ਢਾਕਾ— ਨਿਊਜ਼ੀਲੈਂਡ ਵਿਚ ਕ੍ਰਾਈਸਟਚਰਚ ਗੋਲੀਬਾਰੀ ਵਿਚ ਬਾਲ-ਬਾਲ ਬਚੀ ਬੰਗਲਾਦੇਸ਼ ਦੀ ਕ੍ਰਿਕਟ ਟੀਮ ਸ਼ਨੀਵਾਰ ਦੇਰ ਰਾਤ ਵਤਨ ਪਰਤ ਆਈ ਹੈ। ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਟਵਿਟਰ 'ਤੇ ਟੀਮ ਦੀ ਸੁਰੱਖਿਅਤ ਵਤਨ ਪਰਤਣ ਦੀ ਜਾਣਕਾਰੀ ਦਿੱਤੀ।

ਕ੍ਰਾਈਸਟਚਰਚ ਮਸਜਿਦ 'ਤੇ ਸ਼ੁੱਕਰਵਾਰ ਨੂੰ ਹੋਏ ਹਮਲੇ ਤੋਂ ਬਾਅਦ ਬੰਗਲਾਦੇਸ਼ ਕ੍ਰਿਕਟ ਟੀਮ ਦੇ ਨਿਊਜ਼ੀਲੈਂਡ ਦੌਰੇ ਨੂੰ ਰੱਦ ਕਰ ਦਿੱਤਾ ਗਿਆ ਸੀ। ਇਸ ਹਾਦਸੇ ਵਿਚ ਮਹਿਮਾਨ ਟੀਮ ਦੇ ਖਿਡਾਰੀ ਸੁਰੱਖਿਅਤ ਬਚ ਗਏ ਪਰ ਹਮਲੇ ਵਿਚ ਲਗਭਗ 49 ਲੋਕਾਂ ਦੀ ਮੌਤ ਹੋਈ ਹੈ ਤੇ 48 ਜ਼ਖ਼ਮੀ ਹੋਏ ਹਨ। ਹੇਗਲੇ ਓਵਲ ਦੇ ਨੇੜੇ ਬੰਗਲਾਦੇਸ਼ ਦੀ ਟੀਮ ਮਸਜਿਦ ਵਿਚ ਪ੍ਰਵੇਸ਼ ਕਰਨ ਹੀ ਵਾਲੀ ਸੀ ਕਿ ਮਸਜਿਦ 'ਤੇ ਹਮਲਾ ਹੋ ਗਿਆ। ਬੰਗਲਾਦੇਸ਼ ਤੇ ਨਿਊਜ਼ੀਲੈਂਡ ਵਿਚਾਲੇ ਕ੍ਰਾਈਸਟਚਰਚ ਟੈਸਟ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਤੇ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਸੀ।
ਜਿਸ ਸਮੇਂ ਮਸਜਿਦ 'ਤੇ ਇਹ ਹਮਲਾ ਹੋਇਆ, ਪੂਰੀ ਬੰਗਲਾਦੇਸ਼ੀ ਟੀਮ ਆਪਣੀ ਬੱਸ ਵਿਚ ਮੌਜੂਦ ਸੀ ਤੇ ਇਸ ਘਟਨਾ ਦੀ ਗਵਾਹ ਵੀ ਬਣੀ। ਖਿਡਾਰੀਆਂ ਨੂੰ ਪਹਿਲਾਂ ਕੁਝ ਦੇਰ ਤਕ ਬੱਸ ਵਿਚ ਹੀ ਰੋਕ ਦਿੱਤਾ ਗਿਆ ਪਰ ਫਿਰ ਸਾਰੇ ਬੱਸ ਤੋਂ ਉੱਤਰ ਕੇ ਭੱਜਦੇ ਹੋਏ ਗਰਾਊਂਡ ਤਕ ਪਹੁੰਚੇ। ਥੋੜ੍ਹੀ ਦੇਰ ਬਾਅਦ ਖਿਡਾਰੀਆਂ ਨੂੰ ਵਾਪਸ ਉਨ੍ਹਾਂ ਦੇ ਹੋਟਲ ਲਿਜਾਇਆ ਗਿਆ।
ਬੰਗਲਾਦੇਸ਼ੀ ਕ੍ਰਿਕਟ ਟੀਮ ਸ਼ੁੱਕਰਵਾਰ ਨੂੰ ਜਿਸ ਸਮੇਂ ਨਮਾਜ਼ ਲਈ ਜਾ ਰਹੀ ਸੀ, ਤਦ ਟੀਮ ਦਾ ਕੋਚਿੰਗ ਸਟਾਫ ਹੋਟਲ ਵਿਚ ਹੀ ਮੌਜੂਦ ਸੀ, ਜਦਕਿ ਟੀਮ ਦਾ ਮੁੱਖ ਕੋਚ ਸਟੀਵ ਰੋਡਸ ਗਰਾਊਂਡ 'ਤੇ ਮੌਜੂਦ ਸੀ। ਲਿਟਨ ਦਾਸ ਤੇ ਨਈਮ ਹਸਨ ਵੀ ਉਸ ਸਮੇਂ ਹੋਟਲ ਵਿਚ ਮੌਜੂਦ ਸਨ, ਜਿਨ੍ਹਾਂ ਨੂੰ ਫੋਨ 'ਤੇ ਹੋਟਲ ਵਿਚ ਹੀ ਰੁਕਣ ਦੀ ਜਾਣਕਾਰੀ ਦਿੱਤੀ ਗਈ ਸੀ।
Sports Wrap up 17 ਮਾਰਚ : ਪੜ੍ਹੋ ਦਿਨ ਭਰ ਦੀਆਂ 10 ਵੱਡੀਆਂ ਖਬਰਾਂ
NEXT STORY