਨਾ ਨਗਰ ਮੋਗਾ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰ ਕੇ ਉਨ੍ਹਾਂ ਦੀ ਐਕਟਿਵਾ, ਦੋ ਮੋਬਾਇਲਾਂ ਤੋਂ ਇਲਾਵਾ ਹੋਰ ਸਾਮਾਨ ਖੋਹ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸਿਵਲ ਹਸਪਤਾਲ ਮੋਗਾ ਲੈ ਕੇ ਜਾਣਾ ਪਿਆ। ਪੁਲਸ ਨੇ ਮਾਮਲਾ ਦਰਜ ਕਰ ਕੇ ਲੁਟੇਰਿਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਕੀ ਹੈ ਸਾਰਾ ਮਾਮਲਾ : ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਅਸ਼ਵਨੀ ਕੁਮਾਰ ਗੁਪਤਾ ਨਿਵਾਸੀ ਨੀਲਮ ਬਿਹਾਰ ਪਰਵਾਨਾ ਨਗਰ ਮੋਗਾ ਨੇ ਕਿਹਾ ਕਿ ਉਹ ਦੁੱਨੇਕੇ 'ਚ ਇਕ ਪ੍ਰਾਈਵੇਟ ਫਰਮ 'ਚ ਕੰਮ ਕਰਦਾ ਹੈ। ਜਦੋਂ ਉਹ ਆਪਣੀ ਸਕੂਟਰੀ 'ਤੇ ਘਰ ਆ ਰਿਹਾ ਸੀ ਤਾਂ ਰਸਤੇ 'ਚ ਮੈਨੂੰ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਲੁਟੇਰਿਆਂ ਨੇ ਘੇਰ ਲਿਆ ਅਤੇ ਇਕ ਲੜਕੇ ਨੇ ਉਤਰਦਿਆਂ ਹੀ ਤੇਜ਼ਧਾਰ ਹਥਿਆਰ ਨਾਲ ਮੈਨੂੰ ਜ਼ਖਮੀ ਕਰ ਕੇ ਮੇਰੇ ਸਿਰ ਅਤੇ ਬਾਂਹ 'ਤੇ ਵਾਰ ਕੀਤਾ।
ਇੰਨੇ 'ਚ ਹੀ ਉਨ੍ਹਾਂ ਦੇ ਸਾਥੀ ਨੇ ਪਿਸਤੌਲ ਕੱਢ ਕੇ ਗੋਲੀ ਮਾਰਨ ਦੀ ਧਮਕੀ ਦਿੱਤੀ। ਮੈਂ ਹੇਠਾਂ ਡਿੱਗ ਗਿਆ ਤਾਂ ਲੁਟੇਰੇ ਮੇਰੀ ਸਕੂਟਰੀ ਅਤੇ ਮੇਰੀ ਜੇਬ 'ਚ ਪਏ ਦੋ ਮੋਬਾਇਲ ਫੋਨ ਕੱਢ ਕੇ ਲੈ ਗਏ। ਉਸ ਨੇ ਕਿਹਾ ਕਿ ਮੇਰੀ ਸਕੂਟਰੀ 'ਚ ਫਰਮ ਦੀ ਚੈੱਕ-ਬੁੱਕ, ਏ. ਟੀ. ਐੱਮ. ਕਾਰਡ, ਚਾਬੀਆਂ ਅਤੇ ਹੋਰ ਦਸਤਾਵੇਜ਼ ਵੀ ਸਨ। ਮੈਂ ਰੌਲਾ ਪਾਇਆ ਤਾਂ ਇਕ ਲੜਕਾ, ਜੋ ਮੇਰੀ ਪਛਾਣ ਵਾਲਾ ਸੀ ਆ ਗਿਆ, ਅਸੀਂ ਲੁਟੇਰਿਆਂ ਦਾ ਬਹੁਤ ਪਿੱਛਾ ਕੀਤਾ ਪਰ ਉਹ ਘੱਲ ਕਲਾਂ ਰੋਡ ਵੱਲ ਨਿਕਲ ਗਏ, ਜਿਸ 'ਤੇ ਉਸ ਨੇ ਮੈਨੂੰ ਸਿਵਲ ਹਸਪਤਾਲ ਮੋਗਾ ਪਹੁੰਚਾ ਕੇ ਪੁਲਸ ਨੂੰ ਸੂਚਿਤ ਕੀਤਾ।
ਕੀ ਹੋਈ ਪੁਲਸ ਕਾਰਵਾਈ : ਘਟਨਾ ਦੀ ਜਾਣਕਾਰੀ ਮਿਲਣ 'ਤੇ ਡੀ. ਐੱਸ. ਪੀ. ਸਿਟੀ ਕੇਸਰ ਸਿੰਘ, ਥਾਣਾ ਸਿਟੀ ਸਾਊਥ ਦੇ ਇੰਚਾਰਜ ਇੰਸਪੈਕਟਰ ਸੁਰਜੀਤ ਸਿੰਘ, ਸਹਾਇਕ ਥਾਣੇਦਾਰ ਸੰਤੋਖ ਸਿੰਘ ਹੋਰ ਪੁਲਸ ਕਰਮਚਾਰੀਆਂ ਸਮੇਤ ਉਥੇ ਪੁੱਜੇ ਅਤੇ ਘਟਨਾ ਸਥਾਨ 'ਤੇ ਜਾ ਕੇ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਪਰ ਲੁਟੇਰਿਆਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਇਸ ਸਬੰਧ 'ਚ ਜਦੋਂ ਥਾਣਾ ਮੁਖੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਤਿੰਨ ਅਣਪਛਾਤੇ ਲੁਟੇਰਿਆਂ ਖਿਲਾਫ ਲੁੱਟ-ਖੋਹ ਦਾ ਮਾਮਲਾ ਦਰਜ ਕਰ ਲਿਆ ਹੈ ਜਿਨ੍ਹਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
NEXT STORY