ਕੋਟਕਪੂਰਾ (ਨਰਿੰਦਰ ਬੈੜ੍ਹ) : ਜ਼ਿਲ੍ਹਾ ਪੁਲਸ ਮੁਖੀ ਹਰਜੀਤ ਸਿੰਘ ਵੱਲੋਂ ਨਸ਼ਿਆਂ ਖ਼ਿਲਾਫ ਸਖਤ ਕਾਰਵਾਈ ਕਰਨ ਦੀਆਂ ਹਦਾਇਤਾਂ 'ਤੇ ਜ਼ਿਲ੍ਹੇ ਦੇ ਸੀ.ਆਈ.ਏ ਸਟਾਫ ਵਲੋਂ ਦੋ ਵਿਅਕਤੀਆਂ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੀ.ਆਈ.ਏ ਸਟਾਫ ਫਰੀਦਕੋਟ ਦੇ ਸਹਾਇਕ ਥਾਣੇਦਾਰ ਚਮਕੌਰ ਸਿੰਘ ਸਮੇਤ ਪੁਲਸ ਪਾਰਟੀ ਪਿੰਡ ਕੁਹਾਰਵਾਲਾ ਦੇ ਬੱਸ ਸਟੈਂਡ 'ਤੇ ਮੌਜੂਦ ਸਨ ਤਾਂ ਬਾਅਦ ਦੁਪਹਿਰ 4 ਵਜੇ ਦੇ ਕਰੀਬ ਪਿੰਡ ਹਰੀਨੌਂ ਵੱਲੋਂ ਇਕ ਚਿੱਟੇ ਰੰਗ ਦੀ ਕਾਰ ਆਉਂਦੀ ਵਿਖਾਈ ਦਿੱਤੀ, ਜਿਸ ਨੂੰ ਸਹਾਇਕ ਥਾਣੇਦਾਰ ਚਮਕੌਰ ਸਿੰਘ ਨੇ ਹੱਥ ਦੇ ਕੇ ਰੁਕਣ ਦਾ ਇਸ਼ਾਰਾ ਕੀਤਾ। ਇਸ ਦੌਰਾਨ ਕਾਰ ਚਾਲਕ ਪੁਲਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਅਤੇ ਅਚਾਨਕ ਗੱਡੀ ਪਿੱਛੇ ਨੂੰ ਮੋੜਨ ਲੱਗਾ ਤਾਂ ਗੱਡੀ ਅਚਾਨਕ ਬੰਦ ਹੋ ਗਈ।
ਇਸ ਦੌਰਾਨ ਏ.ਐਸ.ਆਈ ਨੇ ਪੁਲਸ ਪਾਰਟੀ ਦੀ ਮਦਦ ਨਾਲ ਕਾਰ ਨੂੰ ਕਾਬੂ ਕਰਕੇ ਕਾਰ ਵਿਚ ਬੈਠੇ ਦੋਵਾਂ ਨੌਜਵਾਨਾਂ ਨੂੰ ਬਾਹਰ ਕੱਢ ਕੇ ਉਨ੍ਹਾਂ ਤੋਂ ਨਾਮ-ਪਤਾ ਪੁੱਛਿਆ ਤਾਂ ਡਰਾਈਵਰ ਸੀਟ 'ਤੇ ਬੈਠੇ ਨੌਜਵਾਨ ਨੇ ਆਪਣਾ ਨਾਮ ਮਨਪ੍ਰੀਤ ਸਿੰਘ ਵਾਸੀ ਮੁਕਤਸਰ ਅਤੇ ਕੰਡਕਟਰ ਸੀਟ 'ਤੇ ਬੈਠੇ ਨੌਜਵਾਨ ਨੇ ਆਪਣਾ ਨਾਂ ਅਰਸ਼ਦੀਪ ਸਿੰਘ ਵਾਸੀ ਪਿੰਡ ਹਰੀਨੌਂ ਦੱਸਿਆ। ਇਸ ਦੌਰਾਨ ਕਾਰ ਦੀ ਤਲਾਸ਼ੀ ਦੌਰਾਨ 20 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਸਬੰਧ ਵਿਚ ਥਾਣਾ ਸਦਰ ਪੁਲਸ ਕੋਟਕਪੂਰਾ ਵਿਖੇ ਦੋਵਾਂ ਨੌਜਵਾਨਾਂ ਮਨਪ੍ਰੀਤ ਸਿੰਘ ਅਤੇ ਅਰਸ਼ਦੀਪ ਸਿੰਘ ਖਿਲਾਫ ਐੱਨ.ਡੀ.ਪੀ.ਐੱਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
ਮੰਤਰੀ ਧਾਲੀਵਾਲ ਵੱਲੋਂ ਅਜਨਾਲਾ ਦੇ ਆਲੇ-ਦੁਆਲੇ ਸੜਕਾਂ ’ਤੇ ਫਲਦਾਰ ਬੂਟੇ ਲਗਾਉਣ ਦੀ ਸ਼ੁਰੂਆਤ
NEXT STORY