ਮੈਲਬੋਰਨ– ਵਿਸ਼ਵ ਦੇ ਨੰਬਰ-2 ਖਿਡਾਰੀ ਸਪੇਨ ਦੇ ਰਾਫੇਲ ਨਡਾਲ ਤੇ ਵਿਸ਼ਵ ਦੀ ਨੰਬਰ-1 ਖਿਡਾਰਨ ਆਸਟਰੇਲੀਆ ਦੀ ਐਸ਼ਲੇ ਬਾਰਟੀ ਨੇ ਸੋਮਵਾਰ ਨੂੰ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ।
ਨਡਾਲ ਇਸ ਵਾਰ ਆਸਟਰੇਲੀਅਨ ਓਪਨ ਵਿਚ ਬਿਨਾਂ ਅਭਿਆਸ ਤੇ ਅਧੂਰੀ ਫਿਟਨੈੱਸ ਦੇ ਨਾਲ ਉਤਰਿਆ ਸੀ ਪਰ ਉਸਦਾ ਸਫਰ ਆਖਰੀ-8 ਵਿਚ ਪਹੁੰਚ ਚੁੱਕਾ ਹੈ। ਰਿਕਾਰਡ 21ਵੇਂ ਗ੍ਰੈਂਡ ਸਲੈਮ ਖਿਤਾਬ ਦੀ ਭਾਲ ਵਿਚ ਲੱਗੇ ਦੂਜੀ ਸੀਡ ਨਡਾਲ ਨੇ ਇਟਲੀ ਦੇ ਫਾਬਿਓ ਫੋਗਨਿਨੀ ਨੂੰ 2 ਘੰਟੇ 16 ਮਿੰਟ ਵਿਚ 6-3, 6-4, 6-2 ਨਾਲ ਹਰਾ ਕੇ 13ਵੀਂ ਵਾਰ ਮੈਲਬੋਰਨ ਪਾਰਕ ਵਿਚ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ। ਉਸ ਦਾ ਇਹ 43ਵਾਂ ਗ੍ਰੈਂਡ ਸਲੈਮ ਕੁਆਰਟਰ ਫਾਈਨਲ ਹੈ। ਮੈਲਬੋਰਨ ਵਿਚ ਆਖਰੀ ਵਾਰ 2009 ਵਿਚ ਖਿਤਾਬ ਜਿੱਤਣ ਵਾਲੇ ਨਡਾਲ ਦਾ ਕੁਆਰਟਰ ਫਾਈਨਲ ਵਿਚ ਪੰਜਵੀਂ ਸੀਡ ਯੂਨਾਨ ਦੇ ਸਟੇਫਾਨੋਸ ਸਿਤਸਿਪਾਸ ਨਾਲ ਮੁਕਾਬਲਾ ਹੋਵੇਗਾ, ਜਿਸ ਨੇ 9ਵੀਂ ਸੀਡ ਇਟਲੀ ਦੇ ਮਾਤੀਓ ਬੇਰੇਟਿਨੀ ਦੇ ਮੈਚ ਛੱਡ ਦੇਣ ਨਾਲ ਬਿਨਾਂ ਇਕ ਵੀ ਗੇਂਦ ਖੇਡੇ ਹੀ ਆਖਰੀ-8 ਵਿਚ ਜਗ੍ਹਾ ਬਣਾ ਲਈ। ਬੇਰੇਟਿਨੀ ਨੇ ਪੇਟ ਦੀਆਂ ਮਾਸਪੇਸ਼ੀਆਂ 'ਚ ਖਿਚਾਅ ਦੇ ਕਾਰਣ ਮੈਚ ਛੱਡਣ ਦਾ ਫੈਸਲਾ ਕੀਤਾ।
ਮਹਿਲਾਵਾਂ ਵਿਚ ਟਾਪ ਸੀਡ ਬਾਰਟੀ ਨੇ ਅਮਰੀਕਾ ਦੀ ਸ਼ੇਲਬੀ ਰੋਜਰਸ ਨੂੰ ਇਕ ਘੰਟਾ 11 ਮਿੰਟ ਵਿਚ 6-3, 6-4 ਨਾਲ ਹਰਾਇਆ। ਬਾਰਟੀ ਦਾ ਸੈਮੀਫਾਈਨਲ ਵਿਚ ਜਗ੍ਹਾ ਬਣਾਉਣ ਲਈ ਚੈੱਕ ਗਣਰਾਜ ਦੀ ਕੈਰੋਲਿਨਾ ਮੁਚੋਵਾ ਨਾਲ ਮੁਕਾਬਲਾ ਹੋਵੇਗਾ।
ਨਾਰਵੇ ਦੇ ਕੈਸਪਰ ਰੂਡ ਨੂੰ ਵੀ ਪੇਟ ਦੀ ਸੱਟ ਕਾਰਣ ਸੱਤਵੀਂ ਸੀਡ ਰੂਸ ਦੇ ਆਂਦ੍ਰੇਈ ਰੂਬਲੇਵ ਵਿਰੁੱਧ ਆਪਣਾ ਚੌਥੇ ਦੌਰ ਦਾ ਮੈਚ ਛੱਡਣਾ ਪਿਆ। ਰੂਬਲੇਵ ਉਸ ਸਮੇਂ ਪਹਿਲੇ ਦੋ ਸੈੱਟ 6-2, 7-6 ਨਾਲ ਜਿੱਤ ਚੁੱਕਾ ਸੀ। ਖਿਡਾਰੀਆਂ ਨੂੰ ਕੋਰੋਨਾ ਦੇ ਕਾਰਣ ਦੋ ਹਫਤੇ ਇਕਾਂਤਵਾਸ ਵਿਚ ਰਹਿਣਾ ਪਿਆ ਸੀ, ਜਿਸ ਨਾਲ ਉਨ੍ਹਾਂ ਦੀਆਂ ਤਿਆਰੀਆਂ ਪ੍ਰਭਾਵਿਤ ਹੋਈਆਂ ਹਨ। ਕਈ ਖਿਡਾਰੀਆਂ ਨੇ ਆਪਣੇ ਬਾਹਰ ਹੋਣ ਤੋਂ ਬਾਅਦ ਅਧੂਰੀਆਂ ਤਿਆਰੀਆਂ ਨੂੰ ਇਸਦੇ ਲਈ ਜ਼ਿੰਮੇਵਾਰ ਠਹਿਰਾਇਆ। ਸਾਬਕਾ ਦੋ ਵਾਰ ਦੇ ਜੇਤੂ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ਵੀ ਤੀਜੇ ਦੌਰ ਦੇ ਮੈਚ ਵਿਚ ਪੇਟ ਵਿਚ ਪ੍ਰੇਸ਼ਾਨੀ ਹੋਈ ਸੀ ਤੇ ਉਸ ਨੇ ਕੋਰਟ ਤੋਂ ਬਾਹਰ ਜਾ ਕੇ ਇਲਾਜ ਕਰਵਾਇਆ ਸੀ।
ਇਸ ਵਿਚਾਲੇ ਇਕ ਹੋਰ ਮਹਿਲਾ ਕੁਆਰਟਰ ਫਾਈਨਲ ਵਿਚ ਦੋ ਅਮਰੀਕੀ ਖਿਡਾਰੀਆਂ ਦਾ ਮੁਕਾਬਲਾ ਹੋਵੇਗਾ। ਅਮਰੀਕਾ ਦੀ ਜੇਸਿਕਾ ਪੇਗੁਲਾ ਨੇ ਪੰਜਵੀਂ ਸੀਡ ਐਲਿਨਾ ਸਵੀਤੋਲਿਨਾ ਨੂੰ 6-4, 3-6, 6-3 ਨਾਲ ਹਰਾਇਆ। ਉਸਦਾ ਮੁਕਾਬਲਾ ਹੁਣ ਆਪਣੇ ਹੀ ਦੇਸ਼ ਦੀ ਜੇਨੀਫਰ ਬ੍ਰਾਡੀ ਨਾਲ ਹੋਵੇਗਾ, ਜਿਸ ਨੇ ਕ੍ਰੋਏਸ਼ੀਆ ਦੀ ਡੋਨਾ ਵੇਕਿਚ ਨੂੰ 6-1, 7-5 ਨਾਲ ਹਰਾਇਆ। ਪੁਰਸ਼ਾਂ ਵਿਚ ਚੌਥੀ ਸੀਡ ਰੂਸ ਦਾ ਡੇਨਿਲ ਮੇਦਵੇਦੇਵ ਵੀ ਕੁਆਰਟਰ ਫਾਈਨਲ ਵਿਚ ਪਹੁੰਚ ਗਿਆ ਹੈ। ਮੇਦਵੇਦੇਵ ਨੇ ਅਮਰੀਕਾ ਦੇ ਮੈਕੇਂਜੀ ਮੈਕਡੋਨਾਲਡ ਨੂੰ ਇਕਪਾਸੜ ਅੰਦਾਜ਼ ਵਿਚ 6-4, 6-2, 6-3 ਨਾਲ ਹਰਾਇਆ। ਮੇਦਵੇਦੇਵ ਦਾ ਕੁਆਰਟਰ ਫਾਈਨਲ ਵਿਚ ਰੂਬਲੇਵ ਨਾਲ ਮੁਕਾਬਲਾ ਹੋਵੇਗਾ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਕਿੰਗਜ਼ ਇਲੈਵਨ ਪੰਜਾਬ ਨੇ ਬਦਲਿਆ ਨਾਮ, ਹੁਣ IPL ’ਚ ਇਸ ਨਾਂ ਦੇ ਨਾਲ ਉਤਰੇਗੀ
NEXT STORY