ਮੋਦੀਦੇ ਵਿਰੋਧ ਦੀ ਅਲਖ ਜਗਾਉਣ ਵਾਲੇ ਖੇਤਰੀ ਨੇਤਾਵਾਂ ਜਿਵੇਂ ਲਾਲੂ ਯਾਦਵ, ਅਖਿਲੇਸ਼, ਮਾਇਆਵਤੀ, ਮਮਤਾ ਆਦਿ ਨੂੰ ਪਹਿਲਾਂ ਹੀ ਇਹ ਪਤਾ ਲੱਗ ਚੁੱਕਾ ਸੀ ਕਿ ਇਨ੍ਹਾਂ ਪੰਜ ਸੂਬਿਆਂ ਦੀਆਂ ਚੋਣਾਂ 'ਚ ਘੱਟੋ-ਘੱਟ 4 ਸੂਬਿਆਂ ਵਿਚ 'ਕਮਲ' ਨੂੰ ਖਿੜਨ ਤੋਂ ਨਹੀਂ ਰੋਕਿਆ ਜਾ ਸਕਦਾ। ਸੋ ਵਾਰੀ-ਵਾਰੀ ਇਨ੍ਹਾਂ ਨੇਤਾਵਾਂ ਨੇ ਟੀ. ਵੀ. 'ਤੇ ਸ਼ੁਰੂਆਤੀ ਰੁਝਾਨ ਆਉਂਦਿਆਂ ਹੀ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਫੋਨ ਕੀਤਾ ਤੇ ਕਿਹਾ ਕਿ ਉਹ 'ਈ. ਵੀ. ਐੱਮ.' ਦੇ ਮੁੱਦੇ ਨੂੰ ਜ਼ੋਰ-ਸ਼ੋਰ ਨਾਲ ਉਠਾਉਣ।
ਇਹ ਵੀ ਤੈਅ ਹੋਇਆ ਕਿ ਕੇਜਰੀਵਾਲ 11 ਮਾਰਚ ਨੂੰ ਦੁਪਹਿਰੇ 12 ਵਜੇ ਇਕ ਪ੍ਰੈੱਸ ਕਾਨਫਰੰਸ ਕਰਨਗੇ ਪਰ ਕੇਜਰੀਵਾਲ ਨੇ ਉਹ ਪ੍ਰੈੱਸ ਕਾਨਫਰੰਸ ਅਗਲੇ ਦਿਨ ਲਈ ਟਾਲ ਦਿੱਤੀ ਕਿਉਂਕਿ ਉਹ ਪਹਿਲਾਂ ਈ. ਵੀ. ਐੱਮ. ਦੇ ਤਕਨੀਕੀ ਪਹਿਲੂਆਂ ਨੂੰ ਬਾਰੀਕੀ ਨਾਲ ਸਮਝਣਾ ਚਾਹੁੰਦੇ ਸਨ ਤੇ ਇਸ ਦੇ ਲਈ ਉਨ੍ਹਾਂ ਨੇ ਹੈਦਰਾਬਾਦ ਦੇ ਆਪਣੇ ਇਕ ਇੰਜੀਨੀਅਰ ਮਿੱਤਰ ਦਾ ਸਹਾਰਾ ਲਿਆ।
ਸੂਤਰ ਦੱਸਦੇ ਹਨ ਕਿ ਸ਼੍ਰੀਕਾਂਤ ਨਾਮੀ ਇਹ ਇੰਜੀਨੀਅਰ ਕਦੇ ਅਰਵਿੰਦ ਕੇਜਰੀਵਾਲ ਨਾਲ ਆਈ. ਆਈ. ਟੀ. 'ਚ ਪੜ੍ਹਦਾ ਸੀ। ਇਸ ਦੌਰਾਨ ਦੋਵੇਂ ਬੂਥ ਪੱਧਰ ਤਕ ਦੇ ਅੰਕੜੇ ('ਆਪ' ਲਈ) ਇਕੱਠੇ ਕਰਨ ਦਿੱਲੀ ਪਹੁੰਚੇ। ਉਥੇ ਇੰਜੀਨੀਅਰ ਨੇ ਕੇਜਰੀਵਾਲ ਸਾਹਮਣੇ ਇਹ ਡੈਮੋ ਦਿੱਤਾ ਕਿ ਮਸ਼ੀਨਾਂ ਵਿਚ ਕਿੱਥੇ ਤੇ ਕਿਵੇਂ ਛੇੜਖਾਨੀ ਕੀਤੀ ਜਾ ਸਕਦੀ ਹੈ। ਉਸ ਤੋਂ ਬਾਅਦ ਅਗਲੇ ਦਿਨ ਕੇਜਰੀਵਾਲ ਈ. ਵੀ. ਐੱਮ. ਦੇ ਮੁੱਦੇ 'ਤੇ ਆਪਣੀ ਪ੍ਰੈੱਸ ਕਾਨਫਰੰਸ ਕਰ ਸਕੇ।
ਤਿਵਾੜੀ ਅਤੇ ਸੰਗਠਨ ਵਿਚਾਲੇ ਅਣਬਣ : ਹੁਣ ਜਦੋਂ ਹਰ ਪਾਸੇ ਭਗਵਾ ਪਾਰਟੀ ਦਾ ਜ਼ੋਰ ਹੈ, ਦਿੱਲੀ ਭਾਜਪਾ ਵਿਚ ਸਭ ਕੁਝ ਠੀਕ ਨਹੀਂ ਚੱਲ ਰਿਹਾ। ਸੂਤਰ ਦੱਸਦੇ ਹਨ ਕਿ ਇਨ੍ਹੀਂ ਦਿਨੀਂ ਦਿੱਲੀ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਅਤੇ ਸੂਬਾ ਸੰਗਠਨ ਮੰਤਰੀ ਸਿਧਾਰਥਨ ਵਿਚਾਲੇ ਤਲਵਾਰਾਂ ਖਿੱਚੀਆਂ ਹੋਈਆਂ ਹਨ। ਇਕ ਪਾਸੇ ਜਿਥੇ ਦਿੱਲੀ ਭਾਜਪਾ ਦੇ ਸੰਗਠਨ ਵਿਚ ਪੂਰਾ ਦਖ਼ਲ ਰੱਖਣ ਵਾਲੇ ਸ਼ਿਆਮ ਜਾਜੂ ਅਤੇ ਸਿਧਾਰਥਨ ਚਾਹੁੰਦੇ ਹਨ ਕਿ ਤਿਵਾੜੀ ਸੰਗਠਨ ਦੇ ਕੰਮ ਵਿਚ ਦਖਲ ਨਾ ਦੇਣ ਅਤੇ ਆਪਣਾ ਸਾਰਾ ਧਿਆਨ ਪਾਰਟੀ ਦੇ ਪ੍ਰਚਾਰ-ਪ੍ਰਸਾਰ ਵੱਲ ਦੇਣ, ਉਥੇ ਹੀ ਮੰਨਿਆ ਜਾਂਦਾ ਹੈ ਕਿ ਤਿਵਾੜੀ ਪਾਰਟੀ ਦੇ ਅਹਿਮ ਮਾਮਲਿਆਂ 'ਚ ਆਪਣੀ ਸ਼ਮੂਲੀਅਤ ਚਾਹੁੰਦੇ ਹਨ।
ਉਂਝ ਵੀ ਦਿੱਲੀ ਵਿਚ ਨਿਗਮ ਦੀਆਂ ਚੋਣਾਂ ਸਿਰ 'ਤੇ ਹਨ ਤੇ ਤਿਵਾੜੀ ਧੜਾ ਚਾਹੁੰਦਾ ਹੈ ਕਿ ਟਿਕਟਾਂ ਵੰਡਣ ਵਿਚ ਉਨ੍ਹਾਂ ਦੀ ਵੀ ਫੈਸਲਾਕੁੰਨ ਭੂਮਿਕਾ ਹੋਵੇ। ਨਾਲ ਹੀ ਤਿਵਾੜੀ ਇਹ ਵੀ ਚਾਹੁੰਦੇ ਹਨ ਕਿ ਸੰਗਠਨ 'ਚ ਕਿਸ ਨੂੰ ਕਿਹੜੀ ਜ਼ਿੰਮੇਵਾਰੀ ਸੌਂਪੀ ਜਾਵੇ, ਇਸ ਮਾਮਲੇ 'ਚ ਉਨ੍ਹਾਂ ਦੀ ਰਾਏ ਨੂੰ ਅਹਿਮੀਅਤ ਦਿੱਤੀ ਜਾਵੇ। ਉਂਝ ਪਾਰਟੀ ਸੰਗਠਨ 'ਤੇ ਦਬਦਬਾ ਰੱਖਣ ਵਾਲੇ ਨੇਤਾ ਮਨੋਜ ਤਿਵਾੜੀ ਨੂੰ ਸਿਰਫ ਤੇ ਸਿਰਫ ਦਿੱਲੀ ਭਾਜਪਾ ਦਾ ਚਿਹਰਾ ਬਣਾ ਕੇ ਰੱਖਣਾ ਚਾਹੁੰਦੇ ਹਨ।
ਅਫਸਰਾਂ 'ਤੇ ਭਗਵਾ ਭਰੋਸਾ : ਯੂ. ਪੀ. ਵਿਚ 'ਕਮਲ' ਦੇ ਖਿੜਨ ਤੋਂ ਬਾਅਦ ਲਗਾਤਾਰ ਭਾਜਪਾ ਦੇ ਦੋਹਾਂ ਪ੍ਰਮੁੱਖ ਲੀਡਰਾਂ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀਆਂ ਨਜ਼ਰਾਂ ਹੁਣ ਤੋਂ ਹੀ 2019 ਦੀਆਂ ਲੋਕ ਸਭਾ ਚੋਣਾਂ 'ਤੇ ਟਿਕ ਗਈਆਂ ਹਨ। ਚੋਣਾਂ ਤੋਂ ਬਾਅਦ ਮੋਦੀ ਨੇ ਬਿਨਾਂ ਸਮਾਂ ਗੁਆਏ ਕੇਂਦਰ ਤੇ ਯੂ. ਪੀ. ਦੇ ਉੱਚ ਅਧਿਕਾਰੀਆਂ ਦੀ ਇਕ ਹੰਗਾਮੀ ਮੀਟਿੰਗ ਸੱਦੀ।
ਸੂਤਰ ਦੱਸਦੇ ਹਨ ਕਿ ਅਧਿਕਾਰੀਆਂ ਨੂੰ ਤਾਕੀਦ ਕਰ ਦਿੱਤੀ ਗਈ ਹੈ ਕਿ ਭਾਜਪਾ ਦੇ 30 ਸਫਿਆਂ ਵਾਲੇ ਚੋਣ ਮਨੋਰਥ ਪੱਤਰ ਦੇ ਵਾਅਦਿਆਂ ਨੂੰ ਤੁਰੰਤ ਅਮਲ 'ਚ ਲਿਆਉਣਾ ਹੈ। ਇਸ ਦੇ ਲਈ ਇਕ 4 ਸੂਤਰੀ ਪ੍ਰੋਗਰਾਮ ਨੂੰ ਅਮਲੀਜਾਮਾ ਪਹਿਨਾਉਣ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ।
ਮੋਦੀ ਤੇ ਸ਼ਾਹ ਦੀ ਜੋੜੀ ਭਗਵਾ ਸ਼ਾਸਨ ਦੀਆਂ ਤਰਜੀਹਾਂ 'ਚ ਸਭ ਤੋਂ ਪਹਿਲਾਂ ਯੂ. ਪੀ. ਦੀ ਕਾਨੂੰਨ ਵਿਵਸਥਾ ਨੂੰ ਸੁਧਾਰਨਾ ਚਾਹੁੰਦੀ ਹੈ ਤੇ ਨਾਲ ਹੀ ਇਹ ਵੀ ਚਾਹੁੰਦੀ ਹੈ ਕਿ ਸੂਬੇ ਨੂੰ 24 ਘੰਟੇ ਬਿਜਲੀ ਮਿਲੇ, ਬੁੱਚੜਖਾਨਿਆਂ 'ਤੇ ਤੁਰੰਤ ਰੋਕ ਲੱਗੇ ਤੇ ਗੰਨਾ ਕਿਸਾਨਾਂ ਦੀ ਕਰਜ਼ਾ ਮੁਆਫੀ ਦੇ ਮਾਮਲੇ ਨੂੰ ਰਫਤਾਰ ਮਿਲੇ। ਇਸ ਭਗਵਾ ਪਾਰਟੀ ਦੇ ਪਸੰਦੀਦਾ ਅਫਸਰਾਂ ਦੀ ਸੂਚੀ ਤਿਆਰ ਹੈ। ਕੁਝ ਪਸੰਦੀਦਾ ਅਧਿਕਾਰੀਆਂ (ਜਿਵੇਂ ਕਦੇ ਰਾਜਨਾਥ ਸਿੰਘ ਦੇ ਖਾਸ ਰਹੇ ਆਲੋਕ ਸਿੰਘ) ਨੂੰ ਡੈਪੂਟੇਸ਼ਨ 'ਤੇ ਯੂ. ਪੀ. ਭੇਜਿਆ ਜਾ ਰਿਹਾ ਹੈ।
ਸ਼ਾਹ ਦੇ ਨਵੇਂ 'ਖੱਟੜ' : ਯੂ. ਪੀ. 'ਚ ਸੀ. ਐੱਮ. ਦੀ ਚੋਣ ਵਿਚ ਬੇਸ਼ੱਕ ਸੰਘ ਦੀ ਨਹੀਂ ਚੱਲੀ ਪਰ ਉੱਤਰਾਖੰਡ 'ਚ ਸੰਘ ਦਾ ਦਾਅ ਜ਼ਰੂਰ ਸਫਲ ਰਿਹਾ। ਯੂ. ਪੀ. 'ਚ ਮੁੱਖ ਮੰਤਰੀ ਦੇ ਅਹੁਦੇ ਲਈ ਰਾਜਨਾਥ ਸਿੰਘ ਦੀ ਦਾਅਵੇਦਾਰੀ ਨੂੰ ਸੰਘ ਦੇ ਘਾਗ ਨੇਤਾ ਭੱਈਆਜੀ ਜੋਸ਼ੀ ਦਾ ਪੂਰਾ ਸਮਰਥਨ ਹਾਸਿਲ ਸੀ, ਤਾਂ ਉੱਤਰਾਖੰਡ ਲਈ ਸੰਘ ਦਾ ਪੂਰਾ ਜ਼ੋਰ ਤ੍ਰਿਵੇਂਦਰ ਸਿੰਘ ਰਾਵਤ ਦੇ ਪੱਖ 'ਚ ਸੀ।
ਤ੍ਰਿਵੇਂਦਰ ਰਾਵਤ ਨੂੰ ਸਿਆਸਤ 'ਚ ਲਿਆਉਣ ਦਾ ਸਿਹਰਾ ਯੂ. ਪੀ. ਭਾਜਪਾ ਦੇ ਸਾਬਕਾ ਸੰਗਠਨ ਮੰਤਰੀ ਮੋਹਨ ਸਿੰਘ ਰਾਵਤ ਨੂੰ ਜਾਂਦਾ ਹੈ। ਜਦੋਂ ਉਨ੍ਹਾਂ ਕੋਲ ਯੂ. ਪੀ. ਦੀ ਜੁਆਬਦੇਹੀ ਸੀ, ਉਦੋਂ ਉਹ ਤ੍ਰਿਵੇਂਦਰ ਰਾਵਤ ਨੂੰ ਭਗਵਾ ਪਾਰਟੀ 'ਚ ਲੈ ਕੇ ਆਏ ਸਨ। ਉਦੋਂ ਤ੍ਰਿਵੇਂਦਰ ਸੰਘ ਦੇ ਖੇਤਰੀ ਵਰਕਰ ਹੁੰਦੇ ਸਨ। ਤ੍ਰਿਵੇਂਦਰ ਪੌੜੀ ਦੇ ਰਹਿਣ ਵਾਲੇ ਹਨ ਅਤੇ ਉਹ ਸੰਘ, ਅਮਿਤ ਸ਼ਾਹ ਦੇ ਪੁਰਾਣੇ ਵਫ਼ਾਦਾਰਾਂ 'ਚ ਗਿਣੇ ਜਾਂਦੇ ਹਨ।
ਉਹ ਭਗਤ ਸਿੰਘ ਕੋਸ਼ਿਆਰੀ ਦੇ ਮੰਤਰੀ ਮੰਡਲ 'ਚ ਮੰਤਰੀ ਵੀ ਰਹਿ ਚੁੱਕੇ ਹਨ। ਇਕ ਸਮਾਂ ਸੀ, ਜਦੋਂ ਇਨ੍ਹਾਂ ਨੂੰ ਰਾਜਨਾਥ ਸਿੰਘ ਦੇ ਸਭ ਤੋਂ ਭਰੋਸੇਯੋਗ ਵਿਅਕਤੀ ਮੰਨਿਆ ਜਾਂਦਾ ਸੀ ਪਰ ਬਦਲਦੇ ਵਕਤ ਨਾਲ ਤ੍ਰਿਵੇਂਦਰ ਰਾਵਤ ਨੇ ਆਪਣੀ ਸਿਆਸਤ, ਰਣਨੀਤੀ ਤੇ ਵਫਾਦਾਰੀ ਬਦਲ ਲਈ ਤੇ ਅਮਿਤ ਸ਼ਾਹ ਦੇ ਧੜੇ 'ਚ ਚਲੇ ਗਏ। ਇਸ ਤਰ੍ਹਾਂ ਅਮਿਤ ਸ਼ਾਹ ਨੂੰ ਤ੍ਰਿਵੇਂਦਰ ਦੇ ਰੂਪ 'ਚ ਆਪਣਾ ਦੂਜਾ 'ਮਨੋਹਰ ਖੱਟੜ' ਮਿਲ ਗਿਆ ਹੈ।
ਮੀਡੀਆ ਕੰਪਨੀ ਵਿਕਣ ਕੰਢੇ : ਕਾਂਗਰਸ ਤੇ ਸੱਤਾ ਪੱਖ ਲਈ ਹਮੇਸ਼ਾ ਕਦਮਤਾਲ ਕਰਨ ਵਾਲਾ ਦੇਸ਼ ਦਾ ਇਕ ਵੱਡਾ ਅਖ਼ਬਾਰ ਸਮੂਹ ਹੁਣ ਵਿਕਣ ਕੰਢੇ ਪਹੁੰਚ ਗਿਆ ਹੈ। ਇਸ ਸਮੂਹ ਦੀ ਮਾਲਕਣ ਜਦੋਂ ਪਿਛਲੇ ਦਿਨੀਂ ਦੇਸ਼ ਦੇ ਚੋਟੀ ਦੇ ਉਦਯੋਗਪਤੀ ਮੁਕੇਸ਼ ਅੰਬਾਨੀ ਨੂੰ ਇਕ ਪ੍ਰਸਤਾਵ ਨਾਲ ਮਿਲੀ, ਉਦੋਂ ਤੋਂ ਹੀ ਇਹ ਅਟਕਲਾਂ ਲੱਗਣ ਲੱਗੀਆਂ ਸਨ ਕਿ ਇਸ ਅਖਬਾਰ ਸਮੂਹ ਨੂੰ ਅੰਬਾਨੀ ਸਮੂਹ ਛੇਤੀ ਹੀ ਅਕਵਾਇਰ ਕਰਨ ਜਾ ਰਿਹਾ ਹੈ।
ਸੂਤਰ ਦੱਸਦੇ ਹਨ ਕਿ ਅਜੇ ਸਾਰਾ ਮਸਲਾ ਕੀਮਤ ਨੂੰ ਲੈ ਕੇ ਅੜਿਆ ਹੋਇਆ ਹੈ। ਅੰਬਾਨੀ ਸਮੂਹ ਇਸ ਮੀਡੀਆ ਗਰੁੱਪ ਦੇ ਸ਼ੇਅਰਾਂ ਦੇ ਬਾਜ਼ਾਰ ਮੁੱਲ ਦੇ ਹਿਸਾਬ ਨਾਲ ਇਸ ਦੀ ਪੂਰੀ ਕੀਮਤ ਤੈਅ ਕਰਨਾ ਚਾਹੁੰਦਾ ਹੈ, ਜਦਕਿ ਮੀਡੀਆ ਗਰੁੱਪ ਆਪਣੇ ਨਾਂ, ਗੁੱਡਵਿਲ ਤੇ ਬ੍ਰਾਂਡ ਦੀ ਇਕ ਵੱਡੀ ਕੀਮਤ ਚਾਹੁੰਦਾ ਹੈ। ਫਿਲਹਾਲ ਇਹ ਪ੍ਰਸਤਾਵ ਠੰਡੇ ਬਸਤੇ 'ਚ ਚਲਾ ਗਿਆ ਹੈ।
ਇਸੇ ਦਰਮਿਆਨ ਇਸ ਮੀਡੀਆ ਗਰੁੱਪ ਦੀ ਮਾਲਕਣ ਨੇ ਇਕ ਨਵੀਂ 'ਸਟਾਰਟਅਪ ਕੰਪਨੀ' ਲਾਂਚ ਕਰਕੇ ਜ਼ਿਆਦਾ ਤਨਖਾਹ ਲੈਣ ਵਾਲੇ ਸੰਪਾਦਕਾਂ, ਪੱਤਰਕਾਰਾਂ ਤੇ ਪ੍ਰੋਫੈਸ਼ਨਲਜ਼ ਨੂੰ ਨੌਕਰੀ ਦੇ ਦਿੱਤੀ ਹੈ, ਬੇਸ਼ੱਕ ਹੀ ਉਹ ਆਪਣਾ ਪੁਰਾਣਾ ਕੰਮ ਹੀ ਕਰਦੇ ਰਹਿਣ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨਾਲ ਮੀਡੀਆ ਗਰੁੱਪ ਦੇ ਮੁਨਾਫੇ ਦਾ ਅਨੁਪਾਤ ਵਧੇਗਾ ਅਤੇ ਮਾਰਕੀਟ 'ਚ ਉਸ ਦੇ ਸ਼ੇਅਰਾਂ ਦੀ ਕੀਮਤ ਵੀ ਉਸੇ ਅਨੁਪਾਤ ਵਿਚ ਵਧੇਗੀ।
ਕਿਸੇ ਵੀ 'ਸਟਾਰਟਅਪ ਕੰਪਨੀ' ਨੂੰ ਸ਼ੁਰੂਆਤੀ 5 ਸਾਲਾਂ 'ਚ ਟੈਕਸ ਤੋਂ ਛੋਟ ਮਿਲਦੀ ਹੈ ਤੇ ਇਸ ਮੀਡੀਆ ਗਰੁੱਪ ਨੂੰ ਇਸ ਗੱਲ ਦਾ ਵੀ ਫਾਇਦਾ ਮਿਲੇਗਾ। ਜਿਵੇਂ ਹੀ ਮੀਡੀਆ ਕੰਪਨੀ ਦੇ ਸ਼ੇਅਰ ਮਾਰਕੀਟ 'ਚ ਠੀਕ-ਠਾਕ ਕੀਮਤ 'ਤੇ ਪਹੁੰਚ ਜਾਣਗੇ, ਅੰਬਾਨੀ ਨਾਲ ਇਸ ਨੂੰ ਨਵੇਂ ਸਿਰਿਓਂ ਪ੍ਰਭਾਵਿਤ ਕੀਤਾ ਜਾ ਸਕੇਗਾ।
...ਅਤੇ ਆਖਿਰ 'ਚ : ਭਾਜਪਾ ਪ੍ਰਧਾਨ ਅਮਿਤ ਸ਼ਾਹ ਮਣੀਪੁਰ 'ਚ ਮੁੱਖ ਮੰਤਰੀ ਦੇ ਸਹੁੰ-ਚੁੱਕ ਸਮਾਗਮ 'ਚ ਨਹੀਂ ਪਹੁੰਚ ਸਕੇ। ਇਸ ਦੀ ਵਜ੍ਹਾ ਇਹ ਸੀ ਕਿ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਮਣੀਪੁਰ ਲਿਜਾ ਰਹੇ ਚਾਰਟਰਡ ਜਹਾਜ਼ 'ਚ ਆਗਰਾ ਪਹੁੰਚਦੇ-ਪਹੁੰਚਦੇ ਤਕਨੀਕੀ ਖਰਾਬੀ ਆ ਗਈ, ਜਿਸ ਕਾਰਨ ਜਹਾਜ਼ ਮੁੜ ਦਿੱਲੀ ਵਾਪਿਸ ਲਿਜਾਣਾ ਪਿਆ।
ਉਸ ਜਹਾਜ਼ 'ਚ ਅਮਿਤ ਸ਼ਾਹ ਨਾਲ ਵੈਂਕੱਈਆ ਨਾਇਡੂ ਤੇ ਭਾਜਪਾ ਦੇ ਕੁਝ ਹੋਰ ਸੀਨੀਅਰ ਨੇਤਾ ਵੀ ਬੈਠੇ ਸਨ। ਜਿਵੇਂ ਹੀ ਜਹਾਜ਼ 'ਚ ਖਰਾਬੀ ਹੋਣੀ ਸ਼ੁਰੂ ਹੋਈ, ਜਹਾਜ਼ ਹਿਚਕੋਲੇ ਖਾਣ ਲੱਗਾ ਤੇ ਵੈਂਕੱਈਆ ਦੇ ਚਿਹਰੇ ਦੀਆਂ ਹਵਾਈਆਂ ਉੱਡਣ ਲੱਗੀਆਂ। ਵੈਂਕੱਈਆ ਨੇ ਸ਼ਾਹ ਨੂੰ ਕਿਹਾ ਕਿ ਇਹ 9ਵੀਂ ਵਾਰ ਹੈ, ਜਦੋਂ ਉਨ੍ਹਾਂ ਨੂੰ ਲੈ ਕੇ ਜਾ ਰਹੇ ਜਹਾਜ਼ 'ਚ ਖਰਾਬੀ ਆਈ ਹੋਵੇ। ਇਹ ਸੁਣ ਕੇ ਜਹਾਜ਼ ਵਿਚ ਬੈਠੇ ਇਕ ਨੇਤਾ ਨੇ ਚੁਟਕੀ ਲਈ, ''ਫਿਰ ਤਾਂ ਤੁਹਾਡੇ ਨਾਲ ਹਵਾਈ ਸਫਰ ਕਰਨਾ 'ਸੇਫ' (ਸੁਰੱਖਿਅਤ) ਨਹੀਂ ਹੈ।''
ਪ੍ਰਧਾਨ ਜੀ ਨੇ ਝੱਟ ਮਾਮਲਾ ਸੰਭਾਲਿਆ ਤੇ ਕਿਹਾ, ''ਮੇਰੀ ਕੁੰਡਲੀ ਵਿਚ ਹਵਾਈ ਸਫਰ 'ਸੇਫ' ਹੈ, ਸੋ ਜੋ ਮੇਰੇ ਨਾਲ ਸਫਰ ਕਰੇਗਾ, ਉਸ ਦਾ ਵਾਲ ਵੀ ਵਿੰਗਾ ਨਹੀਂ ਹੋਵੇਗਾ।'' ਇਹ ਸੁਣ ਕੇ ਸਭ ਨੂੰ ਸੁੱਖ ਦਾ ਸਾਹ ਆਇਆ।
ਗੋਆ ਤੇ ਮਣੀਪੁਰ 'ਚ ਭਾਜਪਾ ਦੀਆਂ ਦਲੀਲਾਂ ਬਿਲਕੁਲ ਫਜ਼ੂਲ
NEXT STORY