ਲਹਿਰਾਗਾਗਾ (ਜ.ਬ.) : ਸੂਬੇ ’ਚ ਲੰਮੇਂ ਸਮੇਂ ਤੋ ਨਕਲੀ ਦੁੱਧ, ਦੇਸੀ ਘਿਓ, ਪਨੀਰ, ਮਠਿਆਈਆਂ ਦੀ ਵਿਕਰੀ ਜ਼ੋਰਾਂ 'ਤੇ ਹੋਣ ਤੋਂ ਬਾਅਦ ਹੁਣ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਘਰਾਟਾਂ ਦੇ ਨਾਂ ’ਤੇ ਨਕਲੀ ਆਟਾ ਅਤੇ ਵੇਸਣ ਵੱਡੇ ਪੱਧਰ ’ਤੇ ਵਿਕਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਇਸ ਸਬੰਧੀ ਜਾਂਚ ਕੀਤੀ ਗਈ ਤਾਂ ਹੈਰਾਨੀ ਹੋਈ ਕਿ ਪੰਜਾਬ ਖ਼ਾਸ ਕਰ ਮਾਲਵਾ ਬੈਲਟ ’ਚ ਜ਼ਿਲ੍ਹਾ ਸੰਗਰੂਰ ਦੇ ਪਿੰਡ ਸੁੱਲਰ ਵਿਖੇ ਪੰਜ ਘਰਾਟ (ਨਹਿਰੀ ਪਾਣੀ ਨਾਲ ਚੱਲਣ ਵਾਲੀ ਆਟਾ ਚੱਕੀ) ਬੰਦ ਹੋਣ ਦੇ ਬਾਵਜੂਦ ਕਈ ਜ਼ਿਲ੍ਹਿਆਂ ’ਚ ਘਰਾਟਾਂ ਦੇ ਨਾਂ ’ਤੇ ਨਕਲੀ ਆਟਾ ਤੇ ਵੇਸਣ ਵੇਚਣ ਦਾ ਧੰਦਾ ਜ਼ੋਰਾਂ ’ਤੇ ਚੱਲ ਰਿਹਾ ਹੈ। ਪਤਾ ਲੱਗਿਆ ਕਿ ਕੁਝ ਸ਼ਹਿਰਾਂ ’ਚ ਸ਼ਾਤਰ ਦਿਮਾਗ ਵਿਅਕਤੀ ਘਰਾਟਾਂ ਦੇ ਨਾਂ ’ਤੇ ਨਕਲੀ ਆਟੇ ਅਤੇ ਵੇਸਣ ਦਾ ਵੱਡੇ ਪੱਧਰ ’ਤੇ ਕਾਰੋਬਾਰ ਕਰ ਕੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਦੇ ਹੋਏ ਮੋਟੀ ਮੁਨਾਫਾਖੋਰੀ ਕਰ ਰਹੇ ਹਨ ਅਤੇ ਘਰਾਟਾਂ ਦੇ ਆਟੇ ਦੇ ਨਾਂ ’ਤੇ ਲੋਕਾਂ ਨੂੰ ਬੇਵਕੂਫ਼ ਬਣਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਮਸ਼ਹੂਰ ਕਬੱਡੀ ਕੋਚ ਦਾ ਮਨੀਲਾ ’ਚ ਗੋਲ਼ੀਆਂ ਮਾਰ ਕੇ ਕਤਲ
ਜ਼ਿਕਰਯੋਗ ਹੈ ਕਿ ਮਾਲਵਾ ਬੈਲਟ ’ਚ ਪਿੰਡ ਸੁੱਲਰ ਵਿਖੇ 5 ਘਰਾਟ ਪਿਛਲੇ ਕਾਫ਼ੀ ਸਮੇਂ ਤੋਂ ਬੰਦ ਪਏ ਹਨ ਪਰ ਘਰਾਟਾਂ ਦੇ ਆਟੇ ਨੂੰ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ ਜਿਸ ਦਾ ਫਾਇਦਾ ਸ਼ਾਤਰ ਦਿਮਾਗ ਲੋਕ ਚੁੱਕ ਰਹੇ ਹਨ। ਘਰਾਟਾਂ ਕਾਰਨ ਹੀ ਪਿੰਡ ਸੁੱਲਰ ਪੂਰੇ ਪੰਜਾਬ ’ਚ ਮਸ਼ਹੂਰ ਹੈ। ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਘਰਾਟਾਂ ਦੇ ਨਾਂ ’ਤੇ ਸ਼ਰੇਆਮ ਨਕਲੀ ਵਿਕ ਰਹੇ ਆਟੇ ਅਤੇ ਵੇਸਨ ਦੀ ਵਿਕਰੀ ਜ਼ੋਰਾਂ ’ਤੇ ਹੋਣ ਦੇ ਬਾਵਜੂਦ ਖੁਫ਼ੀਆ ਤੰਤਰ ਅਤੇ ਫੂਡ ਸਪਲਾਈ ਵਿਭਾਗ ਕਿੱਥੇ ਹੈ?
ਘਰਾਟਾਂ ਦੇ ਨਾਂ ’ਤੇ ਨਕਲੀ ਆਟਾ ਵੇਚਣ ਵਾਲਿਆਂ ਵਿਰੁੱਧ ਕਰਾਂਗੇ ਸਖਤ ਕਾਰਵਾਈ : ਐੱਸ. ਡੀ. ਓ.
ਨਹਿਰੀ ਵਿਭਾਗ ਸਬ-ਡਵੀਜ਼ਨ ਸੰਗਤੀਵਾਲਾ ਦੇ ਐੱਸ. ਡੀ. ਓ. ਗੁਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਸੁੱਲਰ ਦੇ ਪੰਜ ਘਰਾਟਾਂ ਦੀ ਵਿਭਾਗ ਵੱਲੋਂ ਕਈ ਵਾਰ ਬੋਲੀ ਕਰਵਾਈ ਜਾ ਚੁੱਕੀ ਹੈ ਪਰ ਠੇਕੇਦਾਰਾਂ ਦੀ ਮਿਲੀਭੁਗਤ ਕਾਰਨ ਠੇਕਾ ਨਾ ਟੁੱਟਣ ਕਾਰਨ ਇਹ ਘਰਾਟ ਹੁਣ ਤਕ ਬੰਦ ਹਨ। ਘਰਾਟਾਂ ਦੇ ਨਾਂ ’ਤੇ ਆਟਾ ਵੇਚਣ ਦਾ ਕਾਨੂੰਨੀ ਹੱਕ ਸਿਰਫ਼ ਸਰਕਾਰ ਦਾ ਜਾਂ ਘਰਾਟ ਚਲਾਉਣ ਵਾਲੇ ਠੇਕੇਦਾਰ ਦਾ ਹੈ ਪਰ ਆਮ ਪਬਲਿਕ ਵੱਲੋਂ ਫੂਡ ਸਪਲਾਈ ਅਤੇ ਨਹਿਰੀ ਮਹਿਕਮੇ ਦੇ ਧਿਆਨ ’ਚ ਨਕਲੀ ਆਟੇ ਸਬੰਧੀ ਮੁੱਦਾ ਲਿਆਂਦਾ ਗਿਆ ਹੈ ਅਤੇ ਅਜਿਹੀਆਂ ਕੁਝ ਫਰਮਾਂ ਦੇ ਨਾਂ ਦੇ ਕੇ ਕਾਰਵਾਈ ਦੀ ਮੰਗ ਵੀ ਕੀਤੀ ਗਈ ਹੈ। ਘਰਾਟਾਂ ਦੇ ਨਾਂ ’ਤੇ ਨਕਲੀ ਆਟਾ ਵੇਚਣ ਵਾਲੀਆਂ ਕਈ ਫਰਮਾਂ ਨੂੰ ਸਖ਼ਤ ਚਿਤਾਵਨੀ ਦੇ ਦਿੱਤੀ ਗਈ ਹੈ ਅਤੇ ਵੱਖ-ਵੱਖ ਸ਼ਹਿਰਾਂ ਤੇ ਪਿੰਡਾਂ ’ਚ ਨਕਲੀ ਘਰਾਟ ਦੇ ਨਾਂ ਆਟੇ ਦੀ ਵਿਕਰੀ ਨੂੰ ਤੁਰੰਤ ਰੋਕਣ ਅਤੇ ਜੋ ਪੈਕਟ ਮਾਰਕੀਟ ’ਚ ਸਪਲਾਈ ਕੀਤੇ ਗਏ ਹਨ ਉਹ ਤੁਰੰਤ ਵਾਪਸ ਮੰਗਵਾਏ ਜਾਣ ਲਈ ਲਿਖ ਦਿੱਤਾ ਗਿਆ ਹੈ। ਇਸ ਸਬੰਧੀ ਫੂਡ ਸਪਲਾਈ ਐਂਡ ਸੇਫਟੀ ਵਿੰਗ ਵੱਲੋਂ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ
ਇਹ ਵੀ ਪੜ੍ਹੋ- ਅਜ਼ੀਜ਼ ਖਾਨ ਦੀ ਮੌਤ ਮਗਰੋਂ ਸਾਹਮਣੇ ਆਇਆ ਪਰਿਵਾਰ, ਦੱਸੀ ਹਾਦਸੇ ਦੀ ਵਜ੍ਹਾ, ਖੜ੍ਹੇ ਕੀਤੇ ਵੱਡੇ ਸਵਾਲ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਵਿਜੀਲੈਂਸ ਬਿਊਰੋ ਵੱਲੋਂ 15,000 ਰੁਪਏ ਰਿਸ਼ਵਤ ਲੈਂਦਾ ਸੇਵਾ ਕੇਂਦਰ ਦਾ ਸੀਨੀਅਰ ਮੁਲਾਜ਼ਮ ਰੰਗੇ ਹੱਥੀਂ ਕਾਬੂ
NEXT STORY