ਭਵਾਨੀਗੜ੍ਹ (ਵਿਕਾਸ ਮਿੱਤਲ) : ਸਥਾਨਕ ਸ਼ਹਿਰ ਤੇ ਇਲਾਕੇ 'ਚ ਪਾਬੰਦੀਸ਼ੁਦਾ ਮਾਰੂ ਚਾਈਨਾ ਡੋਰ ਦੀ ਖੁੱਲ੍ਹੇਆਮ ਵਿਕਰੀ ਅਤੇ ਵਰਤੋਂ ਲੋਕਾਂ ਦੀ ਜਾਨ ਲਈ ਗੰਭੀਰ ਖ਼ਤਰਾ ਬਣਦੀ ਜਾ ਰਹੀ ਹੈ। ਕਾਨੂੰਨੀ ਰੋਕਾਂ ਦੇ ਬਾਵਜੂਦ ਇਹ ਖ਼ਤਰਨਾਕ ਡੋਰ ਪਤੰਗਬਾਜ਼ਾਂ ਦੇ ਹੱਥਾਂ ’ਚ ਆਸਾਨੀ ਨਾਲ ਪਹੁੰਚ ਰਹੀ ਹੈ ਜਿਸ ਕਾਰਨ ਆਮ ਲੋਕਾਂ ਖ਼ਾਸ ਕਰਕੇ ਦੋਪਹੀਆ ਵਾਹਨ ਚਲਾਉਣ ਵਾਲਿਆਂ, ਬੱਚਿਆਂ ਤੇ ਪੰਛੀਆਂ ਦੀ ਜਾਨ ਨੂੰ ਸਿੱਧਾ ਖ਼ਤਰਾ ਪੈਦਾ ਹੋ ਗਿਆ ਹੈ।ਪਿਛਲੇ ਦਿਨੀਂ ਸੰਗਰੂਰ ਵਿਚ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਚਾਈਨਾ ਡੋਰ ਨਾਲ ਗਲ੍ਹ ਕਟਣ ਤੇ ਗੰਭੀਰ ਜ਼ਖ਼ਮੀ ਹੋਣ ਵਰਗੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਇਸਦੇ ਬਾਵਜੂਦ ਭਵਾਨੀਗੜ੍ਹ ਇਲਾਕੇ 'ਚ ਸਿਵਲ ਪ੍ਰਸ਼ਾਸਨ ਜਾਂ ਪੁਲਸ ਦੀ ਨਾ ਤਾਂ ਵਿਕਰੀ ’ਤੇ ਢੁੱਕਵੀਂ ਨਿਗਰਾਨੀ ਹੈ ਅਤੇ ਨਾ ਚਾਇਨਾ ਡੋਰ ਖ਼ਿਲਾਫ਼ ਫਿਲਹਾਲ ਕੋਈ ਵਿਸ਼ੇਸ਼ ਮੁਹਿੰਮ ਵਿੱਢੀ ਹੋਈ ਦਿਖਾਈ ਦੇ ਰਹੀ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਤਿਉਹਾਰੀ ਮੌਸਮ ਨੇੜੇ ਆਉਂਦੇ ਹੀ ਕੁਝ ਲੋਕ ਗੁਪਤ ਤੌਰ ’ਤੇ ਕੰਮ ਕਰਨ ਵਾਲੇ ਵਿਕਰੇਤਾ ਚਾਇਨਾ ਡੋਰ ਦੀ ਸਪਲਾਈ ਸ਼ੁਰੂ ਕਰ ਦਿੰਦੇ ਹਨ ਪਰ ਪ੍ਰਸ਼ਾਸਨ ਦੀਆਂ ਅੱਖਾਂ ਬੰਦ ਰਹਿੰਦੀਆਂ ਹਨ ਤੇ ਨਤੀਜੇ ਵਜੋਂ ਕਾਗਜ਼ਾਂ ਤੱਕ ਸੀਮਿਤ ਪਾਬੰਦੀ ਹਕੀਕਤ ਵਿਚ ਬੇਅਸਰ ਸਾਬਤ ਹੋ ਰਹੀ ਹੈ। ਇਸ ਮੁੱਦੇ ਸਬੰਧੀ ਸਮਾਜਿਕ ਸੰਸਥਾਵਾਂ ਤੇ ਜ਼ਿੰਮੇਵਾਰ ਨਾਗਰਿਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚਾਇਨਾ ਡੋਰ ਦੀ ਵਿਕਰੀ, ਸਟਾਕ ਤੇ ਵਰਤੋਂ ’ਤੇ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ ਜਨਤਾ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ ਤਾਂ ਜੋ ਕਿਸੇ ਬੇਗੁਨਾਹ ਦੀ ਜਾਨ ਨਾ ਜਾਵੇ। ਓਧਰ, 'ਜਗਬਾਣੀ' ਨਾਲ ਗੱਲਬਾਤ ਕਰਦਿਆਂ ਰਾਹੁਲ ਕੌਸ਼ਲ ਡੀ.ਐੱਸ.ਪੀ. ਭਵਾਨੀਗੜ੍ਹ ਨੇ ਕਿਹਾ ਕਿ ਇਲਾਕੇ ਵਿਚ ਚਾਈਨਾ ਡੋਰ ਦੀ ਵਿਕਰੀ ਤੇ ਭੰਡਾਰ ਕਰਨ ਦੀ ਇਜਾਜ਼ਤ ਕਿਸੇ ਨੂੰ ਨਹੀੰ ਹੈ। ਪ੍ਰਸ਼ਾਸਨ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਆਖਿਆ ਕਿ ਪੁਲਸ ਵੱਲੋੰ ਚੈਕਿੰਗ ਮੁਹਿੰਮ ਵਿੱਢ ਕੇ ਲੋਕਾਂ ਨੂੰ ਇਸ ਮਾਰੂ ਡੋਰ ਪ੍ਰਤੀ ਜਾਗਰੂਕ ਕੀਤਾ ਜਾਵੇਗਾ।
ਪਤੰਗ ਉਡਾਉਂਦਿਆਂ 12 ਸਾਲਾ ਬੱਚੇ ਦੀ ਮੌਤ! ਮਾਪਿਆਂ ਦਾ ਇਕਲੌਤਾ ਪੁੱਤ ਸੀ ਹਰਜੋਤ ਸਿੰਘ
NEXT STORY