ਪਟਿਆਲਾ — ਪਟਿਆਲਾ ਦੇ ਯਾਦਵਿੰਦਰਾ ਪਬਲਿਕ ਸਕੂਲ (ਵਾਈਪੀਐਸ) ਦੇ ਦੋ ਦਿਨਾਂ ਪਲੈਟੀਨਮ ਜੁਬਲੀ ਸਥਾਪਨਾ ਦਿਵਸ ਸਮਾਗਮਾਂ ਮੌਕੇ ਪਾਕਿਸਤਾਨ, ਜੰਮੂ ਕਸ਼ਮੀਰ, ਕਪੂਰਥਲਾ ਅਤੇ ਪਟਿਆਲਾ ਦੇ ਸ਼ਾਹੀ ਪਰਿਵਾਰ, ਸ਼ਾਹੀ ਰਿਆਸਤਾਂ ਦੇ ਵਾਰਿਸ, ਚੋਟੀ ਦੇ ਨੌਕਰਸ਼ਾਹ ਅਤੇ ਮੰਤਰੀ ਖੇਡਾਂ, ਭਾਸ਼ਨ ਅਤੇ ਰਾਤ ਦੇ ਖਾਣੇ ਲਈ ਜੁੜਨਗੇ । ਸਕੂਲ ਵੱਲੋਂ ਐਚਿਸੋਨੀਅਨ ਯਾਦਵੇਂਦਰੀਅਨ ਓਲਡ ਸਟੂਡੈਂਟਸ ਐਸੋਸੀਏਸ਼ਨ (ਏਵਾਈਓਐਸਏ) ਦੇ ਸਹਿਯੋਗ ਨਾਲ 2 ਫਰਵਰੀ ਨੂੰ ਵਾਈ.ਪੀ.ਐੱਸ. ਪਟਿਆਲਾ ਦੀ ਸਥਾਪਨਾ ਦੇ 70 ਸਾਲ ਮੁਕੰਮਲ ਹੋਣ 'ਤੇ ਵੱਖ ਵੱਖ ਸਮਾਗਮ ਕੀਤੇ ਜਾਣਗੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੁਰਾਣੇ ਵਿਦਿਆਰਥੀ ਅਤੇ ਕੈਬਨਿਟ ਮੰਤਰੀ ਨਵਜੋਤ ਸਿੱਧੂ, ਯੁਵਰਾਜ ਰਣਇੰਦਰ ਸਿੰਘ, ਰਾਜਾ ਮਾਲਵਿੰਦਰ ਸਿੰਘ, ਚੋਟੀ ਦੇ ਪੁਲਸ ਅਤੇ ਪ੍ਰਸ਼ਾਸਕੀ ਅਫ਼ਸਰ ਸਮਾਗਮ ਦੀ ਸ਼ੋਭਾ ਵਧਾਉਣਗੇ। ਸਮਾਗਮਾਂ ਦੀ ਸ਼ੁਰੂਆਤ ਪਹਿਲੀ ਫਰਵਰੀ ਨੂੰ ਐਚਿਸਨ ਕਾਲਜ ਲਾਹੌਰ ਦੇ ਪ੍ਰਿੰਸੀਪਲ ਦੀ ਅਗਵਾਈ ਹੇਠਲੀ ਕ੍ਰਿਕਟ ਟੀਮ ਅਤੇ ਓਲਡ ਯਾਦਵੇਂਦਰੀਅਨ ਦਰਮਿਆਨ ਵਾਈ.ਪੀ.ਐੱਸ. ਕ੍ਰਿਕਟ ਮੈਦਾਨ 'ਚ ਮੁਕਾਬਲੇ ਨਾਲ ਹੋਵੇਗੀ। ਸਕੂਲ ਅੰਦਰ ਹੋਰ ਸਮਾਗਮਾਂ ਦੇ ਨਾਲ ਮੇਲੇ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਵਾਈ.ਪੀ.ਐੱਸ. ਪਟਿਆਲਾ ਦੇ ਡਾਇਰੈਕਟਰ ਮੇਜਰ ਜਨਰਲ (ਰਿਟਾਇਰਡ) ਸੰਜੀਵ ਵਰਮਾ ਨੇ ਦੱਸਿਆ,''ਉਸੇ ਦਿਨ ਸ਼ਾਮ ਨੂੰ ਵਿਦਿਆਰਥੀਆਂ ਅਤੇ ਸਕੂਲ ਦੇ ਅਮਲੇ ਲਈ ਕਾਮੇਡੀਅਨ ਕਪਿਲ ਸ਼ਰਮਾ ਦਾ ਪ੍ਰੋਗਰਾਮ ਰੱਖਿਆ ਗਿਆ ਹੈ। ਇਹ ਵੱਡਾ ਸਮਾਗਮ ਹੈ ਅਤੇ ਅਸੀਂ ਇਸ ਨੂੰ ਸਫ਼ਲ ਬਣਾਉਣ ਦੀਆਂ ਕੋਸ਼ਿਸ਼ਾਂ 'ਚ ਜੁਟੇ ਹੋਏ ਹਾਂ।'' ਸਕੂਲ ਦੇ ਚੇਅਰਪਰਸਨ ਰਾਜਾ ਮਾਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਐਚਿਸਨ ਕਾਲਜ, ਲਾਹੌਰ (ਪੰਜਾਬ ਦੀ ਵੰਡ ਤੋਂ ਪਹਿਲਾਂ ਦਾ ਇਕੋ ਪਬਲਿਕ ਸਕੂਲ) ਦੀ ਟੀਮ ਨੂੰ ਸੱਦਾ ਭੇਜਿਆ ਹੈ। ਉਨ੍ਹਾਂ ਕਿਹਾ,''ਅਸੀਂ ਪਟਿਆਲਾ ਰਿਆਸਤ ਦੇ ਸਾਬਕਾ ਪ੍ਰਧਾਨ ਮੰਤਰੀ ਦੇ ਪੋਤੇ ਨਵਾਬ ਸਰ ਲਿਆਕਤ ਹਯਾਤ ਖ਼ਾਨ ਨੂੰ ਉਚੇਚੇ ਤੌਰ 'ਤੇ ਸੱਦਾ ਭੇਜਿਆ ਹੈ ਜੋ ਵਿਦਿਆਰਥੀਆਂ ਨੂੰ ਸੰਬੋਧਨ ਕਰਨਗੇ।'' ਉਨ੍ਹਾਂ ਦੱਸਿਆ ਕਿ ਕਸ਼ਮੀਰ ਦੇ ਸ਼ਾਹੀ ਖਾਨਦਾਨ ਦੇ ਵਾਰਿਸ ਅਤੇ ਸਾਬਕਾ ਕੈਬਨਿਟ ਮੰਤਰੀ ਡਾਕਟਰ ਕਰਨ ਸਿੰਘ ਨੂੰ ਵੀ ਸਮਾਗਮ ਲਈ ਸੱਦਿਆ ਗਿਆ ਹੈ। ਰਾਜਾ ਮਾਲਵਿੰਦਰ ਮੁਤਾਬਕ ਕਪੂਰਥਲਾ ਰਿਆਸਤ ਦੇ ਮਹਾਵੀਰ ਚੱਕਰ ਜੇਤੂ ਬ੍ਰਿਗੇਡੀਅਰ (ਰਿਟਾਇਰਡ) ਸੁਖਜੀਤ ਸਿੰਘ 2 ਫਰਵਰੀ ਨੂੰ ਆਪਣੇ ਤਜਰਬੇ ਸਾਂਝੇ ਕਰਨਗੇ। ਉਸੇ ਸ਼ਾਮ ਨੂੰ ਏ.ਵਾਈ.ਓ.ਐੱਸ.ਏ. ਵੱਲੋਂ ਪੁਰਾਣੇ ਵਿਦਿਆਰਥੀਆਂ ਲਈ ਰਾਤ ਦੇ ਭੋਜਨ ਦਾ ਪ੍ਰਬੰਧ ਕੀਤਾ ਗਿਆ ਹੈ। ਏ.ਵਾਈ.ਓ.ਐੱਸ.ਏ. ਦੇ ਪ੍ਰਧਾਨ ਦਿਨਕਰ ਗੁਪਤਾ (ਡੀਜੀਪੀ ਖ਼ੁਫ਼ੀਆ) ਨੇ ਦਾਅਵਾ ਕੀਤਾ ਕਿ ਮਸ਼ਹੂਰ ਐਚਿਸਨ ਕਾਲਜ ਵਰਗਾ ਹੀ ਵਾਈ.ਪੀ.ਐੱਸ. ਸਕੂਲ ਬਿਹਤਰ ਬਣ ਕੇ ਉਭਰਿਆ ਹੈ ਅਤੇ ਕਿਸੇ ਵੀ ਧਰਮ ਜਾਂ ਫਿਰਕੇ ਦਾ ਵਿਅਕਤੀ ਸਕੂਲ ਦਾਖ਼ਲਾ ਲੈ ਸਕਦਾ ਹੈ।
ਜ਼ਿਕਰਯੋਗ ਹੈ ਕਿ ਪਟਿਆਲਾ ਦੇ ਮਹਾਰਾਜਾ ਯਾਦਵਿੰਦਰ ਸਿੰਘ ਦੇ ਨਾਮ 'ਤੇ ਵਾਈ.ਪੀ.ਐੱਸ. ਦਾ ਨਾਮ ਪਿਆ ਹੈ ਤੇ ਰਾਇ ਬਹਾਦੁਰ ਧਨੀ ਰਾਮ ਕਪਿਲਾ ਸਕੂਲ ਦੇ ਪਹਿਲੇ ਪ੍ਰਿੰਸੀਪਲ ਸਨ। ਪਹਿਲਾਂ ਇਹ ਸਕੂਲ ਰਾਜਿਆਂ-ਮਹਾਰਾਜਿਆਂ ਦੇ ਬੱਚਿਆਂ ਲਈ ਮੰਨਿਆ ਜਾਂਦਾ ਸੀ । ਮਹਾਰਾਜਾ ਯਾਦਵਿੰਦਰ ਸਿੰਘ ਇਸ ਦੇ ਵਿਦਿਆਰਥੀ ਰਹੇ । ਸ਼ਾਹੀ ਪਰਿਵਾਰ ਦੇ ਕੰਟਰੋਲ ਵਾਲੇ ਸਕੂਲ ਦੀ ਸ਼ੁਰੂਆਤ 2 ਫਰਵਰੀ 1948 ਨੂੰ ਮਹਿਜ਼ 21 ਵਿਦਿਆਰਥੀਆਂ ਅਤੇ 9 ਅਧਿਆਪਕਾਂ ਨਾਲ ਹੋਈ ਸੀ।
... ਤਾਂ ਪੰਜਾਬ 'ਚ ਸਸਤਾ ਹੋਵੇਗਾ ਪੈਟਰੋਲ, ਡੀਜ਼ਲ ਮਿਲੇਗਾ ਮਹਿੰਗਾ!
NEXT STORY