ਨਵੀਂ ਦਿੱਲੀ—ਏਸ਼ੀਆ ਕੱਪ ਦੇ ਸੁਪਰ-4 ਮੁਕਾਬਲੇ 'ਚ ਅਫਗਾਨਿਸਤਾਨ ਖਿਲਾਫ ਟੀਮ ਇੰਡੀਆ ਜਿੱਤ ਹਾਸਲ ਨਹੀਂ ਕਰ ਪਾਈ ਸੀ। ਭਾਰਤ ਅਤੇ ਅਫਗਾਨਿਸਤਾਨ ਦਾ ਇਹ ਮੈਚ ਟਾਈ ਰਿਹਾ ਸੀ। ਰਾਸ਼ਿਦ ਖਾਨ ਨੇ ਜਡੇਜਾ ਨੂੰ ਆਊਟ ਕਰ ਕੇ ਭਾਰਤ ਦੇ ਹੱਥਾਂ ਤੋਂ ਜਿੱਤ ਖੋਹ ਲਈ ਸੀ ਜਿਸ ਤੋਂ ਬਾਅਦ ਮੈਦਾਨ 'ਤੇ ਬੈਠਾ ਇਕ ਬੱਚਾ ਰੋਣ ਲੱਗਾ ਸੀ।
ਇਹ ਬੱਚਾ ਜਡੇਜਾ ਦੇ ਆਊਟ ਹੋਣ ਤੋਂ ਬਾਅਦ ਇੰਨਾ ਨਿਰਾਸ਼ ਹੋ ਗਿਆ ਕਿ ਉਸਦੇ ਹੰਝੂ ਨਿਕਲ ਆਏ, ਹਾਲਾਂਕਿ ਇਸਦੇ ਬਾਅਦ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਇਸ ਬੱਚੇ ਨੂੰ ਬਹੁਤ ਖਾਸ ਗਿਫਟ ਦਿੱਤਾ। ਭੁਵਨੇਸ਼ਵਰ ਕੁਮਾਰ ਨੇ ਮੈਚ ਤੋਂ ਬਾਅਦ ਇਸ ਬੱਚੇ ਦੇ ਪਿਤਾ ਅਮਰਪ੍ਰੀਤ ਸਿੰਘ ਨੂੰ ਫੋਨ ਕੀਤਾ ਅਤੇ ਬੱਚੇ ਨਾਲ ਵੀ ਗੱਲ ਕੀਤੀ। ਭੁਵਨੇਸ਼ਵਰ ਕੁਮਾਰ ਨੇ ਬੱਚੇ ਨੂੰ ਚੁੱਪ ਕਰਾਉਂਦੇ ਹੋਏ ਉਸ ਨੂੰ ਚੈਂਪੀਅਨਜ਼ ਬਣਾਉਣ ਦਾ ਵਾਅਦਾ ਕੀਤਾ। ਭੁਵਨੇਸ਼ਵਰ ਦੀ ਕਾਲ ਤੋਂ ਬਾਅਦ ਇਹ ਬੱਚਾ ਬਹੁਤ ਖੁਸ਼ ਹੋ ਗਿਆ। ਇਸਦਾ ਵੀਡੀਓ ਅਤੇ ਤਸਵੀਰਾਂ ਬੱਚੇ ਦੇ ਪਿਤਾ ਅਮਰਪ੍ਰੀਤ ਸਿੰਘ ਨੇ ਟਵੀਟ ਵੀ ਕੀਤੀਆਂ ਹਨ।
ਸਿਰਫ ਭੁਵਨੇਸ਼ਵਰ ਹੀ ਨਹੀਂ ਬਲਕਿ ਟੀਮ ਇੰਡੀਆ ਦੇ ਸਾਬਕਾ ਆਫ ਸਪਿਨਰ ਹਰਭਜਨ ਸਿੰਘ ਨੇ ਵੀ ਬੱਚੇ ਨੂੰ ਚੁੱਪ ਕਰਾਉਂਦੇ ਹੋਏ ਟੀਮ ਇੰਡੀਆ ਦੇ ਚੈਂਪੀਅਨਜ਼ ਬਣਾਉਣ ਦਾ ਦਿਲਾਸਾ ਦਿੱਤਾ। ਇਹੀ ਨਹੀਂ ਵਿਰੋਧੀ ਟੀਮ ਦੇ ਖਿਡਾਰੀ ਰਾਸ਼ਿਦ ਖਾਨ ਅਤੇ ਮੁਹੰਮਦ ਸ਼ਾਹਜਾਦ ਨੇ ਵੀ ਬੱਚੇ ਨਾਲ ਮੁਲਾਕਾਤ ਕੀਤੀ ਅਤੇ ਉਸਦੇ ਨਾਲ ਫੋਟੋ ਖਿਚਵਾਈ।
ਦੱਸ ਦਈਏ ਕਿ ਏਸ਼ੀਆ ਕੱਪ 'ਚ ਹੁਣ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਖਿਤਾਬੀ ਭਿੜਤ ਹੋਣੀ ਹੈ। ਮੁਕਾਬਲਾ ਸ਼ੁੱਕਰਵਾਰ ਨੂੰ ਸ਼ਾਮ 5 ਵਜੇ ਦੁਬਈ ਇੰਟਰਨੈਸ਼ਨਲ ਸਟੇਡੀਅਮ 'ਚ ਹੋਵੇਗਾ। ਬੰਗਲਾਦੇਸ਼ ਨੇ ਪਾਕਿਸਤਾਨ ਨੂੰ 37 ਦੌੜਾਂ ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਈ ਹੈ। ਉਹ ਤੀਜੀ ਵਾਰ ਏਸ਼ੀਆ ਕੱਪ ਦੇ ਫਾਈਨਲ 'ਚ ਪਹੁੰਚੀ ਹੈ।
ਵਿਰਾਟ ਨੂੰ ਦੇਣਾ ਪੈ ਸਕਦੈ ਯੋ-ਯੋ ਟੈਸਟ
NEXT STORY