ਸਪੋਰਟਸ ਡੈਸਕ— ਰਾਜਨੀਤਕ ਤੇ ਆਰਥਿਕ ਸਥਿਰਤਾ ਦਾ ਸਾਹਮਣਾ ਕਰ ਰਹੇ ਸ਼੍ਰੀਲੰਕਾ ਲਈ ਕ੍ਰਿਕਟ ਦੇ ਮੈਦਾਨ ’ਤੇ ਉਸਦੇ 11 ਖਿਡਾਰੀ ਨਾਇਕ ਬਣ ਕੇ ਉੱਭਰੇ, ਜਿਨ੍ਹਾਂ ਨੇ ਪਾਕਿਸਤਾਨ ਨੂੰ 23 ਦੌੜਾਂ ਨਾਲ ਹਰਾ ਕੇ ਐਤਵਾਰ ਨੂੰ 6ਵੀਂ ਵਾਰ ਏਸ਼ੀਆ ਕੱਪ ਜਿੱਤਿਆ ਤੇ ਦੇਸ਼ਵਾਸੀਆਂ ਦੇ ਚਿਹਰਿਆਂ ’ਤੇ ਮੁਸਕਾਨ ਬਿਖੇਰ ਦਿੱਤੀ। ਇਹ ਜਿੱਤ ਸਿਰਫ ਸ਼੍ਰੀਲੰਕਾ ਦੀ ਕ੍ਰਿਕਟ ਲਈ ਹੀ ਨਹੀਂ ਸਗੋਂ ਇਤਿਹਾਸਕ ਤੇ ਰਾਜਨੀਤਕ ਤੌਰ ’ਤੇ ਵੀ ਕਾਫੀ ਮਾਇਨੇ ਰੱਖਦੀ ਹੈ।
ਇਕ ਸਮੇਂ 5 ਵਿਕਟਾਂ 58 ਦੌੜਾਂ ’ਤੇ ਗਵਾਉਣ ਤੋਂ ਬਾਅਦ ਭਾਨੁਕਾ ਰਾਜਪਕਸ਼ੈ ਦੀਆਂ 45 ਗੇਂਦਾਂ ’ਤੇ ਅਜੇਤੂ 71 ਦੌੜਾਂ ਦੀ ਮਦਦ ਨਾਲ ਸ਼੍ਰੀਲੰਕਾ ਨੇ 6 ਵਿਕਟਾਂ ’ਤੇ 170 ਦੌੜਾਂ ਬਣਾਈਆਂ। ਜਵਾਬ ਵਿਚ ਪਾਕਿਸਤਾਨੀ ਟੀਮ 147 ਦੌੜਾਂ ’ਤੇ ਆਊਟ ਹੋ ਗਈ, ਜਦਕਿ ਇਕ ਸਮੇਂ ਉਸ ਦਾ ਸਕੋਰ 1 ਵਿਕਟ ’ਤੇ 93 ਦੌੜਾਂ ਸੀ। ਤੇਜ਼ ਗੇਂਦਬਾਜ਼ ਪ੍ਰਮੋਦ ਮਧੂਸ਼ਾਨ ਨੇ 4 ਓਵਰਾਂ ਵਿਚ 34 ਦੌੜਾਂ ਦੇ ਕੇ 4 ਵਿਕਟਾਂ ਤੇ ਲੈੱਗ ਸਪਿਨਰ ਵਾਨਿੰਦੂ ਹਸਰੰਗਾ ਨੇ 4 ਓਵਰਾਂ ਵਿਚ 27 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਹਸਰੰਗਾ ਨੇ 17ਵੇਂ ਓਵਰ ਵਿਚ 3 ਵਿਕਟਾਂ ਲੈ ਕੇ ਪਾਕਿਸਤਾਨ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਇਸ ਤੋਂ ਪਹਿਲਾਂ ਮਧੂਸ਼ਾਨ ਨੇ ਬਾਬਰ ਆਜ਼ਮ (5) ਤੇ ਫਖਰ ਜ਼ਮਾਨ (0) ਨੂੰ ਆਊਟ ਕਰ ਕੇ ਸ਼੍ਰੀਲੰਕਾ ਦਾ ਸ਼ਿਕੰਜਾ ਕੱਸ ਦਿੱਤਾ ਸੀ। ਮੁਹੰਮਦ ਰਿਜ਼ਵਾਨ ਨੇ 49 ਗੇਂਦਾਂ ’ਤੇ 55 ਦੌੜਾਂ ਬਣਾਈਆਂ, ਜਦਕਿ ਇਫਤਿਖਾਰ ਅਹਿਮਦ ਨੇ 31 ਗੇਂਦਾਂ ’ਤੇ 32 ਦੌੜਾਂ ਜੋੜੀਆਂ। ਸ਼੍ਰੀਲੰਕਾ ਨੇ ਫੀਲਡਿੰਗ ਵਿਚ ਵੀ ਜ਼ਬਰਦਸਤ ਮੁਸਤੈਦੀ ਦਿਖਾਉਂਦਿਆਂ ਦੌੜਾਂ ਬਣਾਈਆਂ ਤੇ ਚੰਗੇ ਕੈਚ ਫੜੇ, ਜਦਕਿ ਪਾਕਿਸਤਾਨੀ ਫੀਲਡਰਾਂ ਨੇ ਨਿਰਾਸ਼ ਕੀਤਾ।
ਇਹ ਵੀ ਪੜ੍ਹੋ : ਰੋਡ ਸੇਫਟੀ ਵਰਲਡ ਸੀਰੀਜ਼ 2022 : ਇੰਡੀਆ ਲੀਜੈਂਡਸ ਨੇ ਸਾਊਥ ਅਫਰੀਕਾ ਲੀਜੈਂਡਸ ਨੂੰ 61 ਦੌੜਾਂ ਨਾਲ ਹਰਾਇਆ
ਇਸ ਤੋਂ ਪਹਿਲਾਂ ਪਾਕਿਸਤਾਨੀ ਤੇਜ਼ ਗੇਂਦਬਾਜ਼ਾਂ ਦੇ ਦਿੱਤੇ ਸ਼ੁਰੂਆਤੀ ਝਟਕਿਆਂ ਤੋਂ ਟੀਮ ਨੂੰ ਕੱਢਦੇ ਹੋਏ ਭਾਨੁਕਾ ਰਾਜਪਕਸ਼ੇ ਨੇ ਅਜੇਤੂ 71 ਦੌੜਾਂ ਬਣਾ ਕੇ ਸ਼੍ਰੀਲੰਕਾ ਨੂੰ 6 ਵਿਕਟਾਂ ’ਤੇ 170 ਦੌੜਾਂ ਤੱਕ ਪਹੁੰਚਾਇਆ ਸੀ। ਪਾਕਿਸਤਾਨੀ ਕਪਤਾਨ ਬਾਬਰ ਆਜ਼ਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਜਿਹੜਾ ਸ਼ੁਰੂਆਤ ਵਿਚ ਸਹੀ ਸਾਬਤ ਹੁੰਦਾ ਲੱਗ ਰਿਹਾ ਸੀ ਪਰ ਰਾਜਪਕਸ਼ੇ ਨੇ ਆਖਰੀ 4 ਓਵਰਾਂ ਵਿਚ 50 ਦੌੜਾਂ ਬਣਾ ਕੇ ਸ਼੍ਰੀਲੰਕਾ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ।
ਨਸੀਮ ਸ਼ਾਹ ਨੇ 4 ਓਵਰਾਂ ਵਿਚ 40 ਦੌੜਾਂ ਦੇ ਕੇ 1 ਵਿਕਟ ਲਈ, ਜਦਕਿ ਹੈਰਿਸ ਰਾਓਫ ਨੇ 4 ਓਵਰਾਂ ਵਿਚ 29 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਦੋਵਾਂ ਨੇ ਪਿੱਚ ਤੋਂ ਮਿਲ ਰਹੀ ਮਦਦ ਦਾ ਪੂਰਾ ਫਾਇਦਾ ਚੁੱਕਦੇ ਹੋਏ ਪਾਵਰਪਲੇਅ ਵਿਚ ਸ਼੍ਰੀਲੰਕਾਈ ਬੱਲੇਬਾਜ਼ੀ ਦੀ ਕਮਰ ਤੋੜ ਦਿੱਤੀ ਪਰ ਇਸ ਤੋਂ ਬਾਅਦ ਰਾਜਪਕਸ਼ੇ ਨੇ ਸੰਕਟਮੋਚਨ ਦੀ ਭੂਮਿਕਾ ਨਿਭਾਉਂਦੇ ਹੋਏ ਆਪਣੇ ਕਰੀਅਰ ਦਾ ਬਿਹਤਰੀਨ ਅਰਧ ਸੈਂਕੜਾ ਲਾਇਆ। ਸਪਿਨਰ ਸ਼ਾਦਾਬ ਖਾਨ ਨੇ 4 ਓਵਰਾਂ ਵਿਚ 28 ਦੌੜਾਂ ਦੇ ਕੇ 1 ਵਿਕਟ ਲਈ। ਰਾਜਪਕਸ਼ੇ ਨੇ 45 ਗੇਂਦਾਂ ਵਿਚ 6 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ ਅਜੇਤੂ 71 ਤੇ ਵਾਨਿੰਦੂ ਹਸਰੰਗਾ ਨੇ 21 ਗੇਂਦਾਂ ’ਚ 36 ਦੌੜਾਂ ਬਣਾਈਆਂ। ਦੋਵਾਂ ਨੇ 58 ਦੌੜਾਂ ਦੀ ਤਾਬੜਤੋੜ ਸਾਂਝੇਦਾਰੀ ਕੀਤੀ, ਜਦਕਿ ਇਕ ਸਮੇਂ ’ਤੇ ਸ਼੍ਰੀਲੰਕਾ ਦਾ ਸਕੋਰ 5 ਵਿਕਟਾਂ ’ਤੇ 58 ਦੌੜਾਂ ਸੀ। ਚਮਿਕਾ ਕਰੁਣਾਰਤਨੇ ਦੇ ਨਾਲ ਰਾਜਪਕਸ਼ੇ ਨੇ 54 ਦੌੜਾਂ ਜੋੜੀਆਂ ਤੇ ਸ਼੍ਰੀਲੰਕਾ ਨੂੰ 160 ਦੇ ਪਾਰ ਲੈ ਗਿਆ।
ਇਹ ਵੀ ਪੜ੍ਹੋ : ਭਾਰਤ-ਪਾਕਿ ਮੈਚ 'ਚ ਵਿਰੋਧੀ ਟੀਮ ਦੀ ਸ਼ਲਾਘਾ ਕਰਨ 'ਤੇ ਕਰਨਾਟਕ 'ਚ ਤਿੰਨ ਨੌਜਵਾਨਾਂ ਖਿਲਾਫ ਮਾਮਲਾ ਦਰਜ
ਪਾਕਿਸਤਾਨ ਦੇ 19 ਸਾਲਾ ਤੇਜ਼ ਗੇਂਦਬਾਜ਼ ਸ਼ਾਹ ਨੇ ਸ਼ਾਨਦਾਰ ਫਾਰਮ ਜਾਰੀ ਰੱਖਦਿਆਂ ਕੁਸ਼ਲ ਮੈਂਡਿਸ ਨੂੰ ਖਾਤਾ ਖੋਲ੍ਹੇ ਬਿਨਾਂ ਹੀ ਪੈਵੇਲੀਅਨ ਭੇਜ ਦਿੱਤਾ। ਧਨੰਜਯ ਡੀ ਸਿਲਵਾ (21 ਗੇਂਦਾਂ ’ਤੇ 28 ਦੌੜਾਂ) ਨੇ ਜ਼ਰੂਰ ਕੁਝ ਚੰਗੇ ਸ਼ਾਟ ਲਾਏ ਪਰ ਜ਼ਿਆਦਾ ਦੇਰ ਤੱਕ ਟਿਕ ਨਹੀਂ ਸਕਿਆ। ਪਾਥੁਮ ਨਿਸਾਂਕਾ (8) ਨੂੰ ਰਾਓਫ ਨੇ ਪੈਵੇਲੀਅਨ ਭੇਜਿਆ, ਜਦਕਿ ਧਨੁਸ਼ਕਾ ਗੁਣਾਥਿਲਕਾ (1) ਉਸ ਦੀ ਬਿਹਤਰੀਨ ਆਊਟਸਵਿੰਗਰ ਦਾ ਸ਼ਿਕਾਰ ਹੋਇਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਭਾਰਤੀ ਮਹਿਲਾ ਫੁੱਟਬਾਲ ਟੀਮ ਨੇ ਸੈਫ ਚੈਂਪੀਅਨਸ਼ਿਪ 'ਚ ਮਾਲਦੀਵ ਨੂੰ 9-0 ਨਾਲ ਹਰਾਇਆ
NEXT STORY