ਨੂਰਪੁਰਬੇਦੀ (ਭੰਡਾਰੀ) : ਸਥਾਨਕ ਪੁਲਸ ਨੇ ਸੋਮਵਾਰ ਨੂੰ ਨਜ਼ਦੀਕੀ ਪਿੰਡ ਖੇੜੀ ਵਿਖੇ ਗੋਲ਼ੀ ਲੱਗਣ ਨਾਲ ਜ਼ਖਮੀਂ ਹੋਏ ਨੌਜਵਾਨ ਚਰਨਜੀਤ ਸਿੰਘ ਪੁੱਤਰ ਸਤਪਾਲ ਸਿੰਘ ਵਾਸੀ ਖੇੜੀ ਦੀ ਸ਼ਿਕਾਇਤ 'ਤੇ 2 ਹਮਲਾਵਰ ਨੌਜਵਾਨਾਂ ਵਿਰੁੱਧ ਇਰਾਦਾ ਕਤਲ ਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਭਾਵੇਂ ਪੁਲਸ ਨੇ ਕੁਝ ਵਿਅਕਤੀਆਂ ਨੂੰ ਹਮਲੇ ਦੇ ਸਬੰਧ 'ਚ ਪੁੱਛਗਿੱਛ ਲਈ ਹਿਰਾਸਤ ਲਿਆ ਹੈ। ਪਰ ਅੱਜ ਦੂਜੇ ਦਿਨ ਵੀ ਅਸਲ ਮੁਲਜ਼ਮ ਅਜੇ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਦੱਸਣਯੋਗ ਹੈ ਕਿ ਬੀਤੇ ਦਿਨੀਂ ਪਿੰਡ ਖੇੜੀ ਵਿਖੇ ਇਕ ਨੌਜਵਾਨ 'ਤੇ ਦੂਜੀ ਧਿਰ ਦੇ ਨੌਜਵਾਨ ਵਲੋਂ ਗੋਲ਼ੀ ਚਲਾ ਦਿੱਤੀ ਗਈ ਸੀ ਜਿਸ ਨਾਲ ਗੰਭੀਰ ਜਖ਼ਮੀਂ ਹੋਏ ਨੌਜਵਾਨ ਚਰਨਜੀਤ ਸਿੰਘ ਨੂੰ ਪੀ.ਜੀ.ਆਈ. ਚੰਡੀਗੜ੍ਹ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ। ਪੀ.ਜੀ.ਆਈ. ਵਿਖੇ ਦਾਖਲ ਪੀੜਤ ਚਰਨਜੀਤ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਜਦੋਂ ਉਹ ਜ਼ਮੀਨ ਦੀ ਬਿਜਾਈ ਕਰਨ ਤੋਂ ਬਾਅਦ ਪਿਤਾ ਸਤਪਾਲ ਸਿੰਘ ਨਾਲ ਆਪਣੇ ਵ੍ਹੀਕਲ 'ਤੇ ਸਵਾਰ ਹੋ ਕੇ ਘਰ ਜਾ ਰਹੇ ਸਨ ਤਾਂ 2 ਮੋਨੇ ਵਿਅਕਤੀ ਜੋ ਕਿਸੀ 2 ਪਹੀਆ ਵਾਹਨ 'ਤੇ ਸਵਾਰ ਹੋ ਕੇ ਆਏ ਅਤੇ ਮੈਨੂੰ ਧੱਕਾ ਦੇ ਕੇ ਸਕੂਟਰ ਸਮੇਤ ਹੇਠਾਂ ਸੁੱਟ ਦਿੱਤਾ।
ਇਨ੍ਹਾਂ 'ਚੋਂ ਇਕ ਨੇ ਆਪਣੇ ਵਾਹਨ ਤੋਂ ਹੇਠਾਂ ਉਤਰ ਕੇ ਆਪਣੇ ਮੂੰਹ ਤੋਂ ਰੁਮਾਲ ਉਤਾਰ ਕੇ ਮੈਨੂੰ ਕਿਹਾ ਕਿ ਲੈ ਮੈਨੂੰ ਦੇਖ ਲੈ। ਉਹ ਵਿਅਕਤੀ ਜੋਲੀ ਪੁੱਤਰ ਹੇਮਰਾਜ ਵਾਸੀ ਖੇੜੀ ਸੀ ਜਿਸਨੇ ਆਪਣੇ ਡੱਬ 'ਚੋਂ ਕੱਟਾ ਕੱਢ ਕੇ ਮੇਰੇ 'ਤੇ ਸਿੱਧਾ ਫਾਇਰ ਕੀਤਾ ਜੋ ਮੇਰੀ ਖੱਬੀ ਵੱਖੀ 'ਚ ਲੱਗਾ ਤੇ ਖੂਨ ਵਗਣ ਲੱਗ ਪਿਆ। ਇਸ ਦੌਰਾਨ ਹਮਲਾਵਰ ਨੇ ਜਾਣ ਤੋਂ ਪਹਿਲਾਂ ਇਕ ਹਵਾਈ ਫਾਇਰ ਵੀ ਕੀਤਾ। ਉਸਨੇ ਦੱਸਿਆ ਕਿ ਦੋ ਪਹੀਆ ਵਾਹਨ ਚਾਲਕ ਨੂੰ ਮੈਂ ਪਛਾਣ ਲਿਆ ਹੈ ਤੇ ਜਿਸਦਾ ਨਾਂ ਹਰਪ੍ਰੀਤ ਸਿੰਘ ਉਰਫ ਹੈੱਪੀ ਪੁੱਤਰ ਕੇਸਰ ਸਿੰਘ ਵਾਸੀ ਪਿੰਡ ਖੇੜੀ ਹੈ। ਸਥਾਨਕ ਪੁਲਸ ਨੇ ਜਖ਼ਮੀਂ ਨੌਜਵਾਨ ਚਰਨਜੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ 2 ਹਮਲਾਵਰ ਨੌਜਵਾਨਾਂ ਜੋਲੀ ਅਤੇ ਹਰਪ੍ਰੀਤ ਸਿੰਘ ਖਿਲਾਫ਼ ਇਰਾਦਾ ਕਤਲ ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਪਟਿਆਲਾ ਜ਼ਿਲ੍ਹੇ 'ਚ ਵੱਡੀ ਵਾਰਦਾਤ, ਅੱਲੜ੍ਹ ਉਮਰ ਦੇ ਮੁੰਡੇ ਵੱਲੋਂ ਚੌਂਕੀਦਾਰ ਦਾ ਬੇਰਹਿਮੀ ਨਾਲ ਕਤਲ
NEXT STORY