ਅਮਰੀਕੀ ਜਨਤਾ, ਬੁੱਧੀਜੀਵੀ ਸ਼ਖਸੀਅਤਾਂ, ਅਮਰੀਕੀ ਪ੍ਰਸ਼ਾਸਨ, ਅਮਰੀਕੀ ਕਾਂਗਰਸ, ਗੁਆਂਢੀ ਦੇਸ਼ ਅਤੇ ਇਥੋਂ ਤਕ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਟਾਫ ਉਸ ਦੀਆਂ ਜਨੂੰਨੀ ਕਾਰਵਾਈਆਂ ਤੋਂ ਦੁਖੀ ਨਜ਼ਰ ਆ ਰਹੇ ਹਨ। ਟਰੰਪ ਨੂੰ ਅਮਰੀਕੀ ਰਾਜਨੀਤੀ, ਡਿਪਲੋਮੇਸੀ, ਪ੍ਰਸ਼ਾਸਨ, ਸੰਵਿਧਾਨ, ਪ੍ਰਸ਼ਾਸਨਿਕ ਅਤੇ ਕਾਨੂੰਨੀ ਤੌਰ 'ਤੇ ਮੰਨਣਯੋਗ ਅਲਿਖਤੀ ਪ੍ਰੰਪਰਾਵਾਂ ਦਾ ਕੋਈ ਗਿਆਨ ਨਹੀਂ।
ਹੁਣ ਤਕ ਉਸ ਵਲੋਂ ਲਏ ਕਾਰਜਕਾਰੀ ਫੈਸਲਿਆਂ ਅਤੇ ਹੁਕਮਾਂ ਕਰਕੇ ਉਸ ਦੀ ਅਮਲੀ ਤੌਰ 'ਤੇ ਜਨੂੰਨੀ ਮਨੋਦਸ਼ਾ, ਉਸ ਦੇ ਸਟਾਫ ਅਤੇ ਸਲਾਹਕਾਰਾਂ ਦੀ ਯੋਗਤਾ ਦਾਅ 'ਤੇ ਲੱਗੀ ਹੋਈ ਹੈ। ਉਸ ਦਾ ਸਟਾਫ ਲਗਾਤਾਰ ਪ੍ਰੇਸ਼ਾਨ ਰਹਿੰਦਾ ਹੈ ਕਿ ਪਤਾ ਨਹੀਂ ਕਿਹੜੇ ਵੇਲੇ ਟਰੰਪ ਕੀ ਕਰ ਸੁੱਟੇ। 'ਨਾਫਟਾ' ਵਪਾਰਕ ਅਤੇ ਕਾਰੋਬਾਰੀ ਸੰਧੀ 'ਤੇ ਬੇਲੋੜੇ ਅਤੇ ਗੈਰ-ਅਮਲੀ ਸਵਾਲ ਖੜ੍ਹੇ ਕਰ ਕੇ ਉਸ ਨੇ ਆਪਣੇ ਗੁਆਂਢੀ ਅਤੇ ਮਿੱਤਰ ਦੇਸ਼ ਕੈਨੇਡਾ ਤੇ ਮੈਕਸੀਕੋ 'ਚ ਭੜਥੂ ਪਾਇਆ ਹੋਇਆ ਹੈ।
ਸੀਰੀਆ ਘਰੇਲੂ ਜੰਗ ਦੋ ਫਰੰਟਾਂ 'ਤੇ ਲੜ ਰਿਹਾ ਹੈ। ਇਕ ਦੇਸ਼ ਅੰਦਰਲੇ ਬਾਗੀਆਂ, ਦੂਸਰੇ ਆਈ. ਐੱਸ. ਅੱਤਵਾਦੀਆਂ ਨਾਲ। ਉਸ ਉੱਤੇ ਰਸਾਇਣਿਕ ਗੈਸ ਨਾਲ ਵਿਰੋਧੀਆਂ 'ਤੇ ਹਮਲਾ ਕਰਨ ਦੇ ਦੋਸ਼ ਵਿਚ ਕਰੂਜ਼ ਮਿਜ਼ਾਈਲਾਂ ਨਾਲ ਹਮਲਾ ਕਰ ਸੁੱਟਿਆ।
ਉੱਤਰੀ ਕੋਰੀਆ ਦੇ ਆਪਹੁਦਰੇ ਅਤੇ ਅੜੀਖੋਰੇ ਡਿਕਟੇਟਰ ਕਿਮ ਜੌਂਗ ਉਨ ਦੇ ਪ੍ਰਮਾਣੂ ਮਿਜ਼ਾਈਲ ਪ੍ਰੀਖਣਾਂ ਤੋਂ ਚਿੜ੍ਹ ਕੇ ਸਮੁੰਦਰੀ ਆਰਮਾਡਾ ਭੇਜ ਦਿੱਤਾ ਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਜਨਤਕ ਭਲਾਈ ਕਾਰਜਾਂ ਨੂੰ ਪੁੱਠਾ ਗੇੜਾ ਦੇਣਾ ਸ਼ੁਰੂ ਕਰ ਦਿੱਤਾ, ਮੈਕਸੀਕੋ ਦੀ ਸਰਹੱਦ 'ਤੇ ਪੱਕੀ ਕੰਧ ਉਸਾਰਨ ਦਾ ਰੱਫੜ ਖੜ੍ਹਾ ਕਰ ਦਿੱਤਾ। ਪ੍ਰਵਾਸੀਆਂ ਵਿਰੁੱਧ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ।
ਉਸ ਦੇ ਦੋ ਤਤਕਾਲੀ ਕਦਮ ਤਾਂ ਅਮਰੀਕੀ ਸਿਸਟਮ ਲਈ ਖਤਰਾ ਸਮਝੇ ਜਾ ਰਹੇ ਹਨ, ਜਿਨ੍ਹਾਂ ਵਿਰੁੱਧ ਦੇਸ਼ ਦੇ ਬਹੁਸੰਮਤੀ ਲੋਕ ਨਿਰਪੱਖ ਜਾਂਚ ਚਾਹੁੰਦੇ ਹਨ। ਇਨ੍ਹਾਂ ਕਦਮਾਂ ਨੂੰ ਅਮਰੀਕੀ ਨਿਆਂ ਅਤੇ ਸੁਰੱਖਿਆ 'ਤੇ ਧੱਬਾ ਸਮਝਿਆ ਗਿਆ ਹੈ। ਉਸ ਨੇ ਸੰਵਿਧਾਨਕ ਜੁਰਮ ਅਤੇ ਦੁਰਾਚਾਰੀ ਦੀਆਂ ਹੱਦਾਂ ਟੱਪਦਿਆਂ ਦੇਸ਼ ਦੀ ਪ੍ਰਮੁੱਖ ਅਤੇ ਤਾਕਤਵਰ ਜਾਂਚ ਏਜੰਸੀ ਐੱਫ. ਬੀ. ਆਈ. ਦੇ ਡਾਇਰੈਕਟਰ ਜੇਮਸ ਬੀ. ਕਾਮੇ ਨੂੰ ਬਗੈਰ ਕਿਸੇ ਅਪੀਲ-ਦਲੀਲ ਦੇ ਬਰਖਾਸਤ ਕਰ ਦਿੱਤਾ।
ਦੂਸਰਾ ਰੂਸ ਦੇ ਅਮਰੀਕੀ ਯਾਤਰਾ 'ਤੇ ਆਏ ਵਿਦੇਸ਼ ਮੰਤਰੀ ਸਰਗਈ ਲਵਰੋਵ ਅਤੇ ਅਮਰੀਕਾ 'ਚ ਸਥਿਤ ਰੂਸੀ ਰਾਜਦੂਤ ਸਰਗੇ ਕਿਸਲਾਈਕ ਨਾਲ ਆਈ. ਐੱਸ. ਆਈ. ਐੱਸ. (ਇਸਲਾਮਿਕ ਜੇਹਾਦੀ ਸੰਗਠਨ) ਸੰਬੰਧੀ ਸੰਵੇਦਨਸ਼ੀਲ ਖੁਫੀਆ ਜਾਣਕਾਰੀ ਸਾਂਝੀ ਕੀਤੀ। ਜੇਮਸ ਦੀ ਬਰਖਾਸਤਗੀ ਟਰੰਪ ਅਤੇ ਵ੍ਹਾਈਟ ਹਾਊਸ ਦੀ ਦੂਰਅੰਦੇਸ਼ੀ-ਰਹਿਤ, ਧੱਕੜਸ਼ਾਹ ਤੇ ਗਲਤ ਕਾਰਵਾਈ ਹੈ, ਜੋ ਪ੍ਰਸ਼ਾਸਨਿਕ ਅਤੇ ਕਾਰਜਕਾਰੀ ਅਵਿਵਸਥਾ ਕਾਰਨ ਹੋਂਦ 'ਚ ਆਈ ਹੈ।
ਜਿਵੇਂ ਦੇਸ਼ ਅਤੇ ਜਨਤਕ ਹਿੱਤਾਂ ਨੂੰ ਛਿੱਕੇ ਟੰਗ ਕੇ ਸੰਵਿਧਾਨ ਦੀ ਸਰਵਉੱਚਤਾ ਦਾ ਮਜ਼ਾਕ ਉਡਾਉਂਦੇ ਹੋਏ ਟਰੰਪ ਦੀ ਚੋਣ ਮੁਹਿੰਮ ਵੇਲੇ ਰੂਸ ਨਾਲ ਸਾਜ਼ਬਾਜ਼ ਕਰਨ ਦੀ ਜਾਂਚ ਕਰ ਰਹੇ ਅਧਿਕਾਰੀ ਐੱਫ. ਬੀ. ਆਈ. ਡਾਇਰੈਕਟਰ ਨੂੰ ਬਰਖਾਸਤ ਕੀਤਾ ਗਿਆ ਹੈ, ਇਹ ਸਰਾਸਰ ਸੰਵਿਧਾਨ ਦੀ ਉਲੰਘਣਾ, ਸੰਵਿਧਾਨ ਦਾ ਅਪਮਾਨ ਹੈ। ਟਰੰਪ ਦੀ ਚੋਣ ਮੁਹਿੰਮ ਅਮਰੀਕਾ ਅੰਦਰ 'ਆਜ਼ਾਦਾਨਾ ਅਤੇ ਮੁਨਸਫਾਨਾ' ਚੋਣਾਂ ਦੀ ਉਲੰਘਣਾ ਸੀ।
ਟਰੰਪ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰ ਕੇ ਆਪਣੀ ਚੋਣ ਸੰਬੰਧੀ ਰੂਸੀ ਦਖਲ ਦੀ ਜਾਂਚ ਨੂੰ ਵਾਰ-ਵਾਰ ਪ੍ਰਭਾਵਿਤ ਕਰਨ ਦਾ ਯਤਨ ਕੀਤਾ। ਜੇਮਸ ਕਾਮੇ ਨਾਲ ਗੱਲਬਾਤ ਅਤੇ ਉਸ ਨੂੰ ਵ੍ਹਾਈਟ ਹਾਊਸ 'ਚ ਡਿਨਰ 'ਤੇ ਬੁਲਾ ਕੇ ਇਹ ਪਤਾ ਕਰਨ ਦਾ ਯਤਨ ਕੀਤਾ ਕਿ ਕੀ ਉਸ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ?
ਦੂਸਰੇ ਪਾਸੇ ਅਮਰੀਕਾ ਦੇ ਇਤਿਹਾਸ ਵਿਚ ਕਦੇ ਉਹ ਵਿਅਕਤੀ ਚੋਣ ਨਹੀਂ ਲੜ ਸਕਦਾ, ਜਿਸ ਵਿਰੁੱਧ ਜਾਂਚ ਚੱਲ ਰਹੀ ਹੋਵੇ। ਇਸੇ ਤਰ੍ਹਾਂ ਈਮੇਲ ਸਕੈਂਡਲ 'ਚ ਫਸੀ ਹਿਲੇਰੀ ਕਲਿੰਟਨ ਸੰਵਿਧਾਨ ਦੀ ਉਲੰਘਣਾ ਕਰ ਕੇ ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰ ਬਣੀ ਰਹੀ।
ਉਸ ਨੇ ਜੇਮਸ ਕਾਮੇ ਨੂੰ ਉਸ ਪ੍ਰਤੀ ਵਫਾਦਾਰ ਰਹਿਣ ਲਈ ਕਿਹਾ, ਜਦਕਿ ਇਹ ਗਲਤ ਸੀ। ਐੱਫ. ਬੀ. ਆਈ. ਡਾਇਰੈਕਟਰ ਸੰਵਿਧਾਨ ਅਤੇ ਰਾਸ਼ਟਰਪਤੀ ਪ੍ਰਤੀ ਵਫਾਦਾਰ ਹੁੰਦਾ ਹੈ, ਨਾ ਕਿ ਕਿਸੇ ਸਿਆਸੀ ਆਕਾ ਪ੍ਰਤੀ, ਜਿਵੇਂ ਭਾਰਤ ਤੇ ਕੁਝ ਹੋਰ ਦੇਸ਼ਾਂ 'ਚ ਹੁੰਦਾ ਹੈ। ਰਾਸ਼ਟਰਪਤੀ ਲਈ ਵੀ ਸੰਵਿਧਾਨਕ ਅਤੇ ਰਾਸ਼ਟਰੀ ਹਿੱਤ ਸਰਵਉੱਚ ਹੁੰਦੇ ਹਨ ਪਰ ਟਰੰਪ ਇਕ ਅਹਿਮ ਅਧਿਕਾਰੀ ਨੂੰ ਉਸ ਪ੍ਰਤੀ ਵਫਾਦਾਰੀ ਨਿਭਾਉਣ ਲਈ ਕਹਿ ਕੇ ਵੱਡੀ ਗਲਤੀ ਕਰ ਗਿਆ।
ਜੇ ਅਮਰੀਕੀ ਕਾਰਜਕਾਰੀ ਅਧਿਕਾਰੀ ਆਪਣੇ ਮੰਤਵ ਲਈ ਵਿਦੇਸ਼ੀ ਸ਼ਕਤੀ ਤੋਂ ਪ੍ਰਭਾਵਿਤ ਹੁੰਦਾ ਹੈ ਤਾਂ ਇਸ ਸਥਿਤੀ 'ਚ ਉਸ ਦੀ ਅਮਰੀਕਾ ਪ੍ਰਤੀ ਵਫਾਦਾਰੀ 'ਤੇ ਪ੍ਰਸ਼ਨ ਚਿੰਨ੍ਹ ਖੜ੍ਹਾ ਹੋ ਜਾਂਦਾ ਹੈ। ਵਿਦੇਸ਼ੀ ਸ਼ਕਤੀ ਤੋਂ ਨਿੱਜੀ ਕਾਰਜਾਂ ਲਈ ਲਾਭ ਲੈਣਾ ਅਤੇ ਅਮਰੀਕੀ ਕਾਂਗਰਸ ਨੂੰ ਇਸ ਪ੍ਰਤੀ ਝੂਠ ਦਾ ਸਹਾਰਾ ਲੈ ਕੇ ਹਨੇਰੇ 'ਚ ਰੱਖਣਾ ਵੀ ਗੰਭੀਰ ਗੁਨਾਹ ਹੈ।
ਨਿਆਂ ਵਿਭਾਗ ਦੀ ਇਹ ਰਵਾਇਤੀ ਨੀਤੀ ਹੈ ਕਿ ਚੱਲ ਰਹੀਆਂ ਜਾਂਚਾਂ ਬਾਰੇ ਵ੍ਹਾਈਟ ਹਾਊਸ ਨਾਲ ਵਿਚਾਰ-ਵਟਾਂਦਰਾ ਨਾ ਕੀਤਾ ਜਾਵੇ। ਆਪਣੀਆਂ ਜਾਂਚਾਂ ਦਾ ਕੰਮ ਕਾਨੂੰਨ ਅਨੁਸਾਰ ਜਾਰੀ ਰੱਖਿਆ ਜਾਵੇ। ਦਰਅਸਲ, ਟਰੰਪ ਨੂੰ ਇਹ ਗਿਆਨ ਹੀ ਨਹੀਂ ਹੈ ਕਿ ਅਮਰੀਕਾ ਅੰਦਰ ਸਰਕਾਰ ਕਿਵੇਂ ਕੰਮ ਕਰਦੀ ਹੈ।
ਕਈ ਕਾਨੂੰਨ ਅਤੇ ਰਵਾਇਤਾਂ ਭਾਵੇਂ ਲਿਖਤੀ ਨਹੀਂ ਪਰ ਉਹ ਮੰਨਣ ਤੇ ਅਮਲਯੋਗ ਉਵੇਂ ਹੀ ਹੁੰਦੀਆਂ ਹਨ, ਜਿਵੇਂ ਲਿਖਤੀ ਕਾਨੂੰਨ। ਬਰਤਾਨੀਆ ਕੋਲ ਤਾਂ ਕੋਈ ਲਿਖਤੀ ਸੰਵਿਧਾਨ ਹੀ ਨਹੀਂ ਹੈ ਪਰ ਉਸ ਦੇਸ਼ ਦੀਆਂ ਸਰਕਾਰਾਂ, ਸੰਸਦ, ਨਿਆਂ ਪਾਲਿਕਾ ਅਤੇ ਹੋਰ ਅਹਿਮ ਸਰਕਾਰੀ ਸੰਸਥਾਵਾਂ ਰਵਾਇਤਾਂ, ਸਮੇਂ-ਸਮੇਂ 'ਤੇ ਸੰਸਦ ਵਲੋਂ ਪਾਸ ਕਾਨੂੰਨਾਂ, ਨਿਆਂ ਪਾਲਿਕਾ ਵਲੋਂ ਲਏ ਗਏ ਫੈਸਲਿਆਂ ਅਨੁਸਾਰ ਵਧੀਆ ਢੰਗ ਨਾਲ ਚੱਲ ਰਹੀਆਂ ਹਨ।
ਜੇਮਸ ਕਾਮੇ ਦੀ ਬਰਖਾਸਤਗੀ ਦਾ ਕੋਈ ਠੋਸ ਸਬੂਤ ਟਰੰਪ ਵ੍ਹਾਈਟ ਹਾਊਸ ਦੇ ਸਟਾਫ ਨੂੰ ਨਹੀਂ ਦੇ ਸਕੇ। ਜੋ ਦੇਰੀ ਨਾਲ ਸਬੂਤ ਦੇਣ ਦੀ ਕਵਾਇਦ ਹੋਈ, ਉਹ ਪੂਰੀ ਤਰ੍ਹਾਂ ਹੜਬੜਾਹਟ ਭਰੀ ਤੇ ਬਚਕਾਨੀ ਸੀ। ਟਰੰਪ ਦੇ ਸਟਾਫ ਮੈਂਬਰ ਸਿਰਾਂ ਬਗੈਰ ਚੂਜ਼ਿਆਂ ਦੀ ਤਰ੍ਹਾਂ ਦਿਖਾਈ ਦੇ ਰਹੇ ਹਨ। ਟਰੰਪ ਨੇ ਇਸ ਕਾਰਵਾਈ ਬਾਰੇ ਸਟਾਫ ਨੂੰ ਦੱਸਣ ਦੀ ਲੋੜ ਹੀ ਨਹੀਂ ਸਮਝੀ। ਉਸ ਨੂੰ ਦਰਅਸਲ ਆਪਣੇ ਸਟਾਫ 'ਤੇ ਭਰੋਸਾ ਨਹੀਂ। ਉਸ ਨੂੰ ਡਰ ਸੀ ਕਿ ਕਿਤੇ ਉਹ ਇਸ ਕਾਰਵਾਈ ਸੰਬੰਧੀ ਜਾਣਕਾਰੀ ਲੀਕ ਨਾ ਕਰ ਦੇਣ।
ਮੁੱਖ ਯੋਜਨਾਕਾਰ ਸਟੀਫਨ ਕੇ. ਬਾਨਨ ਨੂੰ ਟੈਲੀਵਿਜ਼ਨ ਦੀਆਂ ਖਬਰਾਂ ਤੋਂ ਪਤਾ ਲੱਗਾ। ਉਸ ਨੇ ਸਲਾਹ ਦਿੱਤੀ ਸੀ ਕਿ ਇਸ ਮਾਮਲੇ 'ਚ ਕਾਹਲੀ ਨਾ ਕੀਤੀ ਜਾਵੇ ਪਰ ਟਰੰਪ ਦੇ ਸੁਭਾਅ ਅਤੇ ਮਾਨਸਿਕਤਾ ਦਾ ਕਿਸੇ ਨੂੰ ਕੋਈ ਗਿਆਨ ਨਹੀਂ। ਪਤਾ ਨਹੀਂ ਉਹ ਕਿਹੜੇ ਵੇਲੇ ਠਾਹ ਸੋਟਾ ਮਾਰ ਦੇਵੇ। ਉੱਤਰੀ ਕੋਰੀਆ ਨਾਲ ਤਣਾਅ 'ਚ ਵੱਡਾ ਡਰ ਇਹੀ ਹੈ ਕਿ ਕਿਤੇ ਟਰੰਪ ਤੀਸਰੀ ਵਿਸ਼ਵ ਜੰਗ ਨੂੰ ਹੀ ਸੱਦਾ ਨਾ ਦੇ ਦੇਵੇ।
ਸੂਤਰਾਂ ਮੁਤਾਬਕ ਟਰੰਪ ਨੇ ਇਹ ਫੈਸਲਾ ਰੋਜ਼ਨਸਟੀਨ ਅਤੇ ਅਟਾਰਨੀ ਜਨਰਲ ਸੈਸ਼ਨਜ਼ ਦੀ ਸਲਾਹ 'ਤੇ ਆਪ ਲਿਆ ਪਰ ਟਰੰਪ ਨੇ ਐੱਨ. ਬੀ. ਸੀ. ਨੂੰ ਇੰਟਰਵਿਊ ਵੇਲੇ ਕਿਹਾ ਕਿ ਉਸ ਨੇ ਰੋਜ਼ਨਸਟੀਨ ਦੀਆਂ ਸਿਫਾਰਿਸ਼ਾਂ ਨੂੰ ਲਾਂਭੇ ਰੱਖ ਕੇ ਫੈਸਲਾ ਲਿਆ ਹੈ।
ਸਾਬਕਾ ਰੱਖਿਆ ਸਕੱਤਰ ਰਾਬਰਟ ਐੱਮ. ਗੇਟਸ ਨੇ ਜੇਮਸ ਕਾਮੇ ਦੀ ਬਰਖਾਸਤਗੀ ਦੀ ਨਿਖੇਧੀ ਕੀਤੀ ਹੈ, ਜੋ ਰਾਸ਼ਟਰਪਤੀ ਨੂੰ ਕਦੇ-ਕਦੇ ਸਲਾਹ ਦਿੰਦਾ ਹੈ। ਉਸ ਨੇ ਆਪਣੇ ਕਾਰਜਕਾਲ ਵੇਲੇ ਕਈ ਆਲ੍ਹਾ ਅਧਿਕਾਰੀ ਚੱਲਦਾ ਕੀਤੇ ਪਰ ਉਸ ਦੀ ਰਾਏ ਹੈ ਕਿ ਐਸੀ ਕਾਰਵਾਈ ਪਿੱਛੇ ਠੋਸ ਸਬੂਤਾਂ ਦਾ ਹੋਣਾ ਜ਼ਰੂਰੀ ਹੁੰਦਾ ਹੈ। ਦੂਸਰਾ ਕੱਢੇ ਜਾ ਰਹੇ ਅਧਿਕਾਰੀ ਦੀ ਥਾਂ ਤੁਰੰਤ ਨਵਾਂ ਅਧਿਕਾਰੀ ਤਾਇਨਾਤ ਕਰਨ ਦਾ ਐਲਾਨ ਕਰਨਾ ਚਾਹੀਦਾ ਹੈ, ਜੋ ਟਰੰਪ ਨੇ ਨਹੀਂ ਕੀਤਾ ਸੀ।
ਸ਼ਾਇਦ ਟਰੰਪ ਇਹ ਸੋਚਦਾ ਹੋਵੇ ਕਿ ਜੇਮਸ ਕਾਮੇ ਨੂੰ ਬਰਖਾਸਤ ਕਰ ਕੇ ਉਸ ਦੀ ਚੋਣ ਬਾਰੇ ਰੂਸੀ ਸੰਬੰਧਾਂ ਦੀ ਜਾਂਚ ਦਾ ਭੋਗ ਪੈ ਜਾਵੇਗਾ ਜਾਂ ਇਸ ਨੂੰ ਲੀਹੋਂ ਲਾਹ ਦਿੱਤਾ ਜਾਵੇਗਾ ਪਰ ਇਸ ਦਹਾਕੇ 'ਚ ਅਮਰੀਕੀ ਰਾਸ਼ਟਰਪਤੀ ਨੇ ਇਹ ਬਹੁਤ ਵੱਡੀ ਗਲਤੀ ਕੀਤੀ ਹੈ, ਜੋ ਨਾ ਤਾਂ ਸਹਿਣ ਕੀਤੀ ਜਾਣ ਵਾਲੀ ਹੈ ਅਤੇ ਨਾ ਹੀ ਵਿਵਹਾਰਕ ਸਮਝੀ ਜਾ ਰਹੀ ਹੈ। ਇਸੇ ਕਰਕੇ ਵਾਸ਼ਿੰਗਟਨ ਪੋਸਟ ਨੇ ਲਿਖਿਆ ਕਿ 'ਲੋਕਤੰਤਰ ਹਨੇਰੇ 'ਚ ਮਰਦਾ ਹੈ।'
ਭਾਵੇਂ ਅਮਰੀਕੀ ਇਤਿਹਾਸ ਵਿਚ ਅਜੇ ਤਕ ਅਜਿਹੇ ਮਸਲੇ 'ਤੇ ਕਿਸੇ ਅਮਰੀਕੀ ਰਾਸ਼ਟਰਪਤੀ ਵਿਰੁੱਧ ਮਹਾਦੋਸ਼ ਕਾਂਗਰਸ ਵਲੋਂ ਨਹੀਂ ਚਲਾਇਆ ਗਿਆ ਪਰ ਐਂਡ੍ਰਿਊ ਜਾਨਸਨ ਨੂੰ ਮਹਾਦੋਸ਼ ਰਾਹੀਂ ਚੱਲਦਾ ਕੀਤਾ ਗਿਆ ਸੀ। ਨਿਕਸਨ ਵਾਟਰਗੇਟ ਸਕੈਂਡਲ ਵਿਚ ਮਹਾਦੋਸ਼ ਤੋਂ ਬਚਣ ਲਈ ਅਸਤੀਫਾ ਦੇ ਗਿਆ ਸੀ। ਬਿਲ ਕਲਿੰਟਨ ਨੇ ਆਪਣੀ ਸਟਾਫ ਮੈਂਬਰ ਲਵਿੰਸਕੀ ਨਾਲ ਸੈਕਸ ਸੰਬੰਧਾਂ ਬਾਰੇ ਕਾਂਗਰਸ ਕੋਲ ਝੂਠ ਬੋਲਿਆ। ਇਸ ਤੋਂ ਪਹਿਲਾਂ ਕਿ ਉਸ 'ਤੇ ਮਹਾਦੋਸ਼ ਚਲਾਇਆ ਜਾਂਦਾ, ਉਸ ਨੇ ਅਮਰੀਕੀ ਕੌਮ, ਕਾਂਗਰਸ ਅਤੇ ਆਪਣੀ ਪਤਨੀ ਹਿਲੇਰੀ ਕਲਿੰਟਨ ਤੋਂ ਮੁਆਫੀ ਮੰਗ ਕੇ ਜਾਨ ਛੁਡਾਈ।
ਟਰੰਪ ਦੇ ਖਿਲਾਫ ਆਮ ਜਨਤਾ ਅਤੇ ਕਾਂਗਰਸ ਵਿਚ ਸੱਤਾਧਾਰੀ ਰਿਪਬਲਿਕਨਾਂ ਅਤੇ ਵਿਰੋਧੀ ਡੈਮੋਕ੍ਰੇਟਾਂ 'ਚ ਰੋਹ ਵਧ ਰਿਹਾ ਹੈ। ਜਦੋਂ ਚੋਣਾਂ ਤੋਂ 11 ਦਿਨ ਪਹਿਲਾਂ ਜੇਮਸ ਕਾਮੇ ਨੇ ਹਿਲੇਰੀ ਕਲਿੰਟਨ ਦੀਆਂ ਲੀਕ ਈਮੇਲਾਂ ਦੀ ਜਾਂਚ ਖੋਲ੍ਹੀ ਸੀ ਤਾਂ ਉਦੋਂ ਟਰੰਪ ਨੇ ਉਸ ਦੀ ਸ਼ਲਾਘਾ ਕੀਤੀ ਸੀ ਪਰ ਆਪਣੀ ਵਾਰੀ ਸੱਪ ਸੁੰਘ ਗਿਆ। ਦੂਸਰੀ ਗਲਤੀ ਟਰੰਪ ਨੇ ਅਮਰੀਕਾ ਦੌਰੇ 'ਤੇ ਆਏ ਵਿਦੇਸ਼ ਮੰਤਰੀ ਸਰਗਈ ਲਵਰੋਵ ਅਤੇ ਰੂਸੀ ਰਾਜਦੂਤ ਨਾਲ ਆਈ. ਐੱਸ. ਆਈ. ਐੱਸ. ਬਾਰੇ ਸੰਵੇਦਨਸ਼ੀਲ ਖੁਫੀਆ ਜਾਣਕਾਰੀ ਸਾਂਝੀ ਕਰ ਕੇ ਕੀਤੀ ਹੈ, ਜੋ ਅਮਰੀਕਾ ਦੀ ਵਿਦੇਸ਼ ਨੀਤੀ ਦੇ ਅਸੂਲਾਂ, ਸੰਵਿਧਾਨ ਦੇ ਨਾਂ 'ਤੇ ਚੁੱਕੀ ਸਹੁੰ ਤੇ ਰਾਸ਼ਟਰੀ ਸੁਰੱਖਿਆ ਦੇ ਵਿਰੁੱਧ ਸਮਝੀ ਜਾ ਰਹੀ ਹੈ, ਜਦਕਿ ਟਰੰਪ ਨੇ ਇਸ 'ਤੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਹੈ ਕਿ ਉਹ ਅਜਿਹਾ ਕਰ ਸਕਦਾ ਹੈ। ਅਮਰੀਕੀ ਸੈਨੇਟਰ ਇਸ 'ਤੇ ਤਿੱਖੇ ਸਵਾਲ ਉਠਾ ਰਹੇ ਹਨ।
2016 'ਚ ਰੂਸੀ ਸੰਬੰਧਾਂ ਰਾਹੀਂ ਆਪਣੀ ਚੋਣ ਜਿੱਤਣ ਦੇ ਮਕਸਦ ਨਾਲ ਇਸ ਨੂੰ ਪ੍ਰਭਾਵਿਤ ਕਰਨ ਦੇ ਦੋਸ਼ ਸੰਬੰਧੀ ਤਾਜ਼ਾ ਸਰਵੇ 'ਚ 59 ਪ੍ਰਤੀਸ਼ਤ ਬਾਲਗ ਅਮਰੀਕੀ, ਜਿਨ੍ਹਾਂ 'ਚ 41 ਪ੍ਰਤੀਸ਼ਤ ਰਿਪਬਲਿਕਨ ਅਤੇ 79 ਪ੍ਰਤੀਸ਼ਤ ਡੈਮੋਕ੍ਰੇਟ ਸ਼ਾਮਲ ਹਨ, ਮੰਨਦੇ ਹਨ ਕਿ ਇਸ ਸਕੈਂਡਲ ਦੀ ਆਜ਼ਾਦ ਅਤੇ ਨਿਰਪੱਖ ਜਾਂਚ ਹੋਵੇ। ਜੇਕਰ ਰਾਸ਼ਟਰਪਤੀ ਐਸੇ ਗੁਨਾਹ ਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਹ ਮਹਾਦੋਸ਼ ਦੇ ਸ਼ਿਕੰਜੇ 'ਚ ਫਸ ਜਾਵੇਗਾ। ਬਹੁਤ ਸਾਰੇ ਅਮਰੀਕੀ ਸੈਨੇਟਰ, ਕਾਂਗਰਸਮੈਨ ਇਸ ਜਨੂੰਨੀ ਰਾਸ਼ਟਰਪਤੀ ਤੋਂ ਖਹਿੜਾ ਛੁਡਾ ਕੇ ਉਪ-ਰਾਸ਼ਟਰਪਤੀ ਮਾਈਕ ਪੈਂਸ ਨੂੰ ਅੱਗੇ ਲਿਆਉਣ ਦੇ ਹੱਕ 'ਚ ਹਨ।
ਭ੍ਰਿਸ਼ਟਾਚਾਰ ਵਿਰੁੱਧ ਮੋਦੀ ਸਰਕਾਰ ਦਾ ਸਖਤ ਰਵੱਈਆ
NEXT STORY