ਨੂਰਪੁਰਬੇਦੀ (ਭੰਡਾਰੀ) : ਨੂਰਪੁਰਬੇਦੀ-ਰੂਪਨਗਰ ਮੁੱਖ ਮਾਰਗ ’ਤੇ ਪੈਂਦੇ ਪਿੰਡ ਰਾਏਪੁਰ ਮੁੰਨੇ ਲਾਗੇ ਦੇਰ ਸ਼ਾਮ ਇਕ ਤੇਜ਼ ਰਫਤਾਰ ਟਰੱਕ ਦੀ ਫੇਟ ਵੱਜਣ ਨਾਲ ਨਜ਼ਦੀਕੀ ਪਿੰਡ ਝਾਂਡੀਆਂ ਕਲਾਂ ਦੇ ਇਕ 46 ਸਾਲਾ ਮੋਟਰਸਾਈਲਕ ਚਾਲਕ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਏ.ਐੱਸ.ਆਈ. ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਿਸਦੀ ਪਛਾਣ ਪਰਮਜੀਤ ਪੁੱਤਰ ਜਗਤ ਰਾਮ ਨਿਵਾਸੀ ਪਿੰਡ ਝਾਂਡੀਆਂ ਕਲਾਂ ਵਜੋਂ ਹੋਈ ਹੈ ਦੇ ਵੱਡੇ ਭਰਾ ਓਮ ਪ੍ਰਕਾਸ਼ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਉਹ ਪਿੰਡ ਬੜਵਾ ਵਿਖੇ ਰਿਸ਼ਤੇਦਾਰੀ ’ਚ ਹੋਏ ਇਕ ਵਿਆਹ ਸਮਾਗਮ ਤੋਂ ਬਾਅਦ ਵਾਪਸ ਆਪਣੇ ਪਿੰਡ ਨੂੰ ਜਾ ਰਹੇ ਸਨ।
ਇਸ ਦੌਰਾਨ ਉਸਦਾ ਭਰਾ ਪਰਮਜੀਤ ਅੱਗੇ-ਅੱਗੇ ਆਪਣੇ ਮੋਟਰਸਾਈਕਲ ’ਤੇ ਜਦਕਿ ਉਹ ਉਸਦੇ ਪਿੱਛੇ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਹੇ ਸਨ ਕਿ ਸ਼ਾਮ ਕਰੀਬ 6 ਕੁ ਵਜੇ ਜਦੋਂ ਉਹ ਪਿੰਡ ਰਾਏਪੁਰ ਮੁੰਨੇ ਲਾਗੇ ਪਹੁੰਚੇ ਤਾਂ ਰੂਪਨਗਰ ਦੀ ਤਰਫੋਂ ਆ ਰਹੇ ਇਕ ਤੇਜ਼ ਰਫਤਾਰ ਹਿਮਾਚਲ ਨੰਬਰੀ ਟਰੱਕ ਜਿਸ ਨੂੰ ਚਾਲਕ ਨੇ ਲਾਪ੍ਰਵਾਹੀ ਨਾ ਲਿਆ ਕੇ ਆਪਣੇ ਸਾਈਡ ਜਾ ਰਹੇ ਉਸਦੇ ਭਰਾ ਦੇ ਮੋਟਰਸਾਈਕਲ ’ਚ ਟੱਕਰ ਮਾਰ ਦਿੱਤੀ।
ਇਸ ਕਾਰਨ ਉਸਦਾ ਛੋਟਾ ਭਰਾ ਪਰਮਜੀਤ ਗੰਭੀਰ ਰੂਪ ’ਚ ਜ਼ਖਮੀਂ ਹੋ ਗਿਆ ਜਿਸਨੂੰ ਤੁਰੰਤ ਲੋਕਾਂ ਦੀ ਸਹਾਇਤਾ ਨਾਲ ਨਜ਼ਦੀਕੀ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਇਲਾਜ ਲਈ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਟਰੱਕ ਦਾ ਨੰਬਰ ਨੋਟ ਕਰ ਕੇ ਇਸ ਦੀ ਪੁਲਸ ਨੂੰ ਜਾਣਕਾਰੀ ਦਿੱਤੀ ਜਿਸ ਤੋਂ ਉਪਰੰਤ ਪੁਲਸ ਨੇ ਟਰੱਕ ਕਬਜ਼ੇ ’ਚ ਲੈ ਕੇ ਫਰਾਰ ਹੋਏ ਉਸਦੇ ਨਾਮਲੂਮ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ। ਪੁਲਸ ਨੇ ਅੱਜ ਬਾਅਦ ਦੁਪਹਿਰ ਮ੍ਰਿਤਕ ਦਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਿਤ ਭਾਈ ਜੈਤਾ ਜੀ ਸਰਕਾਰੀ ਹਸਪਤਾਲ ਵਿਖੇ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਿਸਾਂ ਹਵਾਲੇ ਕਰ ਦਿੱਤਾ। ਮ੍ਰਿਤਕ ਆਪਣੇ ਪਿੱਛੇ ਵਿਧਵਾ ਪਤਨੀ ਤੋਂ ਇਲਾਵਾ 4 ਬੱਚਿਆਂ ’ਚ ਸ਼ਾਮਲ 3 ਲੜਕੀਆਂ ਤੇ 1 ਲੜਕਾ ਛੱਡ ਗਿਆ ਹੈ।
ਨਵਾਂਸ਼ਹਿਰ ਪੁਲਸ ਵੱਲੋਂ ਹੈਰੋਇਨ ਸਮੇਤ 1 ਵਿਅਕਤੀ ਕਾਬੂ
NEXT STORY