ਮੋਗਾ (ਅਜ਼ਾਦ) - ਬੇਸ਼ੱਕ ਪੰਜਾਬ ਸਰਕਾਰ ਇਹ ਦਾਅਵੇ ਕਰਦੇ ਥੱਕਦੀ ਨਹੀਂ ਕਿ ਉਨ੍ਹਾਂ ਨਸ਼ਿਆਂ ਦੀ ਰੋਕਥਾਮ ਲਈ ਐੱਸ. ਟੀ. ਐੱਫ. ਦਾ ਗਠਨ ਕਰਕੇ ਨਸ਼ਾ ਵਿੱਕਰੀ ਕਰਨ ਵਾਲਿਆਂ ਖਿਲਾਫ ਸ਼ਿਕੰਜਾ ਕੱਸਿਆ ਹੋਇਆ ਹੈ ਪਰ ਸਚਾਈ ਤਾਂ ਇਹ ਹੈ ਕਿ ਨਸ਼ਾ ਵਿੱਕਰੀ ਕਰਨ ਵਾਲੇ ਖਾਸ ਤੌਰ 'ਤੇ ਚਿੱਟਾ ਸ਼ਰੇਆਮ ਵਿੱਕਰੀ ਕਰਨ 'ਚ ਲੱਗੇ ਹੋਏ ਹਨ। ਭਾਵੇਂ ਰੋਜ਼ਾਨਾਂ ਪੁਲਸ ਚਿੱਟਾ ਵਿੱਕਰੀ ਕਰਨ ਵਾਲਿਆਂ ਨੂੰ ਕਾਬੂ ਕਰ ਰਹੀ ਹੈ ਪਰ ਫਿਰ ਵੀ ਇਹ ਨਸ਼ੇ ਦੀ ਵਿੱਕਰੀ ਕਰਨ ਤੋਂ ਨਹੀਂ ਰੁਕਦੇ। ਇਸ ਚਿੱਟੇ ਨੇ ਬੀਤੀ ਰਾਤ ਘਰ ਦੇ ਇਕਲੋਤੇ ਚਿਰਾਗ ਨੂੰ ਬੁਝਾ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮਹਿਣਾ ਦੇ ਇੰਚਾਰਜ ਇੰਸਪੈਕਟਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਕਿਰਨਦੀਪ ਸਿੰਘ (28) ਪੁੱਤਰ ਅਵਤਾਰ ਸਿੰਘ ਨਿਵਾਸੀ ਬਾਘਾਪੁਰਾਣਾ ਜੋ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ ਅਤੇ ਉਸਦੀ ਇਕ ਭੈਣ ਸੀ। ਉਸ ਵਿਆਹ ਹੋ ਚੁੱਕਾ ਸੀ। ਉਹ ਕਿਸੇ ਕੰਮ ਦੇ ਸਬੰਧ 'ਚ ਜਲੰਧਰ ਪਾਸਪੋਰਟ ਦਫਤਰ ਗਿਆ ਸੀ। ਰਾਤ ਨੂੰ ਦੇਰ ਹੋਣ ਕਾਰਨ ਉਹ ਪਿੰਡ ਲੰਡੇਕੇ 'ਚ ਆਪਣੇ ਰਿਸ਼ਤੇਦਾਰ ਦੇ ਘਰ ਰੁਕ ਗਿਆ। ਉੱਥੇ ਰਾਤ ਦੇ ਸਮੇਂ ਉਸਦੀ ਹਾਲਤ ਅਚਾਨਕ ਖਰਾਬ ਹੋ ਗਈ, ਜਿਸ 'ਤੇ ਘਰ ਵਾਲਿਆਂ ਨੇ ਬਾਘਾਪੁਰਾਣਾ ਸਥਿਤ ਉਸਦੇ ਪਰਿਵਾਰ ਨੂੰ ਬੁਲਾ ਲਿਆ। ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਪਹਿਲਾਂ ਉਸ ਦੀ ਮੌਤ ਹੋ ਚੁੱਕੀ ਸੀ।
ਥਾਣਾ ਮੁਖੀ ਨੇ ਦੱਸਿਆ ਕਿ ਪਰਿਵਾਰ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਦਾ ਲੜਕਾ ਕਥਿਤ ਤੌਰ 'ਤੇ ਨਸ਼ੇ ਦਾ ਆਦੀ ਸੀ। ਅਸੀਂ ਉਸ ਨੂੰ ਇਸ ਤੋਂ ਛੁੱਟਕਾਰਾ ਦਿਵਾਉਣ ਲਈ ਕਈ ਮਹੀਨੇ ਨਸ਼ਾ ਛੁਡਾਊ ਕੇਂਦਰ 'ਚ ਭਰਤੀ ਕਰਵਾਇਆ ਸੀ ਅਤੇ ਕੁੱਝ ਦਿਨ ਪਹਿਲਾਂ ਹੀ ਉਥੋਂ ਆਇਆ ਅਤੇ ਨਸ਼ੇ ਦੇ ਚੱਲਦੇ ਹੀ ਉਸ ਦੀ ਮੌਤ ਹੋਈ ਹੈ ਅਤੇ ਇਸ ਤਰ੍ਹਾਂ ਨਸ਼ੇ ਨੇ ਸਾਡੇ ਘਰ ਦਾ ਦੀਵਾ ਬੁਝਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਘਟਨਾ ਦੀ ਜਾਣਕਾਰੀ ਮਿਲਣ 'ਤੇ ਮੈਂ ਅਤੇ ਸਹਾਇਕ ਥਾਣੇਦਾਰ ਮੇਜਰ ਸਿੰਘ ਪਿੰਡ ਲੰਡੇਕੇ ਪੁੱਜੇ ਅਤੇ ਲਾਸ਼ ਨੂੰ ਕਬਜ਼ੇ 'ਚ ਲੈਣ ਦੇ ਇਲਾਵਾ ਆਸ-ਪਾਸ ਦੇ ਲੋਕ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਕੀਤੀ, ਤਾਂ ਉਨ੍ਹਾਂ ਕਿਹਾ ਕਿ ਨਸ਼ੇ ਦੇ ਕਾਰਨ ਹੀ ਕਿਰਨਦੀਪ ਸਿੰਘ ਦੀ ਮੌਤ ਹੋ ਗਈ।
ਥਾਣਾ ਮੁਖੀ ਨੇ ਕਿਹਾ ਕਿ ਮ੍ਰਿਤਕ ਦੇ ਪਿਤਾ ਅਵਤਾਰ ਸਿੰਘ ਪੁੱਤਰ ਮਹਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਦਾ ਸਿਵਲ ਹਸਪਤਾਲ ਮੋਗਾ ਵਿਖੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਿਸਾਂ ਦੇ ਹਵਾਲੇ ਕਰ ਦਿੱਤੀ।
ਵਿਸਾਖੀ ਦੇ ਮੱਦੇਨਜ਼ਰ ਵੱਖ-ਵੱਖ ਥਾਵਾਂ 'ਤੇ ਕੀਤੀ ਗਈ ਚੈਕਿੰਗ
NEXT STORY