ਸਪੋਰਟਸ ਡੈਸਕ- ਪਾਕਿਸਤਾਨ ਦੇ ਜੈਵਲਿਨ ਥਰੋਅ ਅਥਲੀਟ ਅਰਸ਼ਦ ਨਦੀਮ ਨੇ ਪੈਰਿਸ ਓਲੰਪਿਕ 'ਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਅਰਸ਼ਦ ਨਦੀਮ ਨੇ ਫਾਈਨਲ 'ਚ ਟੋਕੀਓ ਓਲੰਪਿਕ 'ਚ ਸੋਨ ਤਮਗਾ ਜਿੱਤਣ ਵਾਲੇ ਭਾਰਤੀ ਅਥਲੀਟ ਨੀਰਜ ਚੋਪੜਾ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ ਹੈ। ਇਸ ਦੇ ਨਾਲ ਹੀ ਅਰਸ਼ਦ ਓਲੰਪਿਕ ਵਿੱਚ ਸੋਨ ਤਮਗਾ ਜਿੱਤਣ ਵਾਲਾ ਪਾਕਿਸਤਾਨ ਦਾ ਪਹਿਲਾ ਅਥਲੀਟ ਵੀ ਬਣ ਗਿਆ ਹੈ। ਨੀਰਜ ਚੋਪੜਾ ਨੂੰ ਚਾਂਦੀ ਦੇ ਤਮਗੇ ਨਾਲ ਸੰਤੁਸ਼ਟ ਹੋਣਾ ਪਿਆ। ਇਸ ਦੌਰਾਨ ਅਰਸ਼ਦ ਨਦੀਮ ਨੂੰ ਲੈ ਕੇ ਪੈਰਿਸ ਤੋਂ ਵੱਡੀ ਖਬਰ ਆਈ ਹੈ। ਪਾਕਿਸਤਾਨੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਉਸ ਦਾ ਡੋਪ ਟੈਸਟ ਵੀ ਸਟੇਡੀਅਮ 'ਚ ਹੋਇਆ ਸੀ। ਇਸ ਟੈਸਟ ਲਈ ਉਸ ਨੂੰ 2 ਤੋਂ 3 ਘੰਟੇ ਸਟੇਡੀਅਮ 'ਚ ਰਹਿਣਾ ਪਿਆ।

ਅਰਸ਼ਦ ਨਦੀਮ ਦੇ ਨਾਲ ਨੀਰਜ ਅਤੇ ਪੀਟਰਸ ਦਾ ਵੀ ਹੋਇਆ ਸੀ ਡੋਪ ਟੈਸਟ
ਪਾਕਿਸਤਾਨੀ ਮੀਡੀਆ 'ਚ ਛਪੀ ਰਿਪੋਰਟ ਮੁਤਾਬਕ ਜੈਵਲਿਨ ਥਰੋਅ ਮੁਕਾਬਲਾ ਖਤਮ ਹੋਣ ਤੋਂ ਬਾਅਦ ਤਿੰਨ ਤਮਗਾ ਜੇਤੂ ਖਿਡਾਰੀਆਂ ਨੂੰ ਸਟੇਡੀਅਮ 'ਚ ਰੋਕ ਦਿੱਤਾ ਗਿਆ। ਇਸ ਤੋਂ ਬਾਅਦ ਤਿੰਨਾਂ ਦਾ ਡੋਪ ਟੈਸਟ ਕੀਤਾ ਗਿਆ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਤਮਗਾ ਜੇਤੂ ਐਥਲੀਟਾਂ ਦਾ ਡੋਪ ਟੈਸਟ ਹੋ ਚੁੱਕਾ ਹੈ, ਕਿਉਂਕਿ ਇਹ ਓਲੰਪਿਕ ਦੇ ਨਿਯਮਾਂ ਦੇ ਤਹਿਤ ਹੁੰਦਾ ਹੈ।
ਦਰਅਸਲ ਓਲੰਪਿਕ ਨਿਯਮਾਂ ਮੁਤਾਬਕ ਈਵੈਂਟ ਤੋਂ ਬਾਅਦ ਤਮਗਾ ਜਿੱਤਣ ਵਾਲੇ ਖਿਡਾਰੀਆਂ ਦਾ ਡੋਪ ਟੈਸਟ ਕੀਤਾ ਜਾਂਦਾ ਹੈ। ਮਤਲਬ ਕੱਲ੍ਹ ਦੇ ਮੁਕਾਬਲੇ ਤੋਂ ਬਾਅਦ ਅਰਸ਼ਦ ਨਦੀਮ ਦੇ ਨਾਲ-ਨਾਲ ਨੀਰਜ ਚੋਪੜਾ ਅਤੇ ਗ੍ਰੇਨਾਡਾ ਦੇ ਜੈਵਲਿਨ ਖਿਡਾਰੀ ਐਂਡਰਸਨ ਪੀਟਰਸ ਦਾ ਵੀ ਡੋਪ ਟੈਸਟ ਕੀਤਾ ਗਿਆ।

ਅਰਸ਼ਦ ਨੇ ਸ਼ਾਨਦਾਰ ਵਾਪਸੀ ਕਰਕੇ ਜਿੱਤਿਆ ਸੋਨ ਤਮਗਾ
ਅਰਸ਼ਦ ਨਦੀਮ ਨੇ ਸ਼ਾਨਦਾਰ ਤਰੀਕੇ ਨਾਲ ਪਾਕਿਸਤਾਨ ਦੇ ਖਾਤੇ 'ਚ ਗੋਲਡ ਮੈਡਲ ਪਾ ਦਿੱਤਾ ਹੈ। ਪਾਕਿਸਤਾਨ ਦੇ ਛੇ ਅਥਲੀਟਾਂ ਵਿੱਚੋਂ ਸਿਰਫ਼ ਅਰਸ਼ਦ ਹੀ ਫਾਈਨਲ ਲਈ ਕੁਆਲੀਫਾਈ ਕਰਨ ਵਿੱਚ ਕਾਮਯਾਬ ਹੋਏ। ਨੀਰਜ ਵਾਂਗ ਅਰਸ਼ਦ ਦੀ ਵੀ ਸ਼ੁਰੂਆਤ ਖਰਾਬ ਰਹੀ। ਉਹ ਸ਼ੁਰੂ ਵਿੱਚ ਫਾਊਲ ਵੀ ਹੋਇਆ। ਪਰ ਇਸ ਤੋਂ ਬਾਅਦ ਅਰਸ਼ਦ ਨਦੀਮ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਅਤੇ ਸ਼ਾਨਦਾਰ ਵਾਪਸੀ ਕਰਦੇ ਹੋਏ 92.97 ਮੀਟਰ ਥਰੋਅ ਨਾਲ ਪਹਿਲਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਭਾਰਤੀ ਅਥਲੀਟ ਨੀਰਜ ਚੋਪੜਾ ਨੇ ਵੀ ਆਪਣੀ ਦੂਜੀ ਕੋਸ਼ਿਸ਼ ਵਿੱਚ 89.45 ਮੀਟਰ ਦੀ ਦੂਰੀ ਤੈਅ ਕੀਤੀ। ਹਾਲਾਂਕਿ ਅੰਤ 'ਚ ਨੀਰਜ ਦੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਅਤੇ ਅਰਸ਼ਦ ਨੇ ਸੋਨ ਤਮਗਾ ਜਿੱਤ ਲਿਆ।
ਅਦਾਕਾਰਾ ਸੋਨੀਆ ਮਾਨ ਦਾ ਵਿਨੇਸ਼ ਫੋਗਾਟ ਲਈ ਵੱਡਾ ਐਲਾਨ!
NEXT STORY