ਉਸ ਦਾ ਚਿਹਰਾ ਅੱਜ ਵੀ ਆਪਣੀ ਇਕ ਝਲਕ ’ਚ ਪਤਾ ਨਹੀਂ ਕਿੰਨੀ ਮਾਸੂਮੀਅਤ, ਕਿੰਨੇ ਦਰਦ ਅਤੇ ਕਿੰਨੀ ਮੁਹੱਬਤ ਲਈ ਦਿਸਦਾ ਹੈ। 36 ਸਾਲ ਦੀ ਛੋਟੀ ਜਿਹੀ ਜ਼ਿੰਦਗੀ ’ਚ ਪਿਆਰ, ਉਦਾਸੀ, ਵਖਰੇਵਾਂ ਤੇ ਟੁੱਟੇ ਵਾਅਦਿਆਂ ਨੂੰ ਸਮੇਟੀ ਇਸ ਦੁਨੀਆ ਤੋਂ ਰੁਖਸਤ ਹੋ ਗਈ ਉਹ ਸੁੰਦਰਤਾ ਦੀ ਮੂਰਤ। ਨੀਲੀਆਂ ਅੱਖਾਂ, ਸੱਚੇ ’ਚ ਢਲਿਆ ਚਿਹਰਾ, ਦਿਲਕਸ਼ ਮੁਸਕਾਨ, ਮਰਮਰੀ ਹੱਥ ਅਤੇ ਤਰਾਸ਼ਿਆ ਹੋਇਆ ਸੰਗਮਰਮਰੀ ਬਦਨ... ਤਾਜ਼ਾ ਹਵਾ ਦੇ ਬੁੱਲੇ ਵਰਗਾ ਸੀ ਉਸ ਦੀ ਖੂਬਸੂਰਤੀ ਦਾ ਪੈਮਾਨਾ। ਮਦਹੋਸ਼ ਕਰ ਦੇਣ ਵਾਲੀ ਖੁਸ਼ਬੂ ਤੇ ਤਰੇਲ ਵਰਗੀ ਮਾਸੂਮੀਅਤ ਭਰੀ ਤਾਜ਼ਗੀ। ਉਹ ਅਨਾਰਕਲੀ ਸੀ।
ਅਨਾਰਕਲੀ ਸ਼ਬਦ ਸੁਣਦਿਆਂ ਹੀ ਅੱਖਾਂ ਅੱਗੇ ਫਿਲਮ ‘ਮੁਗਲ-ਏ-ਆਜ਼ਮ’ ਦੀ ਖੂਬਸੂਰਤ ਅਤੇ ਮਾਸੂਮ ਅਦਾਕਾਰਾ ਮਧੂਬਾਲਾ ਦਾ ਅਕਸ ਉਭਰਦਾ ਹੈ। ਉਹ ਤਰੀਕ, ਜਿਸ ਦਿਨ ਦੁਨੀਆ ਮੁਹੱਬਤ ਦਾ ਦਮ ਭਰਦੀ ਹੈ, ਉਸੇ ਦਿਨ 14 ਫਰਵਰੀ, 1933 ਨੂੰ ਦਿੱਲੀ ’ਚ ਜਨਮੀ ਸੀ ਪਿਆਰ ਦੇ ਰੰਗ ’ਚ ਡੁੱਬੀ ਇਹ ਤਸਵੀਰ, ਇਕ ਅਜਿਹੇ ਗਰੀਬ ਮੁਸਲਿਮ ਪਰਿਵਾਰ ’ਚ, ਜਿੱਥੇ ਦੋ ਵਕਤ ਦੀ ਰੋਟੀ ਵੀ ਮੁਸ਼ਕਲ ਨਾਲ ਮਿਲਦੀ ਸੀ। ਗਿਆਰਾਂ ਭੈਣਾਂ-ਭਰਾਵਾਂ ’ਚੋਂ 5ਵੀਂ ਔਲਾਦ ਸੀ ਉਹ। ਉਪਰ ਵਾਲੇ ਨੇ ਉਸ ਨੂੰ ਬੇਪਨਾਹ ਖੂਬਸੂਰਤੀ ਬਖਸ਼ੀ ਸੀ। ਬਹੁਤ ਸੰਘਰਸ਼ਮਈ ਬਚਪਨ ਸੀ ਉਸ ਦਾ। ਘਰ ਦੇ ਵਿਹੜੇ ’ਚ ਉਸ ਦਾ ਬੇਰਹਿਮ ਹਾਸਾ ਗੂੰਜਦਾ ਰਹਿੰਦਾ। ਸਮਾਂ ਲੰਘਦਾ ਰਿਹਾ ਅਤੇ ਮੁਮਤਾਜ਼ ਵੱਡੀ ਹੋਣ ਲੱਗੀ।
ਇਕ ਦਿਨ ਉਸ ਦੇ ਪਿਤਾ ਅਤਾਉੱਲਾ ਖਾਂ, ਜੋ ਪਿਸ਼ਾਵਰ ਦੀ ਇੰਪੀਰੀਅਲ ਟੋਬੈਕੋ ਕੰਪਨੀ ’ਚ ਮੁਲਾਜ਼ਮ ਸਨ, ਪ੍ਰੇਸ਼ਾਨ ਹੋ ਉੱਠੇ ਕਿਉਂਕਿ ਉਨ੍ਹਾਂ ਦੀ ਫੈਕਟਰੀ ਬੰਦ ਹੋ ਗਈ ਸੀ। ਇਕ ਪਾਸੇ ਉਨ੍ਹਾਂ ਨੂੰ ਉਸ ਫਕੀਰ ਦੀ ਗੱਲ ਯਾਦ ਆਈ, ਜਿਸ ਨੇ ਮੁਮਤਾਜ਼ ਬਾਰੇ ਭਵਿੱਖਬਾਣੀ ਕੀਤੀ ਸੀ ਕਿ ਇਸ ਦੇ ਮੱਥੇ ’ਤੇ ਨੂਰ ਹੈ ਅਤੇ ਇਹ ਕੁੜੀ ਨਾਂ ਕਮਾਵੇਗੀ। ਅਤਾਉੱਲਾ ਖਾਂ ਨੂੰ ਮੁਮਤਾਜ਼ ਦੀ ਸ਼ਕਲ ’ਚ ਰੋਸ਼ਨੀ ਦੀ ਇਕ ਕਿਰਨ ਨਜ਼ਰ ਆਈ। ਉਨ੍ਹਾਂ ਨੇ ਪਰਿਵਾਰ ਨਾਲ ਮੁੰਬਈ ਜਾਣ ਦਾ ਫੈਸਲਾ ਕਰ ਲਿਆ। 8 ਸਾਲ ਦੀ ਮੁਮਤਾਜ਼ ਮੁੰਬਈ ’ਤੇ ਝੰਡਾ ਲਹਿਰਾਉਣ ਚੱਲ ਪਈ।
ਇਕ ਦਿਨ ਕਿਸਮਤ ਨੇ ਉਨ੍ਹਾਂ ਦੇ ਘਰ ’ਚ ਦਸਤਕ ਦਿੱਤੀ। ਮੁਮਤਾਜ਼ ਨੂੰ ‘ਬਸੰਤ’ ਫਿਲਮ ’ਚ ਮੁਮਤਾਜ਼ ਸ਼ਾਂਤੀ ਦੇ ਬਚਪਨ ਦਾ ਰੋਲ ਮਿਲਿਆ। ਤਨਖਾਹ 100 ਰੁਪਏ ਮਹੀਨਾ। ਉਸ ਦਿਨ ਪੂਰਾ ਘਰ ਖੁਸ਼ੀ ’ਚ ਝੂਮ ਉੱਠਿਆ ਅਤੇ ਉਸ ਨੂੰ ਬੇਬੀ ਮੁਮਤਾਜ਼ ਦੇ ਨਾਂ ਨਾਲ ਪਛਾਣ ਮਿਲੀ। ਇਸ ਵਿਚਾਲੇ ਉਸ ਦੀ ਮੁਲਾਕਾਤ ਸੁਪਰਸਟਾਰ ਦੇਵਿਕਾ ਰਾਣੀ ਨਾਲ ਹੋਈ। ਉਨ੍ਹਾਂ ਨੇ ਉਸ ਨੂੰ ਮਧੂਬਾਲਾ ਨਾਂ ਦਿੱਤਾ। ਕੰਮ ਵਧਣ ਲੱਗਾ ਅਤੇ ਦਿਲ ਖੁਆਬਾਂ ਦੇ ਆਸਮਾਨ ਹੇਠ ਉੱਡਣ ਲੱਗਾ। 1947 ’ਚ 14 ਸਾਲ ਦੀ ਉਮਰ ’ਚ ਕੇਦਾਰ ਸ਼ਰਮਾ ਨੇ ਆਪਣੀ ਫਿਲਮ ‘ਨੀਲ ਕਮਲ’ ’ਚ ਬਤੌਰ ਲੀਡ ਹੀਰੋਇਨ ਸਾਈਨ ਕੀਤਾ। ਉਨ੍ਹਾਂ ਦੀ ਪ੍ਰਸਿੱਧੀ ਸਵੇਰ ਦੇ ਸੂਰਜ ਵਾਂਗ ਅਚਾਨਕ ਚੜ੍ਹ ਕੇ ਦੁਨੀਆ ਨੂੰ ਹੈਰਾਨ ਕਰ ਗਈ।
ਜਦੋਂ ਮਧੂਬਾਲਾ ‘ਪਰਾਈ ਆਗ’ ਦੀ ਸ਼ੂਟਿੰਗ ’ਚ ਸੀ, ਉਦੋਂ ਉਸ ’ਤੇ ਕਮਾਲ ਅਮਰੋਹੀ ਦੀ ਨਜ਼ਰ ਪਈ। ਕਮਾਲ ਮਧੂਬਾਲਾ ਦੀ ਸੁੰਦਰਤਾ ਨੂੰ ਪਰਦੇ ’ਤੇ ਉਤਾਰਨਾ ਚਾਹੁੰਦੇ ਸਨ। ਉਨ੍ਹਾਂ ਨੂੰ ਆਪਣੀ ਫਿਲਮ ‘ਮਹਿਲ’ ਲਈ ਅਜਿਹੀ ਅਦਾਕਾਰ ਦੀ ਲੋੜ ਸੀ, ਜੋ ਬਿਨਾਂ ਆਤਮਾ ਦੀ ਪ੍ਰੇਤਆਤਮਾ ਵਰਗੀ ਨਜ਼ਰ ਆਵੇ ਅਤੇ ਮਧੂਬਾਲਾ ਉਨ੍ਹਾਂ ਦੇ ਇਸ ਪੈਮਾਨੇ ’ਤੇ ਖਰੀ ਉਤਰਦੀ ਸੀ। ਕਮਾਲ ਨੇ ਉਸ ਦੀ ਖੂਬਸੂਰਤੀ ਨੂੰ ਬੜੀ ਹੀ ਨਫਾਸਤ ਨਾਲ ਇਸ ਫਿਲਮ ਦੇ ਇਕ ਗੀਤ ‘ਆਏਗਾ ਆਨੇ ਵਾਲਾ’ ’ਚ ਪੇਸ਼ ਕੀਤਾ। ਇਸ ਦੇ ਨਾਲ ਦੋਵਾਂ ਦਾ ਪਿਆਰ ਵੀ ਖੂਬ ਪ੍ਰਵਾਨ ਚੜ੍ਹਿਆ ਪਰ ਇਹ ਸਾਥ ਕੁਝ ਦਿਨਾਂ ਦਾ ਸੀ। ਕਮਾਲ ਵਿਆਹੁਤਾ ਸੀ। ਇਕ ਵਾਰ ਸ਼ੂਟਿੰਗ ਲਈ ਨਿਕਲਦੇ ਸਮੇਂ ਮਧੂਬਾਲਾ ਨੂੰ ਖੰਘ ਆਈ। ਮੂੰਹ ’ਚ ਕੱਫ ਦੇ ਨਾਲ ਖੂਨ ਆਇਆ। ਬਾਅਦ ’ਚ ਪਤਾ ਲੱਗਾ ਕਿ ਮਧੂ ਦੇ ਦਿਲ ’ਚ ਸੁਰਾਖ ਹੈ। 1954 ’ਚ ਮਦਰਾਸ ’ਚ ਫਿਲਮ ‘ਬਹੁਤ ਦਿਨੋਂ’ ਦੀ ਸ਼ੂਟਿੰਗ ਦੌਰਾਨ ਉਸ ਨੂੰ ਖੂਨ ਦੀ ਉਲਟੀ ਆਈ।
ਇਕ ਪਾਸੇ ਉਹ ਬੀਮਾਰੀ ਨਾਲ ਲੜ ਰਹੀ ਸੀ ਤਾਂ ਦੂਜੇ ਪਾਸੇ ਉਸ ਦੀ ਸ਼ੋਹਰਤ ਆਸਮਾਨ ਛੂਹ ਰਹੀ ਸੀ। ਹੁਣ ਉਹ ਪਿਆਰ ਦੀ ਭਾਲ ’ਚ ਸੀ। ਫਿਰ ਉਨ੍ਹਾਂ ਦੀ ਜ਼ਿੰਦਗੀ ’ਚ ਪ੍ਰੇਮਨਾਥ ਆਏ ਪਰ ਇਹ ਸਿਲਸਿਲਾ ਛੇਤੀ ਹੀ ਟੁੱਟ ਗਿਆ। ਫਿਲਮ ‘ਤਰਾਨਾ’ ਦੇ ਸੈੱਟ ’ਤੇ ਦਿਲੀਪ ਕੁਮਾਰ ਨਾਲ ਅੱਖਾਂ ਚਾਰ ਹੋਈਆਂ। ਮਧੂ ਨੇ ਆਪਣੀ ਮੇਕਅਪ ਆਰਟਿਸਟ ਰਾਹੀਂ ਉਨ੍ਹਾਂ ਨੂੰ ਲਾਲ ਗੁਲਾਬ ਅਤੇ ਉਰਦੂ ’ਚ ਲਿਖਿਆ ਖਤ ਭੇਜਿਆ। ਦਿਲੀਪ ਨੇ ਪਿਆਰ ਦੀ ਇਸ ਨਿਸ਼ਾਨੀ ਨੂੰ ਖੁਸ਼ੀ-ਖੁਸ਼ੀ ਕਬੂਲ ਕਰ ਲਿਆ। ਉਨ੍ਹੀਂ ਦਿਨੀਂ ਮਧੂਬਾਲਾ ਬੇਹੱਦ ਖੁਸ਼ ਸੀ। ਉਹ ਦਿਲੀਪ ਸਾਹਿਬ ਦੀ ਬੇਇੰਤਹਾ ਮੁਹੱਬਤ ’ਚ ਗੁਆਚੀ ਹੋਈ ਸੀ। ਉਨ੍ਹਾਂ ਦੀ ਸੱਚੀ ਮੁਹੱਬਤ ਪਰਦੇ ’ਤੇ ਵੀ ਨਜ਼ਰ ਆ ਰਹੀ ਸੀ ਪਰ ਇਸ ਰਿਸ਼ਤੇ ’ਤੇ ਕਿਸੇ ਦਾ ਪਹਿਰਾ ਸੀ। ਅਤਾਉੱਲਾ ਖਾਂ ਇਸ ਰਿਸ਼ਤੇ ਤੋਂ ਨਾਖੁਸ਼ ਸੀ। ਪਿਤਾ ਦੀ ਸਖਤ ਮਿਜ਼ਾਜੀ ਕਾਰਨ ਦੋਵਾਂ ਨੂੰ ਲੁਕ ਕੇ ਮਿਲਣਾ ਪੈਂਦਾ ਸੀ। ਉਨ੍ਹਾਂ ਦੇ ਰੋਮਾਂਸ ਦੀ ਖੁਸ਼ਬੂ ਆਸਿਫ ਦੀ ਫਿਲਮ ‘ਮੁਗਲ-ਏ-ਆਜ਼ਮ’ ’ਚ ਫੈਲਣ ਲੱਗੀ।
ਇਧਰ, ਦੋਵਾਂ ਦੇ ਨਿਕਾਹ ਦੇ ਚਰਚੇ ਸ਼ੁਰੂ ਹੋਏ ਤੇ ਓਧਰ ਦੋਵਾਂ ਵਿਚਾਲੇ ਗਲਤਫਹਿਮੀਆਂ ਨੇ ਥਾਂ ਬਣਾਉਣੀ ਸ਼ੁਰੂ ਕਰ ਦਿੱਤੀ। ਇਸ ਵਿਚਾਲੇ ‘ਨਯਾ ਦੌਰ’ ਲਈ ਬੀ. ਆਰ. ਚੋਪੜਾ ਨੇ ਦੋਵਾਂ ਨੂੰ ਸਾਈਨ ਕਰ ਲਿਆ। ਆਊਟਡੋਰ ਸ਼ੂਟਿੰਗ ਨੂੰ ਲੈ ਕੇ ਅਤਾਉੱਲਾ ਖਾਂ ਦੀ ਨਾਰਾਜ਼ਗੀ ਨੇ ਮਾਮਲੇ ਨੂੰ ਅਦਾਲਤ ਤੱਕ ਪਹੁੰਚਾ ਦਿੱਤਾ। ਮਧੂਬਾਲਾ ਅਤੇ ਦਿਲੀਪ ਦੇ ਰਸਤੇ ਵੱਖਰੇ ਹੋ ਗਏ। ਦਿਲੀਪ ਮਧੂਬਾਲਾ ਨਾਲ ਵਿਆਹ ਲਈ ਤਿਆਰ ਸਨ ਪਰ ਇਸ ਸ਼ਰਤ ’ਤੇ ਕਿ ਉਸ ਨੂੰ ਆਪਣੇ ਪਿਤਾ ਨਾਲ ਸਾਰੇ ਰਿਸ਼ਤੇ ਤੋੜਨੇ ਹੋਣਗੇ। ਉਹ ਖਾਮੋਸ਼ ਰਹੀ। ਉਸ ਦੇ ਬਾਅਦ ਦਿਲੀਪ ਉਸ ਦੀ ਦੁਨੀਆ ’ਚੋਂ ਅਜਿਹੇ ਗਏ ਕਿ ਫਿਰ ਕਦੀ ਨਾ ਪਰਤੇ। ਮਧੂ ਦੇ ਚਹੁੰ ਪਾਸੀਂ ਡੂੰਘੀ ਉਦਾਸੀ ਅਤੇ ਪਸਤਗੀ ਸੀ। ਮਧੂਬਾਲਾ ਨੇ ਹਮੇਸ਼ਾ ਇਕ ਆਦਰਸ਼ ਪਤਨੀ ਹੋਣ ਦਾ ਸੁਫ਼ਨਾ ਦੇਖਿਆ ਸੀ ਪਰ ਪਿਤਾ ਦੇ ਸਵਾਰਥ ਕਾਰਨ ਉਸ ਨੂੰ ਸੱਚਾ ਪਿਆਰ ਹਾਸਲ ਨਹੀਂ ਹੋਇਆ। ਉੱਥੇ ਹੀ ਕੇ. ਆਸਿਫ ਦੀ ‘ਮੁਗਲ-ਏ-ਆਜ਼ਮ’ ਪੂਰੀ ਹੋਣ ’ਚ 9 ਸਾਲ ਲੱਗ ਗਏ। ਫਿਲਮ ਪੂਰੀ ਹੋਈ ਅਤੇ ਉਸ ਦੇ ਨਾਂ ਪਤਾ ਨਹੀਂ ਕਿੰਨੇ ਰਿਕਾਰਡ, ਕਿੰਨੇ ਐਵਾਰਡ ਦਰਜ ਹੋਏ। ਹਾਲੀਵੁੱਡ ਦੀਆਂ ਅਖਬਾਰਾਂ ਵੀ ਮਧੂ ਦੀ ਸ਼ਾਨ ’ਚ ਕਸੀਦੇ ਪੜ੍ਹ ਰਹੀਆਂ ਸਨ। ਉਸ ਨੂੰ ‘ਵੈਨਿਸ ਆਫ ਇੰਡੀਅਨ ਸਿਨੇਮਾ’ ਦੀ ਉਪਾਧੀ ਦਿੱਤੀ ਜਾ ਰਹੀ ਸੀ ਪਰ ਉਸ ਦੀ ਸਿਹਤ ਸਾਥ ਛੱਡ ਰਹੀ ਸੀ। ਮਰਨ ਤੋਂ ਪਹਿਲਾਂ ਉਹ ਵਿਆਹ ਬੰਧਨ ’ਚ ਬੱਝਣਾ ਚਾਹੁੰਦੀ ਸੀ।
ਇਸੇ ਦਰਮਿਆਨ ਹੀ ਉਸ ਦੀ ਜ਼ਿੰਦਗੀ ’ਚ ਭਾਰਤ ਭੂਸ਼ਨ, ਪ੍ਰਦੀਪ ਕੁਮਾਰ ਤੇ ਕਿਸ਼ੋਰ ਕੁਮਾਰ ਦੀਆਂ ਪੇਸ਼ਕਸ਼ਾਂ ਆਈਆਂ। ਆਖਿਰਕਾਰ ਮਧੂਬਾਲਾ ਨੇ ਕਿਸ਼ੋਰ ਕੁਮਾਰ ਨਾਲ ਵਿਆਹ ਕਰ ਲਿਆ ਪਰ ਦਿਲੀਪ ਦੀ ਥਾਂ ਉਹ ਕਿਸੇ ਨੂੰ ਨਾ ਦੇ ਸਕੀ। ਕਿਸ਼ੋਰ ਕੁਮਾਰ ਨਾਲ ਹਾਰਟ ਸਰਜਰੀ ਲਈ ਲੰਡਨ ਗਈ। ਵਾਪਸੀ ’ਤੇ ਉਸ ਨੂੰ ਮਹਿਸੂਸ ਹੋਣ ਲੱਗਾ ਕਿ ਕਿਸ਼ੋਰ ਨਾਲ ਵਿਆਹ ਉਸ ਦੀ ਸਭ ਤੋਂ ਵੱਡੀ ਭੁੱਲ ਸੀ। ਮਧੂ ਆਪਣੇ ਪੁਰਾਣੇ ਘਰ ਪਰਤ ਆਈ। ਮੌਤ ਦੀ ਪੈੜ ਹੁਣ ਉਸ ਨੂੰ ਸਾਫ ਸੁਣਾਈ ਦੇਣ ਲੱਗੀ ਸੀ। ਅੰਤਿਮ ਦਿਨਾਂ ’ਚ ਉਸ ਨੇ ਆਪਣੀਆਂ ਮਨਪਸੰਦ ਸਾਰੀਆਂ ਫਿਲਮਾਂ ਦੇਖ ਲਈਆਂ, ਜਿਨ੍ਹਾਂ ’ਚ ਮੁਗਲ-ਏ-ਆਜ਼ਮ, ਬਰਸਾਤ ਕੀ ਰਾਤ, ਚਲਤੀ ਕਾ ਨਾਮ ਗਾੜੀ ਅਤੇ ਮਹਿਲ ਸ਼ਾਮਲ ਸਨ। ਆਖਰੀ ਦਿਨਾਂ ’ਚ ਉਨ੍ਹਾਂ ਦੀ ਦਿਲੀਪ ਕੁਮਾਰ ਨਾਲ ਗੱਲਬਾਤ ਹੋਣ ਲੱਗੀ ਸੀ। ਉਹ ਮਰਨਾ ਨਹੀਂ ਚਾਹੁੰਦੀ ਸੀ। 23 ਫਰਵਰੀ, 1969 ਨੂੰ ਲੰਬੀ ਬੀਮਾਰੀ ਪਿੱਛੋਂ ਇਕ ਘੁੱਪ ਕਾਲੀ ਰਾਤ ’ਚ ਬੇਚੈਨ ਦਿਲ ਦੀਆਂ ਧੜਕਣਾਂ ਸੌਂ ਗਈਆਂ। ਦਿਲ ’ਚ ਕਈ ਅਧੂਰੇ ਸੁਫ਼ਨੇ ਲਈ ਮਧੂਬਾਲਾ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਸ ਨੂੰ ਉਸ ਦੀ ਡਾਇਰੀ ਨਾਲ ਦਫਨਾਇਆ ਗਿਆ।
ਕਹਿੰਦੇ ਹਨ ਕਿ ਬਚਪਨ ਦੇ ਸਾਥੀ ਲਤੀਫ, ਜਿਸ ਨਾਲ ਮਧੂਬਾਲਾ ਨੂੰ ਪਹਿਲਾ ਪਿਆਰ ਹੋ ਗਿਆ ਸੀ, ਨੇ ਉਨ੍ਹਾਂ ਦੀ ਕਬਰ ’ਤੇ ਉਹੀ ਲਾਲ ਗੁਲਾਬ ਰੱਖਿਆ ਜੋ ਉਸ ਨੇ ਰੁਖਸਤੀ ਦੇ ਸਮੇਂ ਲਤੀਫ ਨੂੰ ਇਸ ਵਾਅਦੇ ਨਾਲ ਦਿੱਤਾ ਸੀ ਕਿ ਉਹ ਪਰਤ ਕੇ ਆਵੇਗੀ। ਲਤੀਫ ਸੇਵਾਮੁਕਤ ਆਈ. ਏ. ਐੱਸ. ਅਧਿਕਾਰੀ ਸਨ। ਲੋਕਾਂ ਦਾ ਕਹਿਣਾ ਹੈ ਕਿ ਹਰ ਸਾਲ ਉਹ ਮਧੂਬਾਲਾ ਦੀ ਬਰਸੀ ’ਤੇ ਉਨ੍ਹਾਂ ਦੀ ਕਬਰ ’ਤੇ ਜਾ ਕੇ ਲਾਲ ਗੁਲਾਬ ਦੇ ਫੁੱਲ ਚੜ੍ਹਾਉਂਦੇ ਸਨ।
ਯਾਦਾਂ ਦੇ ਝਰੋਖੇ ’ਚੋਂ
-ਮਧੂਬਾਲਾ ਨੇ 12 ਸਾਲ ਦੀ ਉਮਰ ’ਚ ਫਿਲਮ ਨਿਰਮਾਤਾ ਮੋਹਨ ਸਿਨ੍ਹਾ ਤੋਂ ਕਾਰ ਚਲਾਉਣੀ ਸਿੱਖੀ।
-ਦੇਸ਼ ’ਚ ਅੱਜ ਵੀ ਸਭ ਤੋਂ ਵੱਧ ਜੇ ਕਿਸੇ ਅਭਿਨੇਤਰੀ ਦੇ ਪੋਸਟਰ ਵਿਕਦੇ ਹਨ, ਤਾਂ ਉਹ ਮਧੂਬਾਲਾ ਹੈ।
- ਉਹ ਹਾਲੀਵੁੱਡ ਦੀ ਪ੍ਰਸ਼ੰਸਕ ਸੀ। ਉਸ ਨੂੰ ਸ਼ੁਰੂ ’ਚ ਸਿਰਫ ਉਰਦੂ ਤੇ ਪਸ਼ਤੋ ਹੀ ਆਉਂਦੀ ਸੀ, ਬਾਅਦ ’ਚ ਉਸ ਨੇ ਬੇਅਟਕ ਅੰਗ੍ਰੇਜ਼ੀ ਬੋਲਣੀ ਸਿੱਖੀ। ਉਹ ਹੋਮ ਪ੍ਰਾਜੈਕਟਰ ’ਤੇ ਅਮਰੀਕਨ ਫਿਲਮਾਂ ਵੀ ਦੇਖਦੀ ਸੀ।
-ਕਹਿੰਦੇ ਹਨ ਫਿਲਮ ਮੁਗਲ-ਏ-ਆਜ਼ਮ ਲਈ ਮਧੂਬਾਲਾ ਨੇ ਬਿਨਾਂ ਪੈਸਿਆਂ ਦੇ ਕੰਮ ਕੀਤਾ। ਉਹ ਸਿਰਫ ਸੈੱਟ ’ਤੇ ਦਿਲੀਪ ਕੁਮਾਰ ਦੀ ਇਕ ਝਲਕ ਪਾਉਣ ਲਈ ਬੇਤਾਬ ਦਿਸਦੀ ਸੀ।
-ਮੌਤ ਤੋਂ ਪਹਿਲਾਂ ਮਧੂਬਾਲਾ ਨੇ ਕਿਹਾ ਸੀ ਕਿ ਉਹ ਦੁਬਾਰਾ ਇਸ ਦੁਨੀਆ ’ਚ ਆਉਣਾ ਚਾਹੁੰਦੀ ਹੈ ਅਤੇ ਮੁੜ ਅਦਾਕਾਰਾ ਬਣਨਾ ਚਾਹੁੰਦੀ ਹੈ।
ਗੀਤਾ ਯਾਦਵ
ਅਖੀਰ ਨਰਸਿਮ੍ਹਾਰਾਓ ਨੂੰ ਭਾਰਤ ਰਤਨ ਲਈ 33 ਵਰ੍ਹਿਆਂ ਦੀ ਉਡੀਕ ਕਿਉਂ ਕਰਨੀ ਪਈ
NEXT STORY