ਭਵਾਨੀਗੜ੍ਹ (ਵਿਕਾਸ ਮਿੱਤਲ) : ਨੇੜਲੇ ਪਿੰਡ ਭੜੋ ਵਿਖੇ ਲਿਫਟਿੰਗ ਨਾ ਹੋਣ ਕਾਰਨ ਅਨਾਜ ਮੰਡੀ 'ਚ ਖੁੱਲੇ ਅਸਮਾਨ ਹੇਠ ਕਣਕ ਦੀਆਂ ਖਰਾਬ ਹੋ ਰਹੀਆਂ ਬੋਰੀਆਂ ਨੂੰ ਲੈ ਕੇ ਸੋਮਵਾਰ ਨੂੰ ਕਿਸਾਨਾਂ-ਮਜ਼ਦੂਰਾਂ ਵੱਲੋਂ ਪੰਜਾਬ ਸਰਕਾਰ ਤੇ ਮਾਰਕੀਟ ਕਮੇਟੀ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕਿਸਾਨ ਆਗੂ ਜਗਤਾਰ ਸਿੰਘ ਨੇ ਦੱਸਿਆ ਕਿ ਮੰਡੀਆਂ ਵਿਚੋਂ ਕਣਕ ਦੀਆਂ ਬੋਰੀਆਂ ਦੀ ਲਿਫਟਿੰਗ ਨਾ ਹੋਣ ਕਾਰਨ ਆੜਤੀ 'ਤੇ ਲੇਬਰ ਬਹੁਤ ਪ੍ਰੇਸ਼ਾਨ ਹੈ। ਲਿਫਟਿੰਗ ਨਾ ਹੋਣ ਕਾਰਨ ਮੰਡੀਆਂ ਵਿਚ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ 'ਤੇ ਲਗਾਤਾਰ ਮੀਂਹ ਪੈਣ ਕਾਰਨ ਕਣਕ ਖਰਾਬ ਹੋ ਰਹੀ ਹੈ ਅਤੇ ਖਰਾਬ ਕਣਕ ਨੂੰ ਖਰੀਦ ਏਜੰਸੀਆਂ ਆਪਣੇ ਗੁਦਾਮਾਂ ਵਿਚ ਲਹਾਉਣ ਤੋਂ ਇਨਕਾਰ ਕਰ ਰਹੀਆਂ ਹਨ। ਇਸ ਕਾਰਨ ਮਜ਼ਦੂਰ ਵੇਹਲੇ ਬੈਠੇ ਹਨ ਅਤੇ ਆਪਣੇ ਪੱਲਿਓਂ ਖਰਚਾ ਕਰਕੇ ਗੁਜ਼ਾਰਾ ਕਰਨ ਲਈ ਮਜਬੂਰ ਹਨ।
ਇਸ ਮੌਕੇ ਹਾਜ਼ਰ ਮਜ਼ਦੂਰਾਂ ਨੇ ਦੱਸਿਆ ਕਿ ਬਲੈਕ ਆਊਟ ਕਾਰਨ ਰਾਤ ਸਮੇਂ ਕਣਕ ਵੀ ਚੋਰੀ ਹੋ ਰਹੀ ਹੈ। ਕਿਸਾਨਾਂ ਨੇ ਦੋਸ਼ ਲਾਇਆ ਕਿ ਹਰੇਕ ਸੀਜ਼ਨ ਦੌਰਾਨ ਇੱਥੇ ਮੰਡੀ ਵਿਚ ਪ੍ਰਬੰਧਾਂ ਦੀ ਘਾਟ ਹੁੰਦੀ ਹੈ ਜਿਸ ਪਾਸੇ ਅਧਿਕਾਰੀ ਬਿਲਕੁੱਲ ਵੀ ਧਿਆਨ ਨਹੀਂ ਦਿੰਦੇ। ਉਨ੍ਹਾਂ ਮੁੱਖ ਮੰਤਰੀ ਮਾਨ ਅਤੇ ਹਲਕਾ ਵਿਧਾਇਕ ਭਰਾਜ ਨੂੰ ਅਪੀਲ ਕੀਤੀ ਕਿ ਮੰਡੀ ਦੇ ਪ੍ਰਬੰਧਾਂ 'ਚ ਸੁਧਾਰ ਲਿਆਂਦਾ ਜਾਵੇ ਅਜਿਹਾ ਨਹੀਂ ਹੋਣ 'ਤੇ ਕਿਸਾਨ-ਮਜਦੂਰ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਤੀਰਥ ਸਿੰਘ, ਬਲਜਿੰਦਰ ਸਿੰਘ, ਅਵਤਾਰ ਸਿੰਘ ਫੁੰਮਣਵਾਲ, ਗੁਰਜੀਤ ਸਿੰਘ, ਸਮੇਤ ਹੋਰ ਵੀ ਕਿਸਾਨ ਤੇ ਮਜ਼ਦੂਰ ਹਾਜ਼ਰ ਸਨ।
ਖਰਾਬ ਕਣਕ ਨੂੰ ਰੱਖਿਆ ਜਾਵੇਗਾ ਬਾਹਰ : ਸੈਕਟਰੀ
ਉਧਰ ਇਸ ਸਬੰਧੀ ਮਾਰਕੀਟ ਕਮੇਟੀ ਭਵਾਨੀਗੜ੍ਹ ਦੇ ਸੈਕਟਰੀ ਦਾ ਕਹਿਣਾ ਸੀ ਕਿ ਗੁਆਂਢੀ ਸੂਬੇ ਹਰਿਆਣੇ 'ਚ ਲੇਬਰ ਦੇ ਰੇਟ ਜ਼ਿਆਦਾ ਹੋਣ ਕਾਰਨ ਯੂ.ਪੀ, ਬਿਹਾਰ 'ਚੋਂ ਆਉਣ ਵਾਲੀ ਲੇਬਰ ਪੰਜਾਬ ਦੀ ਬਜਾਏ ਹਰਿਆਣੇ 'ਚ ਮਜਦੂਰੀ ਕਰਨ ਨੂੰ ਤਰਜੀਹ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ 'ਚ ਮਾਲ ਬਾਹਰ ਪਿਆ ਹੈ, ਖਰਾਬ ਕਣਕ ਨੂੰ ਬਾਹਰ ਰੱਖਿਆ ਜਾਵੇਗਾ। ਉਨ੍ਹਾਂ ਵੱਲੋਂ ਮਾਲ ਨੂੰ ਚੁਕਾਉਣ ਦਾ ਜਲਦੀ ਤੋਂ ਜਲਦੀ ਪ੍ਰਬੰਧ ਕੀਤਾ ਜਾਵੇਗਾ।
ਭਾਰਤੀ ਫੌਜ ਦੀ ਜਾਸੂਸੀ ਕਰਨ ਦੇ ਦੋਸ਼ 'ਚ ਔਰਤ ਸਣੇ 2 ਗ੍ਰਿਫ਼ਤਾਰ
NEXT STORY