ਇਸ ਵਾਰ ਲੋਕ ਸਭਾ ਚੋਣਾਂ ’ਚ ਪਾਕਿਸਤਾਨ ਚੋਣਾਵੀ ਸਵਾਲ ਕਿਉਂ ਬਣ ਗਿਆ? ਇਹ ਸਵਾਲ ਕਿਸ ਦੀ ਕਿਸਮਤ ਚਮਕਾਏਗਾ ਅਤੇ ਕਿਸ ਨੂੰ ਡੋਬੇਗਾ? ਇਕ ਪਾਸੇ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਪਾਕਿਸਤਾਨ ਦੇ ਸਵਾਲ ਨੂੰ ਗਰਮੀ ਦੇ ਰਹੇ ਹਨ ਅਤੇ ਕਾਂਗਰਸ ਸਮੇਤ ਆਪਣੇ ਸਾਰੇ ਸਿਆਸੀ ਵਿਰੋਧੀਆਂ ’ਤੇ ਪਾਕਿ-ਪ੍ਰਸਤੀ ਦਾ ਦੋਸ਼ ਲਾ ਰਹੇ ਹਨ ਤਾਂ ਦੂਜੇ ਪਾਸੇ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਵੀ ਕੋਈ ਨਾ ਕੋਈ ਬਿਆਨ ਦੇ ਕੇ ਚੋਣ ਵਿਸ਼ਲੇਸ਼ਕਾਂ ਨੂੰ ਹੈਰਾਨ ਕਰ ਰਹੀਆਂ ਹਨ।
ਸੋਸ਼ਲ ਮੀਡੀਆ ਵੀ ਕਿਸੇ ਨਾ ਕਿਸੇ ਰੂਪ ’ਚ ਪਾਕਿਸਤਾਨ ਨੂੰ ਕੇਂਦਰ ’ਚ ਰੱਖ ਰਿਹਾ ਹੈ ਤੇ ਲਗਾਤਾਰ ਮੋਦੀ ਵਿਰੁੱਧ ਅੱਗ ਉਗਲ ਰਿਹਾ ਹੈ। ਸੋਸ਼ਲ ਮੀਡੀਆ ’ਤੇ ਇਹ ਕਿਹਾ ਜਾ ਰਿਹਾ ਹੈ ਕਿ ਨਰਿੰਦਰ ਮੋਦੀ ਸ਼ਾਂਤੀ ਤੇ ਭਾਈਚਾਰੇ ਦੇ ਦੁਸ਼ਮਣ ਹਨ ਤੇ ਇਸ ਵਾਰ ਲੋਕ ਸਭਾ ਚੋਣਾਂ ’ਚ ਉਹ ਕਿਸੇ ਵੀ ਹਾਲਤ ’ਚ ਜਿੱਤਣੇ ਨਹੀਂ ਚਾਹੀਦੇ, ਉਨ੍ਹਾਂ ਨੂੰ ਹਰਾਉਣਾ ਜ਼ਰੂਰੀ ਹੈ।
ਚੋਣਾਂ ਦੌਰਾਨ ਜਦੋਂ ਅਜਿਹੀ ਚਰਚਾ ਪਾਕਿਸਤਾਨ-ਕੇਂਦ੍ਰਿਤ ਸੋਸ਼ਲ ਮੀਡੀਆ ’ਚ ਹੋਵੇਗੀ, ਪਾਕਿਸਤਾਨ ਦੀ ਸਿਆਸਤ ’ਚ ਹੋਵੇਗੀ, ਪਾਕਿਸਤਾਨ ਦੇ ਅੱਤਵਾਦੀ ਸੰਗਠਨਾਂ ’ਚ ਹੋਵੇਗੀ ਤਾਂ ਫਿਰ ਭਾਰਤ-ਕੇਂਦ੍ਰਿਤ ਸੋਸ਼ਲ ਮੀਡੀਆ ’ਚ ਅਜਿਹੀ ਚਰਚਾ ਵਿਰੁੱਧ ਗਰਮੀ ਕਿਵੇਂ ਪੈਦਾ ਨਹੀਂ ਹੋਵੇਗੀ? ਭਾਰਤ-ਕੇਂਦ੍ਰਿਤ ਸੋਸ਼ਲ ਮੀਡੀਆ ਵਿਚ ਇਹ ਸਵਾਲ ਉੱਠ ਰਿਹਾ ਹੈ ਕਿ ਪਾਕਿਸਤਾਨ ਦੀ ਸਿਆਸੀ ਪ੍ਰਕਿਰਿਆ ਤੇ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਮੋਦੀ ਨੂੰ ਲੋਕ ਸਭਾ ਚੋਣਾਂ ’ਚ ਹਰਵਾਉਣਾ ਕਿਉਂ ਚਾਹੁੰਦੇ ਹਨ?
ਕੀ ਭਾਰਤ ਦੀ ਲੋਕ-ਰਾਏ ਨੂੰ ਪਾਕਿਸਤਾਨ ਪ੍ਰਭਾਵਿਤ ਕਰੇਗਾ? ਸਭ ਤੋਂ ਵੱਡੀ ਗੱਲ ਇਹ ਹੈ ਕਿ ਗੈਰ-ਭਾਜਪਾ ਪਾਰਟੀਆਂ ਪਾਕਿਸਤਾਨ ਦੀ ਹੀ ਭਾਸ਼ਾ ਕਿਉਂ ਬੋਲ ਰਹੀਆਂ ਹਨ? ਅਤੇ ਉਹ ਪਾਕਿਸਤਾਨ ਦੇ ਪੱਖ ’ਚ ਬਿਆਨ ਕਿਉਂ ਦਿੰਦੀਆਂ ਹਨ?
ਕੀ ਇਹ ਮੁਸਲਿਮ ਤੁਸ਼ਟੀਕਰਨ ਜਾਂ ਮੁਸਲਿਮ ਵੋਟਾਂ ਹਾਸਿਲ ਕਰਨ ਦਾ ਹਿੱਸਾ ਹੈ? ਸਹੀ ਤਾਂ ਇਹ ਹੈ ਕਿ ਗੈਰ-ਭਾਜਪਾ ਪਾਰਟੀਆਂ ਇਹ ਸੋਚਣ-ਸਮਝਣ ਦੀ ਕੋਸ਼ਿਸ਼ ਨਹੀਂ ਕਰਦੀਆਂ ਕਿ ਭਾਰਤ ’ਚ ਪਾਕਿਸਤਾਨ ਹਮੇਸ਼ਾ ਇਕ ਦੁਸ਼ਮਣ ਵਜੋਂ ਖੜ੍ਹਾ ਰਹਿੰਦਾ ਹੈ ਅਤੇ ਭਾਰਤੀ ਲੋਕ ਪਾਕਿਸਤਾਨ ਦੀ ਅੱਤਵਾਦੀ ਨੀਤੀ ਕਾਰਨ ਉਸ ਤੋਂ ਨਫਰਤ ਕਰਦੇ ਹਨ। ਫਿਰ ਵੀ ਗੈਰ-ਭਾਜਪਾ ਪਾਰਟੀਆਂ ਪਾਕਿਸਤਾਨ ਪੱਖੀ ਬਿਆਨ ਦੇਣ ਤੋਂ ਨਹੀਂ ਹਟਦੀਆਂ।
ਇਧਰ ਕਾਂਗਰਸ ਦੇ ਸੀਨੀਅਰ ਨੇਤਾ ਸੈਮ ਪਿਤ੍ਰੋਦਾ ਅਤੇ ਸਮਾਜਵਾਦੀ ਪਾਰਟੀ ਦੇ ਰਾਮਗੋਪਾਲ ਯਾਦਵ ਦੇ ਅਜਿਹੇ ਬਿਆਨ ਆਏ ਹਨ, ਜਿਨ੍ਹਾਂ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਉਨ੍ਹਾਂ ਦਾ ਇਰਾਦਾ ਪਾਕਿਸਤਾਨ ਨੂੰ ਬਚਾਉਣ ਅਤੇ ਭਾਰਤ ਨੂੰ ‘ਖਲਨਾਇਕ’ ਮੰਨਣ ਵਰਗਾ ਹੈ। ਏਅਰ ਸਟ੍ਰਾਈਕ ਨੂੰ ਲੈ ਕੇ ਸਬੂਤ ਮੰਗਣ ਅਤੇ ਪਾਕਿਸਤਾਨ ਦਾ ਬਚਾਅ ਕਰਨ ਲਈ ਗੈਰ-ਭਾਜਪਾ ਪਾਰਟੀਆਂ ਨੇ ਜੋ ਮੁਹਿੰਮ ਚਲਾਈ ਹੋਈ ਸੀ, ਉਹ ਰੁਕ ਨਹੀਂ ਰਹੀ ਅਤੇ ਇਹ ਮੁਹਿੰਮ ਲੋਕ ਸਭਾ ਚੋਣਾਂ ਦੌਰਾਨ ਵੀ ਚੋਣ ਸਿਆਸਤ ਨੂੰ ਗਰਮੀ ਦੇ ਰਹੀ ਹੈ।
ਸੈਮ ਪਿਤ੍ਰੋਦਾ ਕਾਂਗਰਸ ਦੇ ਵੱਡੇ ਨਾਤੇ, ਰਣਨੀਤੀਕਾਰ ਰਹੇ ਹਨ। ਉਨ੍ਹਾਂ ਨੇ ਸਵ. ਰਾਜੀਵ ਗਾਂਧੀ ਨਾਲ ਕੰਮ ਕੀਤਾ ਹੈ ਤੇ ਅਜੇ ਵੀ ਉਨ੍ਹਾਂ ਦੀ ਗਿਣਤੀ ਸੋਨੀਆ ਤੇ ਰਾਹੁਲ ਗਾਂਧੀ ਦੇ ਸਲਾਹਕਾਰ ਵਜੋਂ ਹੁੰਦੀ ਹੈ। ਸੈਮ ਪਿਤ੍ਰੋਦਾ ਨੇ ਇਹ ਦੇਖਿਆ-ਸਮਝਿਆ ਨਹੀਂ ਕਿ ਅਜੇ ਚੋਣਾਂ ਦਾ ਸਮਾਂ ਹੈ, ਰਾਹੁਲ-ਪ੍ਰਿਯੰਕਾ ਕਾਂਗਰਸ ਨੂੰ ਮੁੜ ਸੱਤਾ ’ਚ ਲਿਆਉਣ, ਮੋਦੀ ਨੂੰ ਹਰਾਉਣ ਲਈ ਸਖਤ ਮਿਹਨਤ ਕਰ ਰਹੇ ਹਨ। ਉਨ੍ਹਾਂ ਨੇ ਨਰਮ ਹਿੰਦੂਤਵ ਦਾ ਹੱਥਕੰਡਾ ਵੀ ਅਪਣਾਇਆ ਹੋਇਆ ਹੈ। ਅਜਿਹੀ ਸਥਿਤੀ ’ਚ ਸੈਮ ਦਾ ਬਿਆਨ ਕਾਂਗਰਸ ਲਈ ਹਾਨੀਕਾਰਕ ਹੋਵੇਗਾ।
ਸੈਮ ਪਿਤ੍ਰੋਦਾ ਨੇ ਕਿਹਾ ਸੀ ਕਿ ਪੁਲਵਾਮਾ ਵਰਗੀ ਇਕ ਅੱਤਵਾਦੀ ਘਟਨਾ ਨੂੰ ਲੈ ਕੇ ਪੂਰੇ ਪਾਕਿਸਤਾਨ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ, ਜਦਕਿ ਸਪਾ ਦੇ ਰਾਮਗੋਪਾਲ ਨੇ ਕਹਿ ਦਿੱਤਾ ਕਿ ਏਅਰ ਸਟ੍ਰਾਈਕ ਦੇ ਜ਼ਰੀਏ ਮੁਸਲਮਾਨਾਂ ਨੂੰ ਹੱਥਕੰਡਾ ਬਣਾਇਆ ਜਾ ਰਿਹਾ ਹੈ। ਗੱਲ ਸਿਰਫ ਕਾਂਗਰਸ ਜਾਂ ਸਪਾ ਦੀ ਨਹੀਂ ਹੈ, ਨਰਿੰਦਰ ਮੋਦੀ ਦੇ ਸਾਰੇ ਵਿਰੋਧੀ ਧੜੇ ਅਜੇ ਵੀ ਏਅਰ ਸਟ੍ਰਾਈਕ ਦਾ ਸਬੂਤ ਮੰਗਣ ਵਿਚ ਲੱਗੇ ਹੋਏ ਹਨ ਤੇ ਪਾਕਿਸਤਾਨ ਦਾ ਬਚਾਅ ਕਰ ਰਹੇ ਹਨ। ਇਹ ਇਕ ਆਤਮਘਾਤੀ ਚੋਣ ਰਣਨੀਤੀ ਹੈ।
ਵਿਰੋਧੀ ਧਿਰ ਦੀ ਖੁਸ਼ਫਹਿਮੀ
ਪਾਕਿਸਤਾਨ ਅਤੇ ਹਿੰਦੂਤਵ ਦੇ ਸਵਾਲ ’ਤੇ ਭਾਜਪਾ ਤੇ ਮੋਦੀ ਨੂੰ ਨਹੀਂ ਹਰਾਇਆ ਜਾ ਸਕਦਾ। ਅਜਿਹੀ ਨੀਤੀ ਰੱਖਣ ਵਾਲੀ ਵਿਰੋਧੀ ਧਿਰ ਦੀ ਇਹ ਖੁਸ਼ਫਹਿਮੀ ਹੀ ਕਹੀ ਜਾ ਸਕਦੀ ਹੈ। ਭਾਜਪਾ ਤੇ ਮੋਦੀ ਨੇ ਪਾਕਿਸਤਾਨ-ਵਿਰੋਧ ਦੇ ਆਧਾਰ ’ਤੇ ਅਤੇ ਹਿੰਦੂਤਵ ਦੇ ਪੱਖ ’ਚ ਖੜ੍ਹੇ ਹੋ ਕੇ ਹਮੇਸ਼ਾ ਤਾਕਤ ਹਾਸਿਲ ਕੀਤੀ ਹੈ ਤੇ ਆਪਣੇ ਵਿਰੋਧੀਆਂ ਨੂੰ ਮਾਤ ਦਿੱਤੀ ਹੈ।
ਪਿਛਲੀਆਂ ਲੋਕ ਸਭਾ ਚੋਣਾਂ ਨੂੰ ਯਾਦ ਕਰੋ। ਉਸ ਸਿਆਸੀ ਸਥਿਤੀ ’ਚ ਮੋਦੀ ਖੂਬ ਦਹਾੜਦੇ ਰਹੇ, ਪਾਕਿਸਤਾਨ ਦੇ ਵਿਰੋਧ ਅਤੇ ਹਿੰਦੂਤਵ ਪ੍ਰਤੀ ਸਮਰਪਣ ਨੂੰ ਲੈ ਕੇ ਇੱਛਾ-ਸ਼ਕਤੀ ਦਿਖਾਉਂਦੇ ਰਹੇ ਤੇ ਇਸੇ ਆਧਾਰ ’ਤੇ ਉਨ੍ਹਾਂ ਨੇ ਉਦੋਂ ਲੋਕ ਸਭਾ ਚੋਣਾਂ ਜਿੱਤੀਆਂ ਸਨ। ਇਸ ਵਾਰ ਵੀ ਮੋਦੀ ਪਾਕਿਸਤਾਨ ਦੇ ਵਿਰੋਧ ਨੂੰ ਹਵਾ ਦੇ ਰਹੇ ਹਨ ਤੇ ਪਾਕਿ-ਪ੍ਰਸਤੀ ਨੂੰ ਆਧਾਰ ਬਣਾ ਕੇ ਕਾਂਗਰਸ ਅਤੇ ਆਪਣੇ ਹੋਰਨਾਂ ਵਿਰੋਧੀਆਂ ਨੂੰ ਧੂੜ ਚਟਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਆਪਣੀ ਹੀ ਪਾਰਟੀ ਦਾ ਨੁਕਸਾਨ ਕਰ ਰਹੇ ਨੇ ਕਾਂਗਰਸੀ ਨੇਤਾ
ਭਾਜਪਾ ਤੇ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਸਵਾਲ ’ਤੇ ਵਿਰੋਧੀ ਧਿਰ ਦੀ ਕਿਹੋ ਜਿਹੀ ਘੇਰਾਬੰਦੀ ਕੀਤੀ ਹੋਈ ਹੈ, ਇਹ ਸਭ ਨੂੰ ਪਤਾ ਹੈ। ਮੋਦੀ ਕਹਿੰਦੇ ਹਨ ਕਿ ਏਅਰ ਸਟ੍ਰਾਈਕ ਨੂੰ ਲੈ ਕੇ ਪਾਕਿਸਤਾਨ ’ਚ ਹਾਹਾਕਾਰ ਮਚੀ ਹੋਈ ਹੈ ਪਰ ਭਾਰਤ ’ਚ ਵਿਰੋਧੀ ਪਾਰਟੀਆਂ ਉਨ੍ਹਾਂ ਤੋਂ ਸਬੂਤ ਮੰਗ ਰਹੀਆਂ ਹਨ।
ਭਾਜਪਾ ਬੁਲਾਰਿਆਂ ਨੇ ਤਾਂ ਇਥੋਂ ਤਕ ਕਹਿ ਦਿੱਤਾ ਕਿ ਕਾਂਗਰਸ ਨੂੰ ਭਾਰਤ ਛੱਡ ਕੇ ਪਾਕਿਸਤਾਨ ’ਚ ਚਲੇ ਜਾਣਾ ਚਾਹੀਦਾ ਹੈ ਤੇ ਉਥੇ ਜਾ ਕੇ ਚੋਣਾਂ ਲੜਨੀਆਂ ਚਾਹੀਦੀਆਂ ਹਨ। ਸੈਮ ਪਿਤ੍ਰੋਦਾ ਵਰਗੇ ਲੋਕ ਮੁਸਲਿਮ ਤੁਸ਼ਟੀਕਰਨ ਲਈ ਪਾਕਿਸਤਾਨ ਦੀ ਭਾਸ਼ਾ ਬੋਲਦੇ ਹਨ।
ਭਾਜਪਾ ਕਹਿੰਦੀ ਹੈ ਕਿ ਅਸੀਂ ਦੋ ਵਾਰ ਫੌਜੀ ਸਟ੍ਰਾਈਕ ਕਰ ਕੇ ਪਾਕਿਸਤਾਨ ਦੀ ਧੌਣ ਮਰੋੜੀ ਹੈ। ਹੁਣ ਪਾਕਿਸਤਾਨ ਅਜਿਹੀ ਗੁਸਤਾਖੀ ਕਰਨ ਤੋਂ ਪਹਿਲਾਂ ਸੌ ਵਾਰ ਸੋਚੇਗਾ ਤੇ ਜੇ ਉਸ ਨੇ ਅਜਿਹੀ ਗੁਸਤਾਖੀ ਕੀਤੀ ਤਾਂ ਉਸ ਨੂੰ ਅਜਿਹਾ ਜਵਾਬ ਮਿਲੇਗਾ ਕਿ ਪਾਕਿਸਤਾਨ ਨੂੰ ਸੰਭਲਣ ’ਚ ਕਈ ਵਰ੍ਹੇ ਲੱਗ ਜਾਣਗੇ। ਸਮੱਸਿਆ ਇਹ ਹੈ ਕਿ ਕਾਂਗਰਸ ਕੋਲ ਸਿਰਫ ਸੈਮ ਪਿਤ੍ਰੋਦਾ ਹੀ ਨਹੀਂ, ਸਗੋਂ ਕਈ ਅਜਿਹੇ ਨੇਤਾ ਹਨ, ਜੋ ਸਬੂਤ ਮੰਗ ਕੇ ਕਾਂਗਰਸ ਦਾ ਹੀ ਨੁਕਸਾਨ ਕਰ ਰਹੇ ਹਨ।
ਜਨਤਾ ਵੀ ਗੁੱਸੇ ’ਚ
ਪਾਕਿਸਤਾਨ ਦੇ ਸਵਾਲ ’ਤੇ ਭਾਰਤ ਦੀ ਜਨਤਾ ਵੀ ਗੁੱਸੇ ’ਚ ਹੈ ਅਤੇ ਮੰਨਦੀ ਹੈ ਕਿ ਪਾਕਿਸਤਾਨ ਹਮੇਸ਼ਾ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਕੁਚਲਣ ਦੀ ਕੋਸ਼ਿਸ਼ ਕਰਦਾ ਹੈ। ਪਾਕਿਸਤਾਨ ਦੀ ਅੱਤਵਾਦੀ ਨੀਤੀ ਕਾਰਨ ਭਾਰਤ ਕਈ ਦਹਾਕਿਆਂ ਤੋਂ ਲਹੂ-ਲੁਹਾਨ ਹੈ, ਫਿਰ ਵੀ ਭਾਰਤੀ ਸਿਆਸੀ ਪਾਰਟੀਆਂ ਪਾਕਿਸਤਾਨ ਦੇ ਪੱਖ ’ਚ ਪਤਾ ਨਹੀਂ ਕਿਉਂ ਖੜ੍ਹੀਆਂ ਹੋ ਜਾਂਦੀਆਂ ਹਨ? ਆਮ ਲੋਕਾਂ ’ਚ ਇਹ ਗੱਲ ਫੈਲਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਜੇ ਮੋਦੀ ਚੋਣਾਂ ਹਾਰਦੇ ਹਨ ਤਾਂ ਫਿਰ ਪਾਕਿਸਤਾਨ ’ਚ ਪਟਾਕੇ ਚੱਲਣਗੇ, ਉਥੋਂ ਦੇ ਅੱਤਵਾਦੀ ਖੁਸ਼ ਹੋਣਗੇ ਤੇ ਪਾਕਿਸਤਾਨ ਦੇ ਅੱਤਵਾਦੀ ਸੰਗਠਨਾਂ ਲਈ ਭਾਰਤ ’ਚ ਹਿੰਸਕ ਸਰਗਰਮੀਆਂ ਚਲਾਉਣਾ ਸੌਖਾ ਹੋ ਜਾਵੇਗਾ।
ਸਭ ਤੋਂ ਵੱਡੀ ਗੱਲ ਇਹ ਹੈ ਕਿ ਦੇਸ਼ ਦਾ ਬਹੁਗਿਣਤੀ ਵਰਗ ਵਿਰੋਧੀ ਧਰ ਦੀ ਪਾਕਿ-ਪ੍ਰਸਤੀ ਨੂੰ ਆਪਣੇ ਹੀ ਵਿਰੋਧ ’ਚ ਮੰਨਦਾ ਹੈ। ਇਥੇ ਇਕ ਸਵਾਲ ਇਹ ਵੀ ਹੈ ਕਿ ਦੇਸ਼ ਦਾ ਬਹੁਗਿਣਤੀ ਵਰਗ ਨਵੀਂ ਜਾਗਰੂਕਤਾ ਨਾਲ ਮੋਦੀ ਤੇ ਭਾਜਪਾ ਦੇ ਪੱਖ ’ਚ ਖੜ੍ਹਾ ਹੈ ਪਰ ਵਿਰੋਧੀ ਧਿਰ ਮੁਸਲਿਮ ਤੁਸ਼ਟੀਕਰਨ ਲਈ ਬਹੁਗਿਣਤੀ ਵਰਗ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੀ।
ਜਾਣੇ-ਅਣਜਾਣੇ ਵਿਰੋਧੀ ਧਿਰ ਮੋਦੀ ਦੇ ਜਾਲ ’ਚ ਫਸ ਚੁੱਕੀ ਹੈ। ਮੋਦੀ ਤਾਂ ਇਹੋ ਚਾਹੁੰਦੇ ਹਨ ਕਿ ਵਿਰੋਧੀ ਪਾਰਟੀਆਂ ਪਾਕਿ-ਪ੍ਰਸਤੀ ਦਿਖਾਉਂਦੀਆਂ ਰਹਿਣ, ਭਾਰਤ ਸਰਕਾਰ ਤੋਂ ਏਅਰ ਸਟ੍ਰਾਈਕ ਦੇ ਸਬੂਤ ਮੰਗਦੀਆਂ ਰਹਿਣ ਤਾਂ ਕਿ ਦੇਸ਼ ਦੇ ਲੋਕ ਉਨ੍ਹਾਂ ਦੇ ਵਿਰੁੱਧ ਖੜ੍ਹੇ ਹੋ ਜਾਣ।
ਵਿਰੋਧੀ ਧਿਰ ਕੋਲ ਮੋਦੀ ਵਿਰੁੱਧ ਸੈਂਕੜੇ ਅਜਿਹੇ ਸਵਾਲ ਹਨ, ਜਿਨ੍ਹਾਂ ਨੂੰ ਲੈ ਕੇ ਉਹ ਮੋਦੀ ਨੂੰ ਘੇਰ ਸਕਦੀ ਹੈ। ਵਿਰੋਧੀ ਧਿਰ ਕੋਲ ਬੇਰੋਜ਼ਗਾਰੀ, ਭ੍ਰਿਸ਼ਟਾਚਾਰ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਹਨ, ਫਿਰ ਵੀ ਪਤਾ ਨਹੀਂ ਕਿਉਂ ਇਨ੍ਹਾਂ ਨੂੰ ਛੱਡ ਕੇ ਵਿਰੋਧੀ ਧਿਰ ਪਾਕਿਸਤਾਨ ਦਾ ਸਵਾਲ ਉਠਾ ਰਹੀ ਹੈ? ਵਿਰੋਧੀ ਧਿਰ ਲਈ ਇਹ ਘਾਟੇ ਦਾ ਸਵਾਲ ਹੈ ਪਰ ਉਹ ਇਸ ਸਵਾਲ ਦੀ ਅਸਲੀਅਤ ਨੂੰ ਸਮਝਣ ਲਈ ਤਿਆਰ ਨਹੀਂ।
ਕਦੇ ਸੋਨੀਆ ਗਾਂਧੀ ਨੇ ਮੋਦੀ ਨੂੰ ‘ਮੌਤ ਦਾ ਸੌਦਾਗਰ’ ਕਹਿ ਕੇ ਉਨ੍ਹਾਂ ਨੂੰ ਆਪਣਾ ਅਕਸ ਚਮਕਾਉਣ ਦਾ ਮੌਕਾ ਦਿੱਤਾ ਸੀ, ਗੁਜਰਾਤ ’ਚ ਹਿੰਦੂਆਂ ਵਿਰੁੱਧ ਅਪਮਾਨਜਨਕ ਮੁਹਿੰਮ ਚਲਾ ਕੇ ਭਾਜਪਾ ਨੂੰ ਤਾਕਤ ਦਿੱਤੀ ਸੀ। ਸਿੱਟਾ ਇਹੋ ਹੈ ਕਿ ਪਾਕਿਸਤਾਨ ਦਾ ਸਵਾਲ ਮੋਦੀ ਨੂੰ ਹੀ ਚੋਣਾਂ ’ਚ ਲਾਭ ਦੇਵੇਗਾ। -ਵਿਸ਼ਨੂੰ ਗੁਪਤ
(guptvishnu@gmail.com)
ਅੱਤਿਆਚਾਰ ਦੇ ਸ਼ਿਕਾਰ ਪਾਕਿਸਤਾਨੀ ਹਿੰਦੂਆਂ ਦੀ ਸਾਰ ਕੌਣ ਲਵੇਗਾ
NEXT STORY