ਸੰਗਤ ਮੰਡੀ, (ਮਨਜੀਤ)- ਪਿੰਡ ਬਾਹੋ ਯਾਤਰੀ ਦੇ ਇਕ ਨੌਜਵਾਨ ਵੱਲੋਂ ਫੌਜ ’ਚ ਨੌਕਰੀ ਨਾ ਮਿਲਣ ਕਾਰਨ ਬਠਿੰਡਾ-ਬੀਕਾਨੇਰ ਰੇਲਵੇ ਲਾਈਨ ’ਤੇ ਸੰਗਤ ਮੰਡੀ ਨੇੜੇ ਬੀਤੀ ਸ਼ਾਮ ਗੱਡੀ ਥੱਲੇ ਆ ਕੇ ਆਤਮ ਹੱਤਿਆ ਕਰ ਲਈ। ਪਿੰਡ ਵਾਸੀ ਕੁਲਵੀਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅਮਿਤਾਪ ਸਿੰਘ (19) ਪੁੱਤਰ ਸੁਰਜੀਤ ਸਿੰਘ ਨੇ 12ਵੀਂ ਕਲਾਸ ਪਾਸ ਕਰਨ ਉਪਰੰਤ ਫੌਜ ’ਚ ਨੌਕਰੀ ਲਈ ਕਾਫੀ ਹੱਥ ਪੈਰੇ ਮਾਰੇ ਪਰ ਸਫਲ ਨਾ ਹੋਇਆ, ਹੁਣ ਅਮਿਤਾਪ ਆਈ. ਟੀ. ਆਈ. ਕਰ ਰਿਹਾ ਸੀ। ਫੌਜ ’ਚ ਨੌਕਰੀ ਨਾ ਮਿਲਣ ਕਾਰਨ ਉਹ ਕਾਫੀ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ, ਇਸੇ ਪ੍ਰੇਸ਼ਾਨੀ ਦੇ ਕਾਰਨ ਉਸ ਨੇ ਬੀਤੀ ਰਾਤ ਰੇਲ ਗੱਡੀ ਥੱਲੇ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਸਬੰਧੀ ਰੇਲਵੇ ਪੁਲਸ ਦੇ ਸਹਾਇਕ ਥਾਣੇਦਾਰ ਕਸ਼ਮੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮ੍ਰਿਤਕ ਅਮਿਤਾਪ ਸਿੰਘ ਦੇ ਪਿਤਾ ਸੁਰਜੀਤ ਸਿੰਘ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮੱਧਵਰਗੀ ਕਿਸਾਨ ਸੁਰਜੀਤ ਸਿੰਘ ਸਿਰ ਆਪਣੀਆਂ ਤਿੰਨ ਲਡ਼ਕੀਆਂ ਦਾ ਵਿਆਹ ਕਰਨ ਸਮੇਂ ਕਾਫੀ ਕਰਜ਼ ਚਡ਼੍ਹ ਗਿਆ ਸੀ, ਕਰਜ਼ੇ ਤੋਂ ਛੁਟਕਾਰੇ ਲਈ ਨੌਜਵਾਨ ਨੌਕਰੀ ਦੀ ਭਾਲ ਕਰ ਰਿਹਾ ਸੀ ਪਰ ਅਮਿਤਾਪ ਨੂੰ ਨੌਕਰੀ ਨਾ ਮਿਲੀ ਤਾਂ ਉਸ ਨੇ ਮੌਤ ਦਾ ਰਸਤਾ ਚੁਣ ਲਿਆ। ਅਚਨਚੇਤੀ ਹੋਈ ਮੌਤ ਕਾਰਨ ਸਮੁੱਚੇ ਪਿੰਡ ’ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਭੇਤਭਰੇ ਹਾਲਾਤ ’ਚ ਇਕ ਨੌਜਵਾਨ ਦੀ ਲਾਸ਼ ਬਰਾਮਦ
NEXT STORY