ਸਪੋਰਟਸ ਡੈਸਕ- ਸਾਲ 2021 ਨੂੰ ਵਿਦਾ ਹੋਣ 'ਚ ਹੁਣ ਕੁਝ ਦਿਨ ਹੀ ਬਾਕੀ ਬਚੇ ਹਨ। 2021 'ਚ ਕ੍ਰਿਕਟ ਜਗਤ 'ਚ ਕਈ ਵਿਵਾਦ ਚਰਚਾ 'ਚ ਰਹੇ। ਵਿਰਾਟ ਕੋਹਲੀ ਤੋਂ ਭਾਰਤੀ ਵਨ-ਡੇ ਟੀਮ ਦੀ ਕਪਤਾਨੀ ਖੋਹੀ ਜਾਣ ਤੋਂ ਲੈ ਕੇ ਟਿਮ ਪੇਨ ਦੇ 'ਸੈਕਸਟਿੰਗ' ਕਾਂਡ ਤਕ 2021 'ਚ ਇਨ੍ਹਾਂ ਪੰਜ ਵਿਵਾਦਾਂ ਨੇ ਲੋਕਾਂ ਦਾ ਧਿਆਨ ਖਿੱਚਿਆ ਤੇ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੇ ਰਹੇ।
ਇਹ ਵੀ ਪੜ੍ਹੋ : ਵਿਰਾਟ ਕੋਹਲੀ ਦੀ ਅਗਵਾਈ ’ਚ ਭਾਰਤੀ ਟੀਮ ਨੇ ਸ਼ੁਰੂ ਕੀਤੀ ਟ੍ਰੇਨਿੰਗ, 26 ਨੂੰ ਹੋਵੇਗਾ ਪਹਿਲਾ ਟੈਸਟ
1. ਆਖ਼ਰੀ ਸਮੇਂ 'ਤੇ ਨਿਊਜ਼ੀਲੈਂਡ ਨੇ ਪਾਕਿਸਤਾਨ 'ਚ ਖੇਡਣ ਤੋਂ ਕੀਤਾ ਮਨ੍ਹਾ
ਇਸ ਸਾਲ ਨਿਊਜ਼ੀਲੈਂਡ ਦੀ ਟੀਮ ਨੇ 18 ਸਾਲ ਬਾਅਦ ਪਾਕਿਸਤਾਨ ਦਾ ਦੌਰਾ ਕੀਤਾ। ਪਰ ਪਹਿਲਾ ਮੈਚ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਨਿਊਜ਼ੀਲੈਂਡ ਦੀ ਟੀਮ ਨੇ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਖੇਡਣ ਤੋਂ ਮਨ੍ਹਾ ਕਰ ਦਿੱਤਾ। ਨਿਊਜ਼ੀਲੈਂਡ ਦੇ ਖਿਡਾਰੀਆਂ ਵਲੋਂ ਪਾਕਿਸਤਾਨ 'ਚ ਕ੍ਰਿਕਟ ਨਾ ਖੇਡਣਾ ਪਾਕਿਸਤਾਨ ਕ੍ਰਿਕਟ ਬੋਰਡ ਦੇ ਲਈ ਵੱਡਾ ਝਟਕਾ ਸਾਬਤ ਹੋਇਆ ਹੈ। ਇਸ ਨਾਲ ਉਸ ਦਾ ਕੌਮਾਂਤਰੀ ਪੱਧਰ 'ਤੇ ਖ਼ੂਬ ਮਜ਼ਾਕ ਉਡਿਆ। ਇਸ ਤੋਂ ਬਾਅਦ ਇੰਗਲੈਂਡ ਨੇ ਵੀ ਪਾਕਿਸਤਾਨ ਦਾ ਦੌਰਾ ਕਰਨ ਤੋਂ ਮਨ੍ਹਾ ਕਰ ਦਿੱਤਾ। ਪੀ. ਸੀ. ਬੀ. ਨੂੰ ਇਹ ਦੌਰੇ ਰੱਦ ਹੋਣ 'ਤੇ ਕਾਫ਼ੀ ਨੁਕਸਾਨ ਝੱਲਣਾ ਪਿਆ।
2. ਕੋਰੋਨਾ ਕਾਰਨ ਆਈ. ਪੀ. ਐੱਲ. ਦਾ ਮੁਲਤਵੀ ਹੋਣਾ
ਆਈ. ਪੀ. ਐੱਲ. 2021 ਦਾ ਸੀਜ਼ਨ ਭਾਰਤ 'ਚ ਸ਼ੁਰੂ ਹੋਇਆ ਪਰ ਟੂਰਨਾਮੈਂਟ ਦੇ ਵਿਚਾਲੇ ਹੀ ਕੋਰੋਨਾ ਵਾਇਰਸ ਦੇ ਆਉਣ ਨਾਲ ਇਸ ਨੂੰ ਯੂ. ਏ. ਈ. (ਸੰਯੁਕਤ ਅਰਬ ਅਮੀਰਾਤ) 'ਚ ਕਰਵਾਉਣਾ ਪਿਆ। ਆਈ. ਪੀ. ਐੱਲ. ਦੇ ਦੌਰਾਨ ਹੀ ਚੇਨਈ ਸੁਪਰਕਿੰਗਜ਼, ਕੋਲਕਾਤਾ ਨਾਈਟ ਰਾਈਡਰਜ਼ ਤੇ ਸਨਰਾਈਜ਼ਰਜ਼ ਹੈਦਰਾਬਾਦ ਦੇ ਖਿਡਾਰੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆ ਗਈ ਸੀ ਜਿਸ ਤੋਂ ਬਾਅਦ ਇਸ ਟੂਰਨਾਮੈਂਟ ਨੂੰ ਪਹਿਲਾ ਮੁਲਤਵੀ ਕਰਨਾ ਪਿਆ ਤੇ ਬਾਅਦ 'ਚ ਇਸ ਦੇ ਬਾਕੀ ਬਚੇ ਮੈਚਾਂ ਨੂੰ ਖੇਡਣ ਲਈ ਟੂਰਨਾਮੈਂਟ ਨੂੰ ਯੂ. ਏ. ਈ. ਸ਼ਿਫਟ ਕਰਨਾ ਪਿਆ। ਇਸ ਸਾਲ ਚੇਨਈ ਸੁਪਰਕਿੰਗਜ਼ ਦੀ ਟੀਮ ਨੇ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਨੂੰ ਫ਼ਾਈਨਲ 'ਚ ਹਰਾ ਕੇ ਚੌਥੀ ਵਾਰ ਖ਼ਿਤਾਬ ਨੂੰ ਆਪਣੇ ਨਾਂ ਕੀਤਾ।
3. ਤਾਲਿਬਾਨ ਨੇ ਮਹਿਲਾ ਕ੍ਰਿਕਟ 'ਤੇ ਲਾਇਆ ਬੈਨ
ਇਸ ਸਾਲ ਅਮਰੀਕਾ ਨੇ ਅਫਗਾਨਿਸਤਾਨ ਤੋਂ ਆਪਣੀ ਫ਼ੌਜ ਨੂੰ ਵਾਪਸ ਬੁਲਾ ਲਿਆ। ਇਸ ਤੋਂ ਬਾਅਦ ਇਕ ਵਾਰ ਫਿਰ ਅਫਗਾਨਿਸਤਾਨ 'ਤੇ ਅੱਤਵਾਦੀ ਸੰਗਠਨ ਤਾਲਿਬਾਨ ਦਾ ਕਬਜ਼ਾ ਹੋ ਗਿਆ। ਤਾਲਿਬਾਨ ਨੇ ਅਫਗਾਨਿਸਤਾਨ ਦੀ ਵਾਗਡੋਰ ਸੰਭਾਲਣ ਦੇ ਬਾਅਦ ਮਹਿਲਾ ਖੇਡ ਤੇ ਮਹਿਲਾ ਕ੍ਰਿਕਟ 'ਤੇ ਪੂਰੀ ਤਰ੍ਹਾਂ ਨਾਲ ਬੈਨ ਲਾ ਦਿੱਤਾ। ਇਸ ਦੇ ਪਿੱਛੇ ਤਾਲਿਬਾਨ ਨੇ ਵਜ੍ਹਾ ਦਸਦੇ ਹੋਏ ਕਿਹਾ ਕਿ ਕ੍ਰਿਕਟ 'ਚ ਮਹਿਲਾਵਾਂ ਨੂੰ ਕਈ ਵਾਰ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿੱਥੇ ਉਨ੍ਹਾਂ ਦਾ ਚਿਹਰਾ ਤੇ ਸਰੀਰ ਢੱਕਿਆ ਨਹੀਂ ਹੋਵੇਗਾ। ਇਸਲਾਮ ਮਹਿਲਾਵਾਂ ਨੂੰ ਇਸ ਤਰ੍ਹਾਂ ਦੇਖਣ ਦੀ ਇਜਾਜ਼ਤ ਨਹੀਂ ਦਿੰਦਾ ਹੈ।
ਇਹ ਵੀ ਪੜ੍ਹੋ : ਭਾਰਤੀ ਖਿਡਾਰੀਆਂ ਨੇ ‘ਫੁੱਟਵਾਲੀ’ ਨਾਲ ਦੱਖਣੀ ਅਫਰੀਕਾ ਟੈਸਟ ਲਈ ਤਿਆਰੀ ਸ਼ੁਰੂ ਕੀਤੀ
4. ਸੈਕਸ ਸਕੈਂਡਲ 'ਚ ਫਸੇ ਆਸਟਰੇਲੀਆਈ ਕਪਤਾਨ ਟਿਮ ਪੇਨ
ਏਸ਼ੇਜ਼ ਸੀਰੀਜ਼ ਤੋਂ ਕੁਝ ਹਫ਼ਤੇ ਪਹਿਲਾਂ ਹੀ ਟਿਮ ਪੇਨ ਨੇ ਆਸਟਰੇਲੀਆਈ ਟੈਸਟ ਕਪਤਾਨ ਦੇ ਤੌਰ ਤੋਂ ਅਸਤੀਫ਼ਾ ਦੇ ਦਿੱਤਾ। ਇਸ ਦੇ ਪਿੱਛੇ ਵਜ੍ਹਾ ਇਹ ਸੀ ਕਿ ਟਿਮ ਪੇਨ ਨੇ ਸਾਲ 2017 'ਚ ਇਕ ਮਹਿਲਾ ਨੂੰ ਸੈਕਸ ਸਬੰਧੀ ਮੈਸੇਜ ਭੇਜੇ ਸਨ। ਪਰ ਮੈਸੇਜ ਬਾਅਦ 'ਚ ਸੋਸ਼ਲ ਮੀਡੀਆ 'ਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋਏ। ਟਿਮ ਪੇਨ ਨੇ ਹੁਣ ਆਪਣੇ ਮਾਨਸਿਕ ਸਵਸਥ ਦੇ ਕਾਰਨ ਕ੍ਰਿਕਟ ਦੇ ਸਾਰੇ ਫਾਰਮੈਟ ਤੋਂ ਆਰਾਮ ਲੈ ਲਿਆ ਹੈ।
5. ਵਨ-ਡੇ ਦੀ ਕਪਤਾਨੀ ਨੂੰ ਲੈ ਕੇ ਆਹਮੋ-ਸਾਹਮਣੇ ਹੋਏ ਵਿਰਾਟ ਤੇ ਬੀ. ਸੀ. ਸੀ. ਆਈ.
ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਵਨ-ਡੇ ਦੀ ਕਪਤਾਨੀ ਤੋਂ ਹਟਾਉਣਾ ਇਸ ਸਾਲ ਕ੍ਰਿਕਟ ਦੇ ਸਭ ਤੋਂ ਵੱਡੇ ਵਿਵਾਦਾਂ 'ਚੋਂ ਇਕ ਸੀ। ਕਪਤਾਨੀ ਤੋਂ ਹਟਾਏ ਜਾਣ ਦੇ ਬਾਅਦ ਵਿਰਾਟ ਨੇ ਕਿਹਾ ਕਿ ਉਨ੍ਹਾਂ ਨੂੰ ਦੱ. ਅਫ਼ਰੀਕਾ ਦੌਰੇ ਲਈ ਚੁਣੇ ਜਾਣ ਵਾਲੀ ਟੀਮ ਦੇ ਐਲਾਨ ਤੋਂ ਡੇਢ ਘੰਟੇ ਪਹਿਲਾਂ ਹੀ ਇਹ ਦੱਸਿਆ ਗਿਆ। ਜਦਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਆਪਣੇ ਬਿਆਨ 'ਚ ਕਿਹਾ ਸੀ ਕਿ ਉਨ੍ਹਾਂ ਨੇ ਵਿਰਾਟ ਕੋਹਲੀ ਨੂੰ ਵਨ-ਡੇ ਦੀ ਕਪਤਾਨੀ ਨਾ ਛੱਡਣ ਦੀ ਬੇਨਤੀ ਕੀਤੀ ਸੀ। ਇਨ੍ਹਾਂ ਦੋਵਾਂ ਦੇ ਬਿਆਨ ਮੀਡੀਆ 'ਚ ਖ਼ੂਬ ਸੁਰਖ਼ੀਆ 'ਚ ਆਏ ਤੇ ਇਸ ਤਰ੍ਹਾਂ ਇਹ ਇਸ ਸਾਲ ਦਾ ਸਭ ਤੋਂ ਵੱਡਾ ਕ੍ਰਿਕਟ ਵਿਵਾਦ ਰਿਹਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
2022 ਤੋਂ ਨਵੀਂ ਜਰਸੀ ’ਚ ਦਿਸੇਗੀ ਭਾਰਤੀ ਸੀਨੀਅਰ ਮਹਿਲਾ ਫੁੱਟਬਾਲ ਟੀਮ
NEXT STORY