ਦੁਨੀਆ ਦੇ ਚਾਂਦੀ ਬਾਜ਼ਾਰ ’ਚ ਇਸ ਸਮੇਂ ਜੋ ਉਥਲ-ਪੁਥਲ ਦਿਸ ਰਹੀ ਹੈ ਉਸ ’ਚ ਚੀਨ ਦੀਆਂ ਨੀਤੀਆਂ ਨਿਰਣਾਇਕ ਭੂਮਿਕਾ ਨਿਭਾ ਰਹੀਆਂ ਹਨ ਅਤੇ ਇਹ ਸਥਿਤੀ ਸੰਸਾਰਕ ਨਿਵੇਸ਼ਕਾਂ ਲਈ ਗੰਭੀਰ ਚਿਤਾਵਨੀ ਬਣ ਗਈ ਹੈ। ਇਹ ਸਿਰਫ ਆਮ ਉਤਾਰ-ਚੜ੍ਹਾਅ ਨਹੀਂ, ਸਗੋਂ ਸਪਲਾਈ ਸਟਾਕਪਾਇਲ ਅਤੇ ਬਰਾਮਦ ਕੰਟ੍ਰੋਲ ਦੇ ਜ਼ਰੀਏ ਕੀਮਤਾਂ ਅਤੇ ਭਾਵਨਾਵਾਂ ਨੂੰ ਪ੍ਰਭਾਵਿਤ ਕਰਨ ਦੀ ਇਕ ਗੁੰਜ਼ਲਦਾਰ ਖੇਡ ਹੈ। 2025 ’ਚ ਚੀਨ ਨੇ ਚਾਂਦੀ ’ਤੇ ਰਾਜ ਕੰਟ੍ਰੋਲਡ ਬਰਾਮਦ ਲਾਇਸੈਂਸਿੰਗ ਸਿਸਟਮ ਲਾਗੂ ਕੀਤਾ। ਭਾਵ ਬਿਨਾਂ ਸਰਕਾਰੀ ਮਨਜ਼ੂਰੀ ਦੇ ਕੋਈ ਕੰਪਨੀ ਚਾਂਦੀ ਬਾਹਰ ਨਹੀਂ ਭੇਜ ਸਕਦੀ। ਸ਼ੁਰੂਆਤ ’ਚ ਇਹ ਕਦਮ ਘਰੇਲੂ ਉਦਯੋਗ ਦੀ ਸੁਰੱਖਿਆ ਅਤੇ ਸੋਮਿਆਂ ਦੀ ਸੰਭਾਲ ਦੇ ਨਾਂ ’ਤੇ ਚੁੱਕਿਆ ਗਿਆ ਪਰ ਇਸ ਦਾ ਤਤਕਾਲੀ ਅਸਰ ਵਿਸ਼ਵ ਬਾਜ਼ਾਰ ’ਚ ਸਪਲਾਈ ਸੰਕਟ ਅਤੇ ਤੇਜ਼ੀ ਨਾਲ ਵਧਦੀਆਂ ਕੀਮਤਾਂ ਦੇ ਰੂਪ ’ਚ ਦਿਸਿਆ।
ਇਸੇ ਸਾਲ ਅਕਤੂਬਰ ’ਚ ਚੀਨ ਨੇ ਅਚਾਨਕ ਰਿਕਾਰਡ 660 ਟਨ ਚਾਂਦੀ ਇਕ ਮਹੀਨੇ ’ਚ ਬਰਾਮਦ ਕਰ ਦਿੱਤੀ। ਜੋ ਇਤਿਹਾਸ ’ਚ ਸਭ ਤੋਂ ਵੱਡਾ ਮਾਸਿਕ ਅੰਕੜਾ ਮੰਨਿਆ ਜਾ ਰਿਹਾ ਹੈ। ਇਹ ਕਦਮ ਪਹਿਲਾਂ ਲਗਾਏ ਗਏ ਬਰਾਮਦੀ ਕੰਟ੍ਰੋਲਾਂ ਤੋਂ ਉਲਟ ਸੀ ਅਤੇ ਇਸ ਨੂੰ ਇਕ ਘਬਰਾਏ ਹੋਏ ਬਾਜ਼ਾਰ ਨੂੰ ਸ਼ਾਂਤ ਕਰਨ ਅਤੇ ਸੰਸਾਰਕ ਕੀਮਤਾਂ ਦੀ ਦਸ਼ਾ ਤੈਅ ਕਰਨ ਦੀ ਕੋਸ਼ਿਸ਼ ਦੇ ਰੂਪ ’ਚ ਦੇਖਿਆ ਗਿਆ।
ਸ਼ਿੰਘਾਈ ਫਿਊਚਰਸ ਐਕਸਚੇਂਜ ਦੇ ਅੰਕੜੇ ਦਿਖਾਉਂਦੇ ਹਨ ਕਿ 2021 ਦੇ ਆਸਪਾਸ ਲੱਗਭਗ 3900-5000 ਟਨ ਤਕ ਪਹੁੰਚਿਆ ਚੀਨ ਦਾ ਚਾਂਦੀ ਸਟਾਕ 2025 ਦੇ ਅੰਤ ਤਕ ਡਿੱਗ ਕੇ ਲੱਗਭਗ 700-800 ਟਨ ਦੇ ਆਸਪਾਸ ਹੀ ਰਹਿ ਗਿਆ। ਭਾਵ 80-85 ਫੀਸਦੀ ਤਕ ਦੀ ਗਿਰਾਵਟ ਆਈ। ਜਦੋਂ ਦੁਨੀਆ ਦੀ ਸਭ ਤੋਂ ਵੱਡੀ ਉਦਯੋਗਿਕ ਖਪਤ ਵਾਲੀ ਅਰਥਵਿਵਸਥਾ ਦੇ ਗੋਦਾਮ ਇਸ ਤਰ੍ਹਾਂ ਖਾਲੀ ਹੋਣ ਲੱਗਦੇ ਹਨ ਅਤੇ ਨਾਲ ਹੀ ਬਰਾਮਦੀ ਨੀਤੀ ਵਾਰ-ਵਾਰ ਬਦਲ ਜਾਂਦੀ ਹੈ ਤਾਂ ਬਾਜ਼ਾਰ ’ਚ ‘ਅਸਲ ਕਮੀ’ ਅਤੇ ‘ਸੰਚਾਲਿਤ ਕਮੀ’ ਦੇ ਵਿਚਾਲੇ ਦੀ ਰੇਖਾ ਧੁੰਦਲੀ ਹੋ ਜਾਂਦੀ ਹੈ।
ਅਨੁਮਾਨ ਹੈ ਕਿ 2024 ’ਚ ਚੀਨ ਨੇ ਲੱਗਭਗ 3300 ਟਨ ਚਾਂਦੀ ਦਾ ਉਤਪਾਦਨ ਕੀਤਾ ਜਦਕਿ ਘਰੇਲੂ ਖਪਤ 19000 ਟਨ ਦੇ ਆਸਪਾਸ ਪਹੁੰਚ ਗਈ। ਭਾਵ ਲੱਗਭਗ 15700 ਟਨ ਦਾ ਸਾਲਾਨਾ ਘਾਟਾ। ਇਹ ਘਾਟਾ ਹੋਰ ਘਟਦੇ ਸਟਾਕਪਾਇਲ ਚੀਨ ਨੂੰ ਨੀਤੀ ਦੇ ਜ਼ਰੀਏ ਕੌਮਾਂਤਰੀ ਕੀਮਤਾਂ ਅਤੇ ਸਪਲਾਈ ਚੇਨ ’ਤੇ ਵਾਧੂ ਦਬਾਅ ਬਣਾਉਣ ਦਾ ਮੌਕਾ ਦਿੰਦਾ ਹੈ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਚੀਨ ਨੇ ਕਿਸੇ ਮਹੱਤਵਪੂਰਨ ਖਣਿਜ ਜਾਂ ਧਾਤੂ ਦੀ ਸਪਲਾਈ ਨੂੰ ਭੂਮੀ ਸਿਆਸਤ (ਜੀਓਪੋਲੀਟਿਕਸ) ਜਾਂ ਆਰਥਿਕ ਹਥਿਆਰ ਵਾਂਗ ਵਰਤਿਆ ਹੋਵੇ। ਦੁਰਲਭ ਧਾਤੂਆਂ ’ਚ 2008-2010 ਵਿਚਾਲੇ ਚੀਨ ਨੇ ਬਰਾਮਦ ’ਤੇ ਕੋਟਾ ਅਤੇ ਪਾਬੰਦੀਆਂ ਲਗਾ ਕੇ ਕੀਮਤਾਂ ਨੂੰ ਆਸਮਾਨ ’ਤੇ ਪਹੁੰਚਾ ਦਿੱਤਾ ਅਤੇ ਜਾਪਾਨ ਨਾਲ ਵਿਵਾਦ ਦੇ ਦੌਰਾਨ ਸਪਲਾਈ ਰੋਕ ਕੇ ਆਪਣੀ ਸਿਆਸੀ ਤਾਕਤ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ।
ਕੋਮੋਡਿਟੀ ਬਾਜ਼ਾਰ ’ਚ ਕੋਰਨਰਿੰਗ ਜਾਂ ਮੈਨੀਪੁਲੇਸ਼ਨ ਦੀਆਂ ਕੋਸ਼ਿਸ਼ਾਂ ਦਾ ਇਤਿਹਾਸ ਬੇਹੱਦ ਕੌੜਾ ਰਿਹਾ ਹੈ। 1979-80 ’ਚ ਹੰਟ ਬ੍ਰਦਜ਼ ਨੇ ਭਾਰੀ ਮਾਤਰਾ ’ਚ ਫਿਊਚਰਸ ਅਤੇ ਭੌਤਿਕ ਚਾਂਦੀ ਖਰੀਦ ਕੇ ਦੁਨੀਆ ਦੀ ਇਕ ਚੌਥਾਈ ਚਾਂਦੀ ’ਤੇ ਕੰਟ੍ਰੋਲ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਕੀਮਤਾਂ ਲੱਗਭਗ 6 ਡਾਲਰ ਤੋਂ ਵਧ ਕੇ 50 ਡਾਲਰ ਪ੍ਰਤੀ ਔਂਸ ਤਕ ਪਹੁੰਚ ਗਈਆਂ। ਜਿਵੇਂ ਹੀ ਰੈਗੂਲੇਟਰੀਆਂ ਨੇ ਪੁਜ਼ੀਸ਼ਨ ਲਿਮਿਟ ਸਖਤ ਕੀਤੀ ਅਤੇ ਮਾਰਜਨ ਵਧਾਏ, ਬਾਜ਼ਾਰ ਤਬਾਹ ਹੋਇਆ, ਸਿਲਵਰ ਥ੍ਰਸਡੇ ਦੇ ਨਾਂ ਨਾਲ ਮਸ਼ਹੂਰ ਕਰੈਸ਼ ’ਚ ਕੁਝ ਹੀ ਦਿਨਾਂ ’ਚ ਕੀਮਤ ਅੱਧੀ ਨਾਲੋਂ ਵੀ ਘੱਟ ’ਤੇ ਆ ਗਈ ਅਤੇ ਲੱਖਾਂ ਨਿਵੇਸ਼ਕ ਬਰਾਬਦ ਹੋਏ।
ਇਸੇ ਤਰ੍ਹਾਂ ਦੁਰਲੱਭ ਧਾਤੂਆਂ ਦੇ ਬਾਜ਼ਾਰ ’ਚ ਚੀਨ ਦੀਆਂ 2010 ਦੀਆਂ ਪਾਬੰਦੀਆਂ ਨੇ ਸੰਸਾਰਕ ਮੈਨਿਊਫੈਕਚਰਿੰਗ ਕੰਪਨੀਆਂ ਨੂੰ ਝਟਕਾ ਦਿੱਤਾ, ਉਨ੍ਹਾਂ ਦੀ ਲਾਗਤ ਅਚਾਨਕ ਵਧ ਗਈ ਅਤੇ ਨਿਵੇਸ਼ ਫੈਸਲਿਆਂ ’ਚ ਭਾਰੀ ਅਨਿਸ਼ਚਤਾ ਪੈਦਾ ਹੋਈ। ਇਹ ਉਦਾਹਰਣਾਂ ਦੱਸਦੀਆਂ ਹਨ ਕਿ ਜਦੋਂ ਵੀ ਕੋਈ ਸਰਕਾਰ ਜਾਂ ਸ਼ਕਤੀਸ਼ਾਲੀ ਸਮੂਹ ਕਿਸੇ ਕੋਮੋਡਿਟੀ ਨੂੰ ਕੰਟ੍ਰੋਲ ਕਰਨ ਦੀ ਹੱਦ ਤਕ ਆਪਣੇ ਹੱਥ ’ਚ ਲੈਣ ਲੱਗਦਾ ਹੈ ਤਾਂ ਸ਼ੁਰੂਆਤੀ ਦੌਰ ’ਚ ਕੀਮਤਾਂ ਉੱਚੀਆਂ ਹੋ ਕੇ ਲਾਭ ਦਾ ਬਹਿਮ ਪੈਦਾ ਕਰਦੀਆਂ ਹਨ ਪਰ ਅਖੀਰ ’ਚ ਨਤੀਜਾ ਕ੍ਰੈਸ਼ ਅਤੇ ਅਵਿਵਸਥਾ ਦੇ ਰੂਪ ’ਚ ਸਾਹਮਣੇ ਆਉਂਦਾ ਹੈ।
ਅੱਜ ਦੀ ਸਥਿਤੀ ’ਚ ਚਾਂਦੀ ਦੀਆਂ ਕੀਮਤਾਂ ’ਚ ਤੇਜ਼ ਉਛਾਲ ਦੇ ਪਿੱਛੇ ਦੋ ਸਮਾਨਾਂਤਰ ਧਾਰਾਵਾਂ ਕੰਮ ਕਰ ਰਹੀਆਂ ਹਨ। ਇਕ ਪਾਸੇ ਅਸਲ ਉਦਯੋਗਿਕ ਮੰਗ ਜਿਵੇਂ ਕਿ ਸੋਲਰ ਪੈਨਲ, ਇਲੈਕਟ੍ਰਿਕ ਵਾਹਨ, ਇਲੈਕਟ੍ਰੋਨਿਕਸ, ਮੈਡੀਕਲ ਉਪਕਰਣ ਜਿਸ ਦੇ ਲਈ ਚਾਂਦੀ ਲੱਗਭਗ ਨਾ ਤਬਦੀਲੀਯੋਗ ਹੈ। ਦੂਜੇ ਪਾਸੇ ਚੀਨ ਸਮੇਤ ਵੱਡੇ ਖਿਡਾਰੀਆਂ ਦੀਆਂ ਨੀਤੀਗਤ ਚਾਲਾਂ ਜਿਵੇਂ ਕਿ ਬਰਾਮਦ ’ਤੇ ਰੋਕ ਅਚਾਨਕ ਵੱਡੀ ਬਰਾਮਦ ਅਤੇ ਕੋਮੋਡਿਟੀ ਐਕਸਚੇਂਜਾਂ ’ਤੇ ਪੇਪਰ ਅਤੇ ਫਿਜ਼ੀਕਲ ਬਾਜ਼ਾਰ ਦੇ ਵਿਚਾਲੇ ਵਧਦੀ ਖਾਈ।
ਭੁਲੇਖੇ ’ਚ ਪੈ ਰਹੇ ਨਿਵੇਸ਼ਕਾਂ ਦੇ ਲਈ ਇਨ੍ਹੀਂ ਦਿਨੀਂ ਸਭ ਤੋਂ ਵੱਡਾ ਖਤਰਾ ਇਹ ਹੈ ਕਿ ਚਾਂਦੀ ਦੀ ਮੌਜੂਦਾ ਤੇਜ਼ੀ ਨੂੰ ਬਿਨਾਂ ਸਮਝੇ ਨਵੀਂ ਆਮ ਸਥਿਤੀ ਮੰਨ ਲਿਆ ਜਾਵੇ। ਕਈ ਵਿਸ਼ਲੇਸ਼ਣ 80-100 ਫੀਸਦੀ ਸਾਲਾਨਾ ਬੜ੍ਹਤ ਅਤੇ 90-170 ਡਾਲਰ ਪ੍ਰਤੀ ਔਂਸ ਦੇ ਸੰਭਾਵਿਤ ਟੀਚੇ ਵਰਗੀਆਂ ਗੱਲਾਂ ਦਾ ਜ਼ਿਕਰ ਕਰ ਰਹੇ ਹਨ ਪਰ ਇਹ ਵੀ ਸਾਫ ਚਿਤਾਵਨੀ ਦਿੰਦੇ ਹਨ ਕਿ ਇਹ ਵਿੱਤੀ ਸਲਾਹ ਨਹੀਂ ਸਗੋਂ ਉੱਚ ਜੋਖਿਮ ਵਾਲੇ ਦ੍ਰਿਸ਼ ਹਨ। ਅਜਿਹੇ ਮਾਹੌਲ ’ਚ ਭਾਵਨਾਤਮਕ ਖਰੀਦ, ਲੈਵਰੇਜ਼ਡ ਟਰੇਡਿੰਗ ਅਤੇ ਅਫਵਾਹ ਆਧਾਰਿਤ ਫੈਸਲੇ ਨਿਵੇਸ਼ਕਾਂ ਨੂੰ ਇਕ ਵਾਰ ਫਿਰ ਤੋਂ ‘ਸਿਲਵਰ ਥ੍ਰਸਡੇ’ ਵਰਗੀਆਂ ਸਥਿਤੀਆਂ ਵੱਲ ਧਕ ਸਕਦੇ ਹਨ।
ਨਿਵੇਸ਼ਕਾਂ ਦੇ ਲਈ ਜ਼ਰੂਰੀ ਹੈ ਕਿ ਉਹ ਚੀਨ ਦੀ ਹਰ ਨੀਤੀ-ਐਲਾਨ, ਬਰਾਮਦ ਲਾਇਸੈਂਸਿੰਗ, ਟੈਕਸ ਬਦਲਾਅ, ਸਟਾਕ ਰਿਲੀਜ਼ ਆਦਿ ਨੂੰ ਸਿਰਫ ਸਮਾਚਾਰ ਨਹੀਂ ਸਗੋਂ ਬਾਜ਼ਾਰ ਰਣਨੀਤੀ ਦਾ ਹਿੱਸਾ ਸਮਝਣ। ਕਿਸੇ ਵੀ ਇਕ ਦੇਸ਼, ਇਕ ਐਕਸਚੇਂਜ ਜਾਂ ਇਕ ਵਿਸ਼ਲੇਸ਼ਕ ਦੇ ਨੈਰੇਟਿਵ ’ਤੇ ਜ਼ਿਆਦਾ ਭਰੋਸਾ ਕਰਨ ਦੀ ਬਜਾਏ ਵੱਖ-ਵੱਖ ਸੋਮਿਆਂ ਤੋਂ ਅੰਕੜੇ, ਸਟਾਕ ਪੱਧਰ, ਇੰਡਸਟ੍ਰੀਲ ਡਿਮਾਂਡ ਅਤੇ ਪਾਲਿਸੀ ਰਿਸਕ ਦਾ ਜਾਇਜ਼ਾ ਲੈਣਾ ਜ਼ਰੂਰੀ ਹੈ।
ਸਬਕ ਸਾਫ ਹੈ ਕਿ ਜਦੋਂ ਵੀ ਸੋਮੇ ਅਤੇ ਸੱਤਾ ਇਕ ਹੀ ਹੱਥ ’ਚ ਕੇਂਦਰਿਤ ਹੁੰਦੇ ਹਨ, ਬਾਜ਼ਾਰ ਫ੍ਰੀ ਨਹੀਂ ਰਹਿ ਜਾਂਦੇ। ਉਹ ਮੈਨੇਜਡ ਹੋ ਜਾਂਦੇ ਹਨ। ਚਾਂਦੀ ਦੀ ਮੌਜੂਦਾ ਕਹਾਣੀ ਨਿਵੇਸ਼ਕਾਂ ਲਈ ਸਿਰਫ ਮੁਨਾਫੇ ਦਾ ਮੌਕਾ ਨਹੀਂ ਸਗੋਂ ਇਹ ਸਮਝਣ ਦੀ ਕਸੌਟੀ ਹੈ ਕਿ ਭੂਮੀ ਸਿਆਸਤ ਅਤੇ ਕੋਮੋਡਿਟੀ ਬਾਜ਼ਾਰ ਦੇ ਵਿਚਾਲੇ ਗੱਠਜੋੜ ਕਿੰਨਾ ਖਤਰਨਾਕ ਹੋ ਸਕਦਾ ਹੈ ਅਤੇ ਇਸ ਖਤਰਨਾਕ ਗੱਠਜੋੜ ਤੋਂ ਬਚਾਅ ਦੀ ਪਹਿਲੀ ਅਤੇ ਅਹਿਮ ਸ਼ਰਤ ਸਿਰਫ ਸਾਵਧਾਨੀ ਹੀ ਹੈ, ਅੰਨ੍ਹਾ-ਉਤਸ਼ਾਹ ਨਹੀਂ।
ਰਜਨੀਸ਼ ਕਪੂਰ
ਸਰਕਾਰੀ ਸਕੂਲਾਂ ਦਾ ਹਾਲ, ਅਧਿਆਪਕ ਤਾਂ ਹਨ ਪਰ ਵਿਦਿਆਰਥੀ ਨਹੀਂ!
NEXT STORY