ਗੁਰਦਾਸਪੁਰ (ਹਰਮਨ) : ਪਿਛਲੇ ਕਈ ਦਿਨਾਂ ਤੋਂ ਮੌਸਮ 'ਚ ਆ ਰਹੀਆਂ ਤਬਦੀਲੀਆਂ ਤੋਂ ਬਾਅਦ ਹੁਣ ਕਣਕ ਦੀ ਫਸਲ 'ਤੇ ਪੀਲੀ ਕੁੰਗੀ ਦੇ ਹਮਲੇ ਦਾ ਖਤਰਾ ਮੰਡਰਾਉਣ ਲੱਗ ਪਿਆ ਹੈ। ਖਾਸ ਤੌਰ 'ਤੇ ਜ਼ਿਲਾ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲਿਆਂ 'ਚ ਦਰਜਨ ਦੇ ਕਰੀਬ ਖੇਤਾਂ 'ਚ ਪੀਲੀ ਕੁੰਗੀ ਦਾ ਹਮਲਾ ਦਿਖਾਈ ਦੇਣ ਤੋਂ ਬਾਅਦ ਖੇਤੀਬਾੜੀ ਅਤੇ ਕਿਸਾਨ ਸਿਖਲਾਈ ਵਿਭਾਗ ਨੇ ਕਿਸਾਨਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਗਾਜ਼ੀਆਬਾਦ ਤੋਂ ਡਾਇਰੈਕਟੋਰੇਟ ਆਫ ਵੀਟ ਡਿਵੈਲਮੈਂਟ ਦੇ ਟੈਕਨੀਕਲ ਅਫਸਰ ਵਿਨੇ ਕੁਮਾਰ ਨੇ ਵੀ ਇਨ੍ਹਾਂ ਜ਼ਿਲਿਆਂ ਦਾ ਦੌਰਾ ਕਰ ਕੇ ਇਸ ਹਮਲੇ ਸਬੰਧੀ ਸਰਵੇ ਕੀਤਾ ਹੈ। ਇਸ ਮਾਮਲੇ 'ਚ ਖੇਤੀ ਮਾਹਿਰ ਕਿਸਾਨਾਂ ਨੂੰ ਇਹ ਜ਼ੋਰਦਾਰ ਅਪੀਲ ਕਰ ਰਹੇ ਹਨ ਕਿ ਉਹ ਘਬਰਾ ਕੇ ਜਾਂ ਕਿਸੇ ਡੀਲਰ ਦੀਆਂ ਗੱਲਾਂ 'ਚ ਆ ਕੇ ਕਿਸੇ ਦਵਾਈ ਦਾ ਛਿੜਕਾਅ ਸ਼ੁਰੂ ਨਾ ਕਰਨ।
ਖੇਤੀਬਾੜੀ ਅਫਸਰ ਡਾ. ਹਰਤਰਨਪਾਲ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਫੀਲਡ ਸਟਾਫ ਵੱਲੋਂ ਲਗਾਤਾਰ ਇਸ ਬੀਮਾਰੀ ਦੇ ਹਮਲੇ ਦਾ ਪਤਾ ਲਾਉਣ ਲਈ ਸਰਵੇ ਕੀਤਾ ਜਾ ਰਿਹਾ ਸੀ, ਜਿਸ ਅਧੀਨ ਹੁਣ ਤੱਕ ਇਨ੍ਹਾਂ ਦੋਵਾਂ ਜ਼ਿਲਿਆਂ ਵਿਚ ਕਰੀਬ 10 ਸਥਾਨਾਂ 'ਤੇ ਪੀਲੀ ਕੁੰਗੀ ਦਾ ਹਮਲਾ ਸਾਹਮਣੇ ਆਇਆ ਹੈ। ਇਨ੍ਹਾਂ 'ਚੋਂ 4 ਮਾਮਲੇ ਗੁਰਦਾਸਪੁਰ ਜ਼ਿਲੇ ਨਾਲ ਸਬੰਧਤ ਹਨ, ਜਿਨ੍ਹਾਂ 'ਚ ਕਾਹਨੂੰਵਾਨ ਵਿਖੇ ਬਰਜੇਸ਼ਵਰ ਸਿੰਘ ਦੇ ਖੇਤਾਂ ਵਿਚ ਕਰੀਬ 1 ਕਨਾਲ ਰਕਬਾ ਪੀਲੀ ਕੁੰਗੀ ਦੀ ਮਾਰ ਹੇਠ ਹੈ। ਇਸੇ ਤਰ੍ਹਾਂ ਪਿੰਡ ਗੁੰਨੋਪੁਰ ਵਿਖੇ ਗੁਰਦੀਪ ਸਿੰਘ ਅਤੇ ਗੁਰਵਿੰਦਰ ਸਿੰਘ ਦੇ ਖੇਤਾਂ 'ਚ ਵੀ ਹਮਲਾ ਦੇਖਣ ਨੂੰ ਮਿਲਿਆ ਹੈ ਜਦਕਿ ਪਿੰਡ ਸੁਚੈਨੀਆ 'ਚ ਦਾਰਾ ਸਿੰਘ ਦੀ ਦੋ ਏਕੜ ਦੇ ਕਰੀਬ ਕਣਕ ਦੀ ਫਸਲ ਪੀਲੀ ਕੁੰਗੀ ਦੀ ਮਾਰ ਹੇਠ ਆਈ ਹੈ। ਉਕਤ ਤੋਂ ਇਲਾਵਾ ਪਠਾਨਕੋਟ ਦੇ ਕਟਾਰੂਚੱਕ, ਨੀਨਾ ਚੱਕ ਸਮੇਤ ਕਈ ਪਿੰਡਾਂ 'ਚ ਵੀ ਇਹ ਹਮਲਾ ਦੇਖਣ ਨੂੰ ਮਿਲਿਆ ਹੈ।
ਕਿੰਨਾ ਰਕਬਾ ਹੈ ਕਣਕ ਦੀ ਫਸਲ ਹੇਠ
ਜ਼ਿਲਾ ਗੁਰਦਾਸਪੁਰ ਅਤੇ ਪਠਾਨਕੋਟ ਦੇ ਮੁੱਖ ਖੇਤੀਬਾੜੀ ਅਫਸਰ ਡਾ. ਹਰਤਰਨਪਾਲ ਸਿੰਘ ਨੇ ਦੱਸਿਆ ਕਿ ਜ਼ਿਲੇ ਗੁਰਦਾਸਪੁਰ 'ਚ ਕਣਕ ਦੀ ਫਸਲ ਹੇਠ 1 ਲੱਖ 84 ਹਜ਼ਾਰ ਹੈਕਟੇਅਰ ਰਕਬਾ ਹੈ ਜਦਕਿ ਪਠਾਨਕੋਟ ਜ਼ਿਲੇ ਅੰਦਰ 41 ਹਜ਼ਾਰ ਹੈਕਟੇਅਰ ਰਕਬਾ ਕਣਕ ਦੀ ਫਸਲ ਹੇਠ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਕਰੀਬ 41 ਫੀਸਦੀ ਰਕਬਾ ਕਣਕ ਦੀ ਐੱਚ. ਡੀ. 3086 ਕਿਸਮ ਹੇਠ ਹੈ ਜਦਕਿ 26 ਫੀਸਦੀ ਰਕਬੇ ਵਿਚ ਐੱਚ. ਡੀ. 2967 ਕਿਸਮ ਦੀ ਕਾਸ਼ਤ ਕੀਤੀ ਗਈ ਹੈ। ਇਸੇ ਤਰ੍ਹਾਂ 16 ਫੀਸਦੀ ਰਕਬੇ ਵਿਚ ਪੀ. ਬੀ. ਡਬਲਯੂ. 725 ਅਤੇ 4 ਫੀਸਦੀ ਰਕਬੇ ਵਿਚ ਪੀ. ਬੀ. ਡਬਲਯੂ 343 ਉਨਤ ਕਿਸਮ ਬੀਜੀ ਗਈ ਹੈ।
ਐੱਚ. ਡੀ. 2967 ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ
ਹੁਣ ਤੱਕ ਪੀਲੀ ਕੁੰਗੀ ਦਾ ਹਮਲਾ ਜ਼ਿਆਦਾਤਾਰ 2967 ਕਿਸਮ 'ਤੇ ਹੋਇਆ ਹੈ, ਜਿਸ ਹੇਠ ਕਰੀਬ 26 ਫੀਸਦੀ ਰਕਬਾ ਹੈ। ਇਸ ਤੋਂ ਇਲਾਵਾ 3086 ਕਿਸਮ ਨਾਲ ਸਬੰਧਤ ਇਕ ਖੇਤ ਵਿਚ ਪੀਲੀ ਕੁੰਗੀ ਦੀ ਸ਼ੁਰੂਆਤ ਹੋਈ ਹੈ। ਇਸ ਲਈ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਖੇਤਾਂ ਦਾ ਲਗਾਤਾਰ ਨਿਰੀਖਣ ਕਰਦੇ ਰਹਿਣ ਅਤੇ ਜੇਕਰ ਹਮਲਾ ਦੇਖਣ ਨੂੰ ਮਿਲੇ ਤਾਂ ਤੁਰੰਤ ਖੇਤੀ ਮਾਹਿਰਾਂ ਨਾਲ ਸੰਪਰਕ ਕਰਨ।
ਕਣਕ ਦੇ ਪੀਲੇਪਨ ਨੂੰ ਪੀਲੀ ਕੁੰਗੀ ਨਾ ਸਮਝਣ ਕਿਸਾਨ
ਡਾ. ਹਰਤਰਨਪਾਲ ਸਿੰਘ ਨੇ ਸਪੱਸ਼ਟ ਕੀਤਾ ਕਿ ਕਣਕ ਦੇ ਪੀਲੇ ਪੈਣ ਦੇ ਹੋਰ ਵੀ ਕਈ ਕਾਰਣ ਹੋ ਸਕਦੇ ਹਨ। ਇਸ ਲਈ ਕਣਕ ਦਾ ਰੰਗ ਪੀਲਾ ਹੋਣ 'ਤੇ ਕਿਸਾਨ ਇਹ ਨਾ ਸਮਝ ਲੈਣ ਕੇ ਫਸਲ 'ਤੇ ਪੀਲੀ ਕੁੰਗੀ ਦਾ ਹਮਲਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪੀਲੀ ਕੁੰਗੀ ਦਾ ਹਮਲਾ ਹੋਣ 'ਤੇ ਫਸਲ ਦੇ ਪੱਤਿਆਂ 'ਤੇ ਪੀਲੇ ਰੰਗ ਦਾ ਪਾਊਡਰ ਪੈਦਾ ਹੋ ਜਾਂਦਾ ਹੈ ਜੋ ਹੱਥਾਂ ਨਾਲ ਛੂਹਣ 'ਤੇ ਹੱਥਾਂ ਨੂੰ ਲੱਗ ਜਾਂਦਾ ਹੈ। ਜੇਕਰ ਅਜਿਹਾ ਪਾਊਡਰ ਹੱਥਾਂ ਨੂੰ ਲੱਗੇ ਤਾਂ ਹੀ ਕਿਸਾਨ ਕਿਸੇ ਦਵਾਈ ਦਾ ਛਿੜਕਾਅ ਕਰਨ।
ਹਮਲਾ ਹੋਣ ਦੀ ਸੂਰਤ ਵਿਚ ਹੀ ਕੀਤਾ ਜਾਵੇ ਛਿੜਕਾਅ
ਡਾ. ਹਰਤਰਨਪਾਲ ਨੇ ਕਿਸਾਨਾਂ ਨੂੰ ਸੁਚੇਤ ਕੀਤਾ ਕਿ ਉਹ ਫਸਲ ਦਾ ਨਿਰੀਖਣ ਕਰਦੇ ਰਹਿਣ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਕਿਸਾਨ ਪੀਲੀ ਕੁੰਗੀ ਦੇ ਹਮਲੇ ਤੋਂ ਘਬਰਾ ਕੇ ਤੁਰੰਤ ਬੇਲੋੜੀਆਂ ਦਵਾਈਆਂ ਦਾ ਛਿੜਕਾਅ ਸ਼ੁਰੂ ਕਰ ਦੇਣ। ਉਨ੍ਹਾਂ ਕਿਹਾ ਕਿ ਜੇਕਰ ਫਸਲ 'ਤੇ ਪੀਲੀ ਕੁੰਗੀ ਦਾ ਹਮਲਾ ਹੁੰਦਾ ਹੈ ਤਾਂ 200 ਮਿਲੀਲਿਟਰ ਟਿਲਟ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਖੇਤ ਦੇ ਸਿਰਫ ਉਸੇ ਹਿੱਸੇ ਵਿਚ ਛਿੜਕਾਅ ਕੀਤਾ ਜਾਵੇ, ਜਿਸ ਹਿੱਸੇ ਵਿਚ ਪੀਲੀ ਕੁੰਗੀ ਦਾ ਹਮਲਾ ਹੋਇਆ ਹੈ। ਇਸ ਤੋਂ ਇਲਾਵਾ ਖੇਤ ਦੇ ਬਾਕੀ ਹਿੱਸੇ ਵਿਚ ਕਿਸੇ ਦਵਾਈ ਦਾ ਛਿੜਕਾਅ ਕਰਨ ਦੀ ਜ਼ਰੂਰਤ ਨਹੀਂ ਹੈ।
ਗਾਜ਼ੀਆਬਾਦ ਤੋਂ ਆਏ ਤਕਨੀਕੀ ਮਾਹਿਰ ਨੇ ਲਿਆ ਜਾਇਜ਼ਾ
ਗਾਜ਼ੀਆਬਾਦ ਤੋਂ ਤਕਨੀਕੀ ਮਾਹਿਰ ਡਾ. ਵਿਨੇ ਕੁਮਾਰ ਨੇ ਦੀਨਾਨਗਰ ਦੇ ਪਿੰਡ ਭਟੋਆ, ਪਠਾਨਕੋਟ ਦੇ ਪਿੰਡ ਕਟਾਰੂ ਚੱਕ ਸਮੇਤ ਹੋਰ ਪਿੰਡਾਂ 'ਚ ਜਾ ਕੇ ਪੀਲੀ ਕੁੰਗੀ ਤੋਂ ਪ੍ਰਭਾਵਿਤ ਕਣਕ ਦਾ ਜਾਇਜ਼ਾ ਲਿਆ ਅਤੇ ਨਾਲ ਹੀ ਹੋਰ ਬਲਾਕਾਂ 'ਚ ਵੀ ਫਸਲ ਦੀ ਹਾਲਤ ਦੇਖੀ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਫਿਕਰ ਕਰਨ ਦੀ ਲੋੜ ਨਹੀਂ ਹੈ ਅਤੇ ਫਸਲ ਦੀ ਹਾਲਤ ਵੀ ਵਧੀਆ ਹੈ। ਸਿਰਫ ਕੁਝ ਥਾਵਾਂ 'ਤੇ ਪੀਲੀ ਕੁੰਗੀ ਦਾ ਅਸਰ ਦਿਖਾਈ ਦਿੱਤਾ ਹੈ, ਜਿਸ ਨੂੰ ਕਾਬੂ ਕਰਨ ਲਈ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਦੇ ਪ੍ਰਭਾਵਿਤ ਖੇਤਾਂ ਵਿਚ ਤੁਰੰਤ ਸਪਰੇਅ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ।
ਆਨਲਾਈਨ ਰਜਿਸਟਰੀ ਅਪੁਆਇੰਟਮੈਂਟ ਬਣੀ ਮੁਸੀਬਤ, ਪ੍ਰਸ਼ਾਸਨ 'ਤੇ ਠੋਕਿਆ 25 ਲੱਖ ਦਾ ਮੁਕੱਦਮਾ
NEXT STORY