ਜਕਾਰਤਾ: ਦੌਡ਼ਾਕ ਹੀਮਾ ਦਾਸ ਨੇ ਏਸ਼ੀਆਈ ਖੇਡਾਂ 2018 ਦੇ ਮਹਿਲਾ 400 ਮੀਟਰ ਅਤੇ ਮੁਹੰਮਦ ਅਨਸ ਨੇ ਪੁਰਸ਼ 400 ਮੀਟਰ ਦੌਡ਼ 'ਚ ਭਾਰਤ ਲਈ ਚਾਂਦੀ ਤਮਗਾ ਜਿੱਤਿਆ ਹੈ। ਵਿਸ਼ਵ ਜੂਨੀਅਰ ਚੈਂਪੀਅਨਸ਼ਿਪ 'ਚ 400 ਮੀਟਰ ਦੌੜ 'ਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚਣ ਵਾਲੀ 18 ਸਾਲਾਂ ਹੀਮਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 50.79 ਸਕਿੰਟ ਦਾ ਸਮਾਂ ਲੈ ਕੇ ਚਾਂਦੀ ਤਮਗਾ ਹਾਸਲ ਕੀਤਾ। ਜਦਕਿ ਮਹਿਲਾ ਵਿਚ ਬਿਹਰੀਨ ਦੀ ਸਲਵਾ ਨਾਸੀਰ ਨੇ 50.09 ਸਕਿੰਟ ਦਾ ਨਵਾਂ ਏਸ਼ੀਆਈ ਖੇਡ ਰਿਕਾਰਡ ਬਣਾਉਂਦੇ ਹੋਏ ਸੋਨ ਤਮਗਾ ਜਿੱਤਿਆ।

ਹੀਮਾ ਤੋਂ ਬਾਅਦ ਪੁਰਸ਼ ਮੁਕਾਬਲੇ 'ਚ ਅਨਸ ਨੇ ਵੀ ਸ਼ਾਨਦਾਰ ਖੇਡ ਦਿਖਾਇਆ ਅਤੇ 400 ਮੀਟਰ ਦੌੜ 'ਚ ਚਾਂਦੀ ਤਮਗਾ ਜਿੱਤਿਆ। ਕੇਰਲ ਦੇ 23 ਸਾਲਾਂ ਅਨਸ ਦਾ ਏਸ਼ੀਆਈ ਖੇਡਾਂ 'ਚ ਇਹ ਪਹਿਲਾ ਤਮਗਾ ਹੈ। ਉਸ ਨੇ ਪਿਛਲੇ ਸਾਲ ਭੁਵਨੇਸ਼ਵਰ 'ਚ ਏਸ਼ੀਆਈ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਿਆ ਸੀ ਜਦਕਿ ਇਸ ਸਾਲ ਰਾਸ਼ਟਰਮੰਡਲ ਖੇਡਾਂ 'ਚ ਉਹ ਚੌਥੇ ਸਥਾਨ 'ਤੇ ਰਿਹਾ ਸੀ। ਅਨਸ ਨੇ 45.69 ਸਕਿੰਟ ਦਾ ਸਮਾਂ ਲੈ ਕੇ ਚਾਂਦੀ ਤਮਗਾ ਹਾਸਲ ਕੀਤਾ। ਕਤਰ ਦੇ ਅਬਦਾਲੇਹ ਨੇ 44.89 ਸਕਿੰਟ ਦਾ ਸਮਾਂ ਲੈ ਕੇ ਸੋਨ ਅਤੇ ਬਿਹਰੀਨ ਦੇ ਅਲੀ ਖਾਮਿਸ ਨੇ 45.70 ਸਕਿੰਟ ਦਾ ਸਮਾਂ ਲੈ ਕੇ ਕਾਂਸੀ ਤਮਗਾ ਜਿੱਤਿਆ।ਇਸ ਦੇ ਨਾਲ ਹੀ ਹੁਣ ਭਾਰਤ ਦੇ ਕੋਲ 18ਵੇਂ ਏਸ਼ੀਆਈ ਖੇਡਾਂ 'ਚ 35 ਤਮਗੇ ਹੋ ਗਏ ਹਨ ਜਿਸ 'ਚ 7 ਸੋਨ, 9 ਚਾਂਦੀ ਅਤੇ 19 ਕਾਂਸੀ ਤਮਗੇ ਹੋ ਗਏ ਹਨ।

ਏਸ਼ੀਆਈ ਖੇਡਾਂ : ਕੇਨੋਇੰਗ 'ਚ ਪੁਰਸ਼ ਅਤੇ ਮਹਿਲਾ ਟੀਮਾਂ ਫਾਈਨਲ 'ਚ
NEXT STORY