ਫਾਜ਼ਿਲਕਾ (ਸੁਖਵਿੰਦਰ ਥਿੰਦ): ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ.ਐੱਸ.ਐੱਸ. ਗੋਸਲ ਦੀ ਅਗਵਾਈ ਅਤੇ ਪ੍ਰਸਾਰ ਨਿਰਦੇਸ਼ਕ ਡਾ.ਐੱਮ. ਐੱਸ. ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੀ.ਏ.ਯੂ.,ਫਾਰਮ ਸਲਾਹਕਾਰ ਸੇਵਾ ਕੇਂਦਰ ਅਤੇ ਖੇਤਰੀ ਖੋਜ ਕੇਂਦਰ ਅਬੋਹਰ ਦੇ ਵਿਗਿਆਨੀਆਂ ਵੱਲੋਂ ਜ਼ਿਲ੍ਹਾ ਫਾਜ਼ਿਲਕਾ ਦੇ ਵੱਖ-ਵੱਖ ਪਿੰਡਾਂ ਦਾ ਸਰਵੇਖਣ ਕੀਤਾ ਗਿਆ ਹੈ ਅਤੇ ਸਰਵੇਖਣ (ਸਰਵੇ) ਦੀ ਰਿਪੋਰਟ ਦੇ ਅਨੁਸਾਰ ਨਰਮੇ/ਕਪਾਹ ਸੰਬੰਧੀ ਫਸਲੀ ਸਲਾਹ ਜਾਰੀ ਕੀਤੀ। ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਕਈ ਇਲਾਕਿਆਂ ਵਿਚ ਮੀਂਹ ਦਾ ਦੌਰ ਜਾਰੀ ਹੈ। ਦੱਖਣ-ਪੱਛਮੀ ਜ਼ਿਲ੍ਹਿਆਂ ਵਿਚ ਵੀ ਲਗਾਤਾਰ ਪੈ ਰਹੇ ਮੀਂਹ ਕਰਕੇ ਨਰਮੇ ਦੇ ਖੇਤਾਂ ਵਿਚ ਸਿੱਲ ਬਰਕਰਾਰ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਛੁੱਟੀਆਂ ਨਾਲ ਜੁੜੀ ਵੱਡੀ ਅਪਡੇਟ! ਹੋ ਗਿਆ ਨਵਾਂ ਐਲਾਨ
ਡਾ. ਜਗਦੀਸ਼ ਅਰੋੜਾ ਨੇ ਦੱਸਿਆ ਕਿ ਬਾਰਿਸ਼ਾਂ ਦੇ ਮੌਸਮ ਵਿਚ ਨਰਮੇ ਦੀ ਫਸਲ ਤੇ ਪੱਤਿਆਂ ਦੇ ਧੱਬਿਆਂ ਦਾ ਰੋਗ ਅਤੇ ਨਰਮੇ ਦੇ ਟਿੰਡਿਆਂ ਦਾ ਗਾਲਾ ਦਿਖਾਈ ਦੇ ਰਿਹਾ ਹੈ। ਇਸ ਬੀਮਾਰੀ ਤੋਂ ਬਚਣ ਲਈ ਐਮੀਸਟਾਰ ਟੌਪ 200 ਮਿ. ਲੀ. ਪ੍ਰਤੀ ਏਕੜ ਦਾ ਸਪਰੇ ਕਰ ਦੇਣਾ ਚਾਹੀਦਾ ਹੈ। ਲੋੜ ਪੈਣ ਤੇ ਇਹ ਸਪਰੇ 15 ਦਿਨਾਂ ਬਾਅਦ ਦੁਬਾਰਾ ਕੀਤੀ ਜਾ ਸਕਦੀ ਹੈ। ਭਾਰੀ ਬਾਰਿਸ਼ ਪੈਣ ਤੋਂ ਬਾਅਦ ਕਈ ਵਾਰ ਪੈਰਾ ਵਿਲਟ ਦੀ ਸਮੱਸਿਆ ਆ ਸਕਦੀ ਹੈ। ਇਹ ਸਮੱਸਿਆ ਸਾਰੇ ਖੇਤ ਵਿਚ ਇਕਸਾਰ ਨਹੀਂ ਆਉਂਦੀ, ਬਲਕਿ ਕੁਝ ਕੁ ਬੂਟੇ ਮੁਰਝਾਉਣ ਦੇ ਲੱਛਣ ਦਿਖਾਉਣ ਲਗ ਪੈਂਦੇ ਹਨ। ਅਜਿਹੀ ਹੋਣ ਦੀ ਸੂਰਤ ਵਿਚ ਤੁਰੰਤ ਕੋਬਾਲਟ ਕਲੋਰਾਇਡ 1 ਗ੍ਰਾਮ ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਪ੍ਰਭਾਵਿਤ ਬੂਟਿਆਂ ਤੇ ਸਪਰੇ ਕਰ ਦੇਣੀ ਚਾਹੀਦੀ ਹੈ, ਜਿਸ ਨਾਲ ਬੂਟੇ ਦਾ ਮੁਰਝਾਉਣਾ ਰੁਕ ਜਾਂਦਾ ਹੈ ਅਤੇ ਬੂਟਾ ਦੁਬਾਰਾ ਚਲ ਪੈਂਦਾ ਹੈ।
ਡਾ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਲਗਾਤਾਰ ਪੈ ਰਹੇ ਮੀਂਹ ਕਾਰਣ ਨਰਮੇ ਦਾ ਪਤਰਾਲ ਪੀਲਾਪਣ ਦਿਖਾਉਣ ਲਗ ਪੈਂਦਾ ਹੈ। ਜਿਨਾਂ ਖੇਤਾਂ ਵਿਚ ਲਗਾਤਾਰ ਪਾਣੀ ਖੜ੍ਹਾ ਰਹੇ, ਉਥੇ ਨਰਮੇ ਦੇ ਬੂਟੇ ਖੁਰਾਕ ਬਹੁਤ ਘੱਟ ਚਕਦੇ ਹਨ ਅਤੇ ਪਲੱਤਣ ਵਿਚ ਆ ਜਾਂਦੇ ਹਨ। ਅਜਿਹੀਆਂ ਹਾਲਤਾਂ ਵਿਚ ਨਰਮੇ ਦੀ ਫਸਲ ਵਿਚ ਪਾਣੀ ਦੀ ਨਿਕਾਸੀ ਕਰ ਦੇਣੀ ਚਾਹੀਦੀ ਹੈ ।ਇਹਨਾ ਹਾਲਤਾਂ ਵਿਚ ਪੱਤਿਆਂ ਰਾਹੀਂ ਖੁਰਾਕ ਦੇਣੀ ਜਰੂਰੀ ਹੋ ਜਾਂਦੀ ਹੈ। ਲਗਾਤਾਰ ਬੱਦਲਵਾਈ ਰਹਿਣ ਕਾਰਣ ਫੁੱਲਾਂ ਤੇ ਆਈ ਫਸਲ ਕਈ ਵਾਰ ਚੁੰਡੀਆਂ, ਫੁੱਲ ਜਾਂ ਛੋਟੇ ਟਿੰਡੇ ਸਿੱਟਣ ਲਗ ਪੈਂਦੀ ਹੈ। ਇਸ ਨੂੰ ਰੋਕਣ ਲਈ ਪੋਟਾਸ਼ਿਅਮ ਨਾਈਟ੍ਰੇਟ (13-0-45) 2 ਕਿਲੋ ਪ੍ਰਤੀ ਏਕੜ ਦੇ 4 ਸਪਰੇ 10 ਦਿਨਾਂ ਦੇ ਵਕਫੇ ਤੇ ਕਰਨੀ ਚਾਹੀਦੀ ਹੈ। ਨਾਲ ਹੀ ਮੈਗਨੀਸ਼ੀਅਮ ਸਲਫੇਟ 1 ਕਿਲੋ ਪ੍ਰਤੀ 100 ਲੀਟਰ ਦੇ ਹਿਸਾਬ ਨਾਲ 15-20 ਦਿਨਾਂ ਦੀ ਵਿਥ ਤੇ ਦੋ ਸਪਰੇ ਕਰ ਦੇਣੀ ਚਾਹੀਦੀ ਹੈ, ਇਸ ਨਾਲ ਪੱਤਿਆਂ ਦੀ ਲਾਲੀ ਦੀ ਸਮੱਸਿਆ ਨਹੀਂ ਆਉਂਦੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ: ਭਾਰੀ ਬਾਰਿਸ਼ ਵਿਚਾਲੇ ਦੁਕਾਨਦਾਰਾਂ ਲਈ ਸਖ਼ਤ ਹੁਕਮ
ਡਾ.ਜਗਦੀਸ਼ ਅਰੋੜਾ (ਜਿਲਾ ਪ੍ਰਸਾਰ ਮਾਹਰ) ਨੇ ਦਸਿਆ ਕਿ ਚਿੱਟੀ ਮੱਖੀ ਹੁਣ ਆਖਰੀ ਪੜਾਅ ਤੇ ਹੈ ਅਤੇ ਗੁਲਾਬੀ ਸੁੰਡੀ ਦਾ ਹਮਲਾ ਵੀ ਕਈ ਖੇਤਾਂ ਵਿਚ ਨਜਰ ਆ ਰਿਹਾ ਹੈ। ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ । ਜਿਹਨਾਂ ਖੇਤਾਂ ਵਿਚ ਚਿੱਟੀ ਮੱਖੀ ਦੇ ਨਾਲ ਗੁਲਾਬੀ ਸੁੰਡੀ ਦਾ ਹਮਲਾ ਹੈ, ਉੱਥੇ ਇਨਾਂ ਦੀ ਰੋਕਥਾਮ ਲਈ 800 ਮਿਲੀਲਿਟਰ ਫੋਸਮਾਈਟ/ਈ-ਮਾਈਟ/ਵਾਲਥੀਆਨ/ਗੋਲਡਮਿਟ 50 ਈ ਸੀ (ਈਥੀਆਨ) ਦਾ ਛਿੜਕਾਅ ਕਰੋ। ਗੁਲਾਬੀ ਸੁੰਡੀ ਲਈ ਰਕਲੇਮ (ਐਮਾਮੈਕਿਟਨ ਬੱਜੋਏਟ 5 ਐਸ.ਜੀ) 100 ਗ੍ਰਾਮ ਜਾਂ ਕਿਉਰਾਕਰਾਨ (ਪ੍ਰੋਫਨੇਫਾਸ 50 ਈ. ਸੀ.) 500 ਮਿ.ਲੀ ਜਾਂ ਫੇਮ (ਫਲੁਬੈਂਡਾਮਾਈਡ) 40 ਮਿ.ਲੀ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕੀਤੀ ਜਾ ਸਕਦੀ ਹੈ। ਸਤੰਬਰ ਅੱਧ ਤੋਂ ਬਾਅਦ ਗੁਲਾਬੀ ਸੁੰਡੀ ਲਈ ਅਗਲੀ ਸਪਰੇਅ ਕਿਸੇ ਵੀ ਸਿੰਥੇਟਿਕ ਪਾਈਰੀਥਾਈਡ ਦੀ ਕੀਤੀ ਜਾ ਸਕਦੀ ਹੈ । ਇਹਨਾਂ ਵਿਚ ਡੈਲਟਾਮੈਥਰਿਨ 2.8 ਈ ਸੀ 160 ਮਿ.ਲੀ ਜਾਂ ਫੈਨਵਲਰੇਟ 20 ਈ ਸੀ 100 ਮਿ.ਲੀ ਜਾਂ ਡੈਨੀਟੋਲ 10 ਈ ਸੀ 300 ਮਿ.ਲੀ ਜਾਂ ਸਾਈਪਰਮੈਥਰਿਨ 10 ਈ ਸੀ 200 ਮਿ. ਲੀ. ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕੀਤੀ ਜਾ ਸਕਦੀ ਹੈ। ਡਾ.ਜਗਦੀਸ਼ ਅਰੋੜਾ ਨੇ ਕਾਸ਼ਤਕਾਰਾਂ ਨੂੰ ਅਪੀਲ ਕੀਤੀ ਕੀ ਕਿਸਾਨ ਵੀਰ ਨਰਮੇ ਦੀ ਸਮੱਸਿਆਂ ਦੇ ਹੱਲ ਲਈ ਫ਼ਾਰਮ ਸਲਾਹਕਾਰ ਸੇਵਾ ਕੇਂਦਰ, ਪੀ.ਏ. ਯੂ ਖੇਤਰੀ ਖੋਜ ਕੇਂਦਰ ਅਤੇ ਖੇਤੀਬਾੜੀ ਦਫਤਰ ਦੇ ਅਧਿਕਾਰੀਆਂ ਨਾਲ ਵੱਧ ਤੋਂ ਵੱਧ ਰਾਬਤਾ ਰੱਖਣ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਧੁੱਸੀ ਬੰਨ੍ਹ ਦਾ ਨਿਰੀਖਣ ਕਰਨ ਪਹੁੰਚੇ ਮੰਤਰੀ ਸੰਜੀਵ ਅਰੋੜਾ, ਗੁਰੂ ਸਾਹਿਬ ਅੱਗੇ ਨਿਵਾਇਆ ਸੀਸ
NEXT STORY