ਲੁਧਿਆਣਾ (ਰਾਜ) : ਪਿੰਡ ਪਮਾਲੀ ਦੇ ਰਹਿਣ ਵਾਲੇ ਇਕ ਨੌਜਵਾਨ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਰਨ ਤੋਂ ਪਹਿਲਾਂ ਉਸ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਪਾ ਦਿੱਤੀ, ਜਿਸ ਵਿਚ ਉਸ ਨੇ ਆਪਣੇ ਤਾਇਆ ਅਤੇ ਤਾਈ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਦੋਸ਼ ਲਗਾਇਆ ਹੈ। ਮ੍ਰਿਤਕ ਦੀ ਪਛਾਣ ਮਨਿੰਦਰ ਸਿੰਘ (28) ਵੱਜੋਂ ਹੋਈ ਹੈ। ਥਾਣਾ ਡੇਹਲੋਂ ਦੀ ਪੁਲਸ ਨੇ ਚਮਕੌਰ ਸਿੰਘ ਦੀ ਸ਼ਿਕਾਇਤ ’ਤੇ ਪਿੰਡ ਪਮਾਲੀ ਦੇ ਦਲਵਿੰਦਰ ਸਿੰਘ ਅਤੇ ਉਸ ਦੀ ਪਤਨੀ ਸੁਰਜੀਤ ਕੌਰ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਕੇਸ ਦਰਜ ਕੀਤਾ ਹੈ।
ਚਮਕੌਰ ਸਿੰਘ ਨੇ ਪੁਲਸ ਸ਼ਿਕਾਇਤ ਵਿਚ ਦੱਸਿਆ ਹੈ ਕਿ ਦਲਵਿੰਦਰ ਸਿੰਘ ਅਤੇ ਸੁਰਜੀਤ ਕੌਰ ਉਸ ਦੇ ਭਰਾ-ਭਰਜਾਈ ਹਨ। ਉਨ੍ਹਾਂ ਦੇ ਕੋਈ ਔਲਾਦ ਨਹੀਂ ਹੈ। ਇਸ ਲਈ ਉਨ੍ਹਾਂ ਨੇ ਉਸ ਦੇ ਬੇਟੇ ਮਨਿੰਦਰ ਸਿੰਘ ਨੂੰ ਗੋਦ ਲਿਆ ਹੋਇਆ ਸੀ। ਪਿਛਲੇ ਕਈ ਸਾਲਾਂ ਤੋਂ ਉਸ ਦਾ ਬੇਟਾ ਮਨਿੰਦਰ ਸਿੰਘ ਉਨ੍ਹਾਂ ਕੋਲ ਹੀ ਰਹਿੰਦਾ ਸੀ। ਉਹ ਦੋਵੇਂ ਮਨਿੰਦਰ ਸਿੰਘ ਨੂੰ ਕਾਫੀ ਤੰਗ-ਪਰੇਸ਼ਾਨ ਕਰਦੇ ਸਨ, ਜਿਸ ਤੋਂ ਤੰਗ ਆ ਕੇ 26 ਜਨਵਰੀ ਦੀ ਸਵੇਰ ਮਨਿੰਦਰ ਨੇ ਸਲਫਾਸ ਦੀਆਂ ਗੋਲੀਆਂ ਨਿਗਲ ਲਈਆਂ ਸਨ। ਉਸ ਨੂੰ ਗੰਭੀਰ ਹਾਲਤ ਵਿਚ ਡੀ. ਐੱਮ. ਸੀ. ਹਸਪਤਾਲ ਲੈ ਕੇ ਗਏ ਸਨ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ।
ਚਮਕੌਰ ਨੇ ਦੱਸਿਆ ਕਿ ਜ਼ਹਿਰ ਨਿਗਲਣ ਤੋਂ ਪਹਿਲਾਂ ਮਨਿੰਦਰ ਨੇ ਇਕ ਵੀਡੀਓ ਬਣਾ ਕੇ ਸੋਸ਼ਲ ਪੇਜ਼ ਫੇਸਬੁੱਕ ’ਤੇ ਪਾਈ ਸੀ। ਵੀਡੀਓ ਵਿਚ ਉਹ ਬੋਲ ਰਿਹਾ ਸੀ ਕਿ ਉਸ ਦੇ ਤਾਇਆ-ਤਾਈ ਉਸ ਨੂੰ ਕਾਫੀ ਪਰੇਸ਼ਾਨ ਕਰਦੇ ਹਨ। ਉਸ ਤੋਂ ਸਾਰਾ ਦਿਨ ਕੰਮ ਕਰਵਾਉਂਦੇ ਹਨ ਅਤੇ ਜਦੋਂ ਵੀ ਕੋਈ ਰਿਸ਼ਤਾ ਆਉਂਦਾ ਸੀ, ਉਹ ਕਿਸੇ ਨਾ ਕਿਸੇ ਕਾਰਨ ਉਸ ਨੂੰ ਤੋੜ ਦਿੰਦੇ ਸਨ। ਆਪਣੇ ਤਾਇਆ-ਤਾਈ ਤੋਂ ਪਰੇਸ਼ਾਨ ਹੋ ਕੇ ਉਹ ਖ਼ੁਦਕੁਸ਼ੀ ਕਰ ਰਿਹਾ ਹੈ। ਜਾਂਚ ਅਧਿਕਾਰੀ ਸੁਭਾਸ਼ ਚੰਦਰ ਦਾ ਕਹਿਣਾ ਹੈ ਕਿ ਮੁਲਜ਼ਮਾਂ ’ਤੇ ਕੇਸ ਦਰਜ ਕਰ ਲਿਆ ਹੈ। ਜਲਦ ਮੁਲਜ਼ਮਾਂ ਨੂੰ ਫੜ੍ਹ ਲਿਆ ਜਾਵੇਗਾ।
SGPC ਵੱਲੋਂ ਅਮਰੀਕਾ ਦੀ ਸੰਸਥਾ ਦੇ ਸਹਿਯੋਗ ਨਾਲ 4 ਕਾਲਜਾਂ ’ਚ ਚਲਾਏ ਜਾਣਗੇ ਨਵੇਂ ਕੋਰਸ
NEXT STORY