ਸਪੋਰਟਸ ਡੈਸਕ: ਸਲਾਮੀ ਬੱਲੇਬਾਜ਼ ਸ਼ੁਭਮਨ ਗਿਲ (91), ਟੀਮ ਇੰਡੀਆ ਦੀ ਦੀਵਾਰ ਚੇਤੇਸ਼ਵਰ ਪੁਜਾਰਾ (56) ਅਤੇ ਪ੍ਰਤਿਭਾਸ਼ਾਲੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ (ਨਾਬਾਦ 89) ਦੀ ਬੱਲੇਬਾਜ਼ੀ ਨਾਲ ਭਾਰਤ ਨੇ ਬ੍ਰਿਸਬੇਨ ਦੇ ਗਾਬਾ ਮੈਦਾਨ ’ਚ ਆਸਟਰੇਲੀਆ ਨੂੰ ਚੌਥੇ ਅਤੇ ਆਖ਼ਰੀ ਕ੍ਰਿਕਟ ਟੈਸਟ ਦੇ 5ਵੇਂ ਦਿਨ ਮੰਗਲਵਾਰ ਨੂੰ 3 ਵਿਕਟਾਂ ਨਾਲ ਹਰਾ ਕੇ ਨਵਾਂ ਇਤਿਹਾਸ ਰਚ ਦਿੱਤਾ। ਭਾਰਤ ਨੇ ਪਹਿਲੀ ਵਾਰ ਬ੍ਰਿਸਬੇਨ ਵਿਚ ਟੈਸਟ ਜਿੱਤ ਹਾਸਲ ਕੀਤੀ ਅਤੇ ਚਾਰ ਮੈਚਾਂ ਦੀ ਸੀਰੀਜ਼ ਨੂੰ 2-1 ਨਾਲ ਜਿੱਤ ਲਿਆ। ਭਾਰਤ ਨੂੰ ਇਸ ਮੁਕਾਬਲੇ ਨੂੰ ਜਿੱਤਣ ਲਈ 328 ਦੌੜਾਂ ਦਾ ਟੀਚਾ ਮਿਲਿਆ ਸੀ। ਭਾਰਤ ਨੇ 97 ਓਵਰ ਵਿਚ 7 ਵਿਕਟਾਂ ’ਤੇ 329 ਦੌੜਾਂ ਬਣਾ ਕੇ ਇਤਿਹਾਸਕ ਜਿੱਤ ਦਰਜ ਕੀਤੀ ਹੈ। ਆਸਟਰੇਲੀਆ ਦੀ ਗਾਬਾ ਮੈਦਾਨ ’ਤੇ ਪਿਛਲੇ 32 ਸਾਲਾਂ ਵਿਚ ਇਹ ਪਹਿਲੀ ਹਾਰ ਹੈ, ਜਦੋਂਕਿ ਭਾਰਤ ਨੇ ਇੱਕੇ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ।
ਇਸ ਤੋਂ ਪਹਿਲਾਂ ਮਾਰਨਸ ਲਾਬੁਸ਼ੇਨ ਦੀ ਸੈਂਕੜਾ ਪਾਰੀ (108) ਦੀ ਬਦੌਲਤ ਆਸਟ੍ਰੇਲੀਆ ਨੇ ਪਹਿਲੀ ਇਨਿੰਗ ’ਚ 369 ਦੌੜਾਂ ਬਣਾਈਆਂ। ਇਸ ਦੌਰਾਨ ਭਾਰਤ ਵੱਲੋਂ ਟੀ ਨਟਰਾਜਨ, ਸ਼ਾਰਦੁਲ ਠਾਕੁਰ ਅਤੇ ਵਾਸ਼ਿੰਗਟਨ ਸੁੰਦਰ ਨੂੰ 3-3 ਵਿਕਟਾਂ ਮਿਲੀਆਂ ਜਦੋਂਕਿ ਸਿਰਾਜ ਦੇ ਹੱਥ ਇਕ ਸਫ਼ਲਤਾ ਲੱਗੀ। ਬੱਲੇਬਾਜ਼ੀ ਦੇ ਲਈ ਉਤਰੀ ਭਾਰਤੀ ਟੀਮ ਨੇ ਸ਼ਾਰਦੁਲ ਠਾਕੁਰ ਅਤੇ ਵਾਸ਼ਿੰਗਟਨ ਸੁੰਦਰ ਦੀਆਂ 123 ਦੌੜਾਂ ਦੀ ਸਾਂਝੀਦਾਰੀ ਦੀ ਬਦੌਲਤ 336 ਦੌੜਾਂ ਬਣਾਈਆਂ। ਮੁਹੰਮਦ ਸਿਰਾਜ (5) ਅਤੇ ਸ਼ਾਰਦੁਲ ਠਾਕੁਰ (4) ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਆਸਟਰੇਲੀਆਈ ਟੀਮ ਨੂੰ ਦੂਜੀ ਪਾਰੀ ਦੇ ਚੌਥੇ ਦਿਨ 294 ਦੌੜਾਂ ’ਤੇ ਢੇਰ ਕਰਨ ਦੇ ਬਾਅਦ ਪੰਜਵੇਂ ਦਿਨ ਮੈਚ ਨੂੰ ਆਪਣੇ ਨਾਮ ਕਰ ਲਿਆ।
ਪੰਜਵਾਂ ਦਿਨ
ਅੰਤ ਵਿਚ ਪੰਤ ਅਤੇ ਸੈਨ ਭਾਰਤ ਨੂੰ ਜਿੱਤ ਦਿਵਾ ਕੇ ਵਾਪਸ ਪਰਤੇ। ਪਹਿਲੀ ਪਾਰੀ ਵਿਚ ਬਿਹਤਰੀਨ ਪਾਰੀ ਖੇਡਣ ਵਾਲੇ ਸ਼ਾਰਦੁਲ ਠਾਕੁਰ ਸਿਫ 2 ਹੀ ਦੌੜਾਂ ਬਣਾ ਸਕੇ ਅਤੇ ਖ਼ਰਾਬ ਸ਼ਾਟ ਕਾਰਨ ਹੇਜਲਵੁੱਡ ਦੀ ਗੇਂਦ ’ਤੇ ਲਿਓਨ ਦੇ ਹੱਥੋਂ ਕੈਚ ਆਊਟ ਹੋ ਕੇ ਵਿਕਟ ਗਵਾ ਦਿੱਤੀ। ਵਾਸ਼ਿੰਗਟਨ ਸੁੰਦਰ ਨੇ ਛੋਟੀ ਪਰ ਸ਼ਾਨਦਾਰ ਪਾਰੀ ਖੇਡਦੇ ਹੋਏ 29 ਗੇਂਦਾਂ ’ਤੇ 2 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 22 ਦੌੜਾਂ ਬਣਾ ਕੇ ਲਿਓਨ ਦੇ ਹੱਥੋਂ ਬੋਲਡ ਹੋਏ। ਮਯੰਕ ਅਗਰਵਾਲ ਇਕ ਵਾਰ ਫਿਰ ਫਲਾਪ ਸਾਬਿਤ ਹੋਏ ਅਤੇ ਸਿਰਫ 9 ਦੌੜਾਂ ਬਣਾ ਕੇ ਕਮਿੰਸ ਦੀ ਗੇਂਦ ’ਤੇ ਵੇਡ ਦੇ ਹੱਥੋਂ ਕੈਚ ਆਊਟ ਹੋ ਗਏ। ਪੁਜਾਰਾ ਕਮਿੰਸ ਦੀ ਗੇਂਦ ’ਤੇ ਐਲ.ਬੀ.ਡਬਲਯੂ. ਆਊਟ ਹੋਏ। ਉਨ੍ਹਾਂ ਨੇ 211 ਗੇਂਦਾਂ ਖੇਡਦੇ ਹੋਏ 7 ਚੌਕੇ ਲਗਾ ਕੇ 56 ਦੌੜਾਂ ਬਣਾਈਆਂ। ਤੀਜੀ ਵਿਕਟ ਕਪਤਾਨ ਅਜਿੰਕਿਆ ਰਹਾਣੇ ਦੀ ਡਿੱਗੀ। ਰਹਾਣੇ ਇਸ ਵਾਰ ਵੀ ਲੰਬੀ ਪਾਰੀ ਨਹੀਂ ਖੇਡ ਸਕੇ ਅਤੇ ਇਕ ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ ਸਿਰਫ਼ 24 ਦੌੜਾਂ ਹੀ ਬਣਾ ਸਕੇ। ਉਹ ਪੇਟ ਕਮਿੰਸ ਦੀ ਗੇਂਦ ’ਤੇ ਟਿਮ ਪੇਨ ਦੇ ਹੱਥੋਂ ਕੈਚ ਆਊਟ ਹੋ ਕੇ ਪਵੇਲੀਅਨ ਪਰਤੇ। ਚੇਤੇਸ਼ਵਰ ਪੁਜਾਰਾ ਅਤੇ ਸ਼ੁਭਮਨ ਗਿਲ ਨੇ ਦੂਜੀ ਵਿਕਟ ਲਈ 114 ਦੌੜਾਂ ਦੀ ਸਾਂਝੇਦਾਰੀ ਕਰਦੇ ਹੋਏ ਟੀਮ ਨੂੰ ਮਜਬੂਤੀ ਪ੍ਰਦਾਨ ਕੀਤੀ। ਜਦੋਂ ਜੋੜੀ 132 ਦੌੜਾਂ ’ਤੇ ਟੁੱਟ ਗਈ ਅਤੇ ਗਿਲ ਨਾਥਨ ਲਿਓਨ ਦੀ ਗੇਂਦ ’ਤੇ ਸਟੀਵ ਸਮਿਥ ਦੇ ਹੱਥੋਂ ਕੈਚ ਆਊਟ ਹੋ ਗਏ। ਗਿਲ ਭਾਵੇਂ ਹੀ ਸੈਂਕੜੇ ਲਗਾਉਣ ਤੋਂ ਰਹਿ ਗਏ ਪਰ ਉਨ੍ਹਾਂ ਨੇ 146 ਗੇਂਦਾਂ ’ਤੇ 8 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 91 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।
ਚੌਥਾ ਦਿਨ
ਸਿਰਾਜ ਨੇ ਪੰਜਵਾਂ ਵਿਕਟ ਹਾਸਲ ਕਰਦੇ ਹੋਏ ਹੇਜਲੇਵੁੱਡ ਨੂੰ ਆਪਣਾ ਸ਼ਿਕਾਰ ਬਣਾਉਂਦੇ ਹੋਏ ਉਨ੍ਹਾਂ ਨੇ ਸ਼ਾਰਦੁਲ ਦੇ ਹੱਥੋਂ ਕੈਚ ਆਊਟ ਕਰਵਾਇਆ। ਹੇਜਲਵੁੱਡ ਨੇ 11 ਗੇਂਦਾਂ ’ਤੇ 9 ਦੌੜਾਂ ਬਣਾਈਆਂ। ਉੱਧਰ ਕਮਿੰਸ 28 ਦੌੜਾਂ ਬਣਾ ਕੇ ਬਿਨਾਂ ਆਊਟ ਹੋਏ ਵਾਪਸ ਆਏ। ਸਿਰਾਜ ਨੇ ਸ਼ਾਨਦਾਰ ਗੇਂਦਬਾਜ਼ੀ ਦਾ ਪ੍ਰਦਰਸ਼ਨ ਦਿਖਾਉਂਦੇ ਹੋਏ ਚੌਥਾ ਵਿਕਟ ਮਿਸ਼ੇਲ ਸਟਾਰਕ ਦਾ ਲਿਆ। ਉਨ੍ਹਾਂ ਨੇ ਸਟਾਰਕ ਨੂੰ ਸਿਰਫ਼ ਇਕ ਦੌੜਾਂ ’ਤੇ ਨਵਦੀਪ ਸੈਨੀ ਦੇ ਹੱਥੋਂ ਕੈਚ ਆਊਟ ਕਰਵਾਇਆ।
ਇਸ ਤੋਂ ਬਾਅਦ ਠਾਕੁਰ ਨੇ ਭਾਰਤ ਟੀਮ ਨੂੰ 2 ਸਫ਼ਲਤਾ ਦਿਵਾਈਆਂ। ਪਹਿਲਾਂ 61ਵੇਂ ਓਵਰ ਦੀ ਪੰਜਵੀਂ ਗੇਂਦ ’ਤੇ ਉਨ੍ਹਾਂ ਨੇ ਗਰੀਨ ਨੂੰ ਰੋਹਿਤ ਸ਼ਰਮਾ ਦੇ ਹੱਥੋਂ ਆਊਟ ਕਰਵਾਇਆ ਅਤੇ ਫਿਰ ਕਪਤਾਨ ਟਿਮ ਪੇਨ ਨੂੰ ਪੰਤ ਦੇ ਹੱਥੋਂ ਕੈਚ ਆਊਟ ਕਰਵਾ ਪਵੇਲੀਅਨ ਭੇਜਿਆ। ਗਰੀਨ ਨੇ 90 ਗੇਂਦਾਂ ’ਤੇ 37 ਹੋਰ ਪੇਨ ਨੇ 37 ਗੇਂਦਾਂ ’ਤੇ 27 ਦੌੜਾਂ ਬਣਾਈਆਂ। ਦੋਵੇਂ ਬੱਲੇਬਾਜ਼ਾਂ ਨੇ ਆਪਣੀ ਪਾਰੀ ਦੇ ਦੌਰਾਨ 3-3 ਚੌਕੇ ਲਗਾਏ।
ਸਮਿਥ ਨੇ ਸ਼ਾਨਦਾਰ ਅਰਧ ਸੈਂਕੜਾਂ ਪਾਰੀ (55) ਖੇਡੀ ਪਰ ਇਸ ਨੂੰ ਸੈਂਕੜੇ ’ਚ ਬਦਲਣ ’ਚ ਨਾਕਾਮ ਰਹੇ। ਸਮਿਥ ਨੂੰ ਸਿਰਾਜ ਨੇ ਰਹਾਣੇ ਦੇ ਹੱਥੋਂ ਕੈਚ ਆਊਟ ਕਰਵਾ ਕੇ ਮਹੱਤਵਪੂਰਨ ਵਿਕਟ ਆਪਣੇ ਨਾਂ ਕੀਤਾ। ਦੂਜੀ ਇਨਿੰਗ ’ਚ ਇਹ ਸਿਰਾਜ ਦਾ ਤੀਜਾ ਮਹੱਤਵਪੂਰਨ ਵਿਕਟ ਸੀ।
ਜਦੋਂ ਆਸਟ੍ਰੇਲੀਆ ਖਿਡਾਰੀ 123 ’ਤੇ ਖੇਡ ਰਹੇ ਸਨ ਤਾਂ ਮੁਹੰਮਦ ਸਿਰਾਜ ਨੇ 31ਵੇਂ ਓਵਰ ’ਚ ਉਨ੍ਹਾਂ ਨੂੰ 2 ਝਟਕੇ ਲਏ। ਪਹਿਲਾਂ ਸਿਰਾਜ ਨੇ ਲਾਬੁਸ਼ੇਨ ਨੂੰ ਰੋਹਿਤ ਸ਼ਰਮਾ ਦੇ ਹੱਥੋਂ ਆਊਟ ਕਰਵਾਇਆ। ਇਸ ਤੋਂ ਬਾਅਦ ਇਸੇ ਓਵਰ ਦੀ ਆਖ਼ਿਰੀ ਗੇਂਦ ’ਤੇ ਮੈਥਿਊ ਵੇਡ ਨੂੰ ਪੰਤ ਦੇ ਹੱਥੋਂ ਕੈਚ ਆਊਟ ਕਰਵਾ ਕੇ ਪਵੇਲੀਅਨ ਦਾ ਰਸਤਾ ਦਿਖਾਇਆ। ਲਾਬੁਸ਼ੇਨ 22 ਗੇਂਦਾਂ ’ਤੇ 5 ਚੌਕਿਆਂ ਦੀ ਮਦਦ ਨਾਲ 25 ਦੌੜਾਂ ਜਦੋਂਕਿ ਵੇਡ ਬਿਨ੍ਹਾਂ ਖਾਤਾ ਖੋਲ੍ਹੇ ਹੀ ਵਾਪਸ ਚਲੇ ਗਏ। ਹੈਰਿਸ ਦੇ ਆਊਟ ਹੋਣ ਤੋਂ ਬਾਅਦ ਟੀਮ ਦੇ ਸਿਰਫ਼ 2 ਹੀ ਦੌੜਾਂ ਬਣੀਆਂ ਸਨ ਕਿ ਓਪਨਰ ਵਾਰਨਰ ਵੀ ਪਵੇਲੀਅਨ ਵਾਪਸ ਗਏ। ਉਹ ਵਾਸ਼ਿੰਗਟਨ ਸੁੰਦਰ ਦੀ ਗੇਂਦ ’ਤੇ ਐੱਲ.ਬੀ.ਡਬਲਿਊ ਹੋਣ ਦੇ ਕਾਰਨ ਅਰਧ ਸੈਂਕੜਾਂ (48) ਤੋਂ ਚੂਕ ਗਏ।
ਆਸਟ੍ਰੇਲੀਆ ਨੇ ਦੂਜੀ ਇਨਿੰਗ ਦੀ ਸ਼ੁਰੂਆਤ ਸ਼ਾਨਦਾਰ ਤਰ੍ਹਾਂ ਨਾਲ ਕੀਤੀ ਅਤੇ ਪਹਿਲੇ ਵਿਕਟ ਲਈ ਡੇਵਿਡ ਵਾਰਨਰ ਅਤੇ ਮਾਰਕਸ ਹੈਰਿਸ ਦੇ ਵਿਚਕਾਰ 89 ਦੌੜਾਂ ਦੀ ਸਾਂਝੇਦਾਰੀ ਹੋਈ। ਇਸ ਤੋਂ ਬਾਅਦ ਹੈਰਿਸ ਸ਼ਾਰਦੁਲ ਦੀ ਗੇਂਦ ’ਤੇ ਵਿਕਟਕੀਪਰ ਪੰਤ ਦੇ ਹੱਥੋਂ ਕੈਚ ਆਊਟ ਹੋ ਗਏ। ਹੈਰਿਸ ਨੇ 82 ਗੇਂਦਾਂ ’ਤੇ 8 ਚੌਕਿਆਂ ਦੀ ਮਦਦ ਨਾਲ 38 ਦੌੜਾਂ ਬਣਾਈਆਂ।
ਤੀਜਾ ਦਿਨ
ਸੈਣੀ ਦੇ ਬਾਅਦ ਸੁੰਦਰ ਵੀ ਜ਼ਿਆਦਾ ਸਮੇਂ ਤੱਕ ਟਿਕ ਨਹੀਂ ਸਕੇ ਅਤੇ 62 ਦੌੜਾਂ ਬਣਾ ਕੇ ਮਿਸ਼ੇਲ ਸਟਾਰਕ ਦੀ ਗੇਂਦ ’ਤੇ ਕੈਮਰੂਨ ਗਰੀਨ ਦੇ ਹੱਥੋਂ ਕੈਚ ਆਊਟ ਹੋ ਕੇ ਵਾਪਸ ਚਲੇ ਗਏ। ਉਨ੍ਹਾਂ ਨੇ ਆਪਣੀ ਪਾਰੀ ਵਿਚ 7 ਚੌਕੇ ਅਤੇ ਇਕ ਛੱਕਾ ਲਗਾਇਆ। ਬੱਲੇਬਾਜ਼ੀ ਕਰਨ ਮੈਦਾਨ ’ਤੇ ਪਰਤੇ ਸੈਣੀ ਸਿਰਫ਼ 5 ਦੌੜਾਂ ਦਾ ਹੀ ਯੋਗਦਾਨ ਦੇ ਸਕੇ ਅਤੇ ਜੋਸ਼ ਹੇਜਲਵੁੱਡ ਦੀ ਗੇਂਦ ’ਤੇ ਸਟੀਵ ਸਮਿਥ ਦੇ ਹੱਥੋਂ ਕੈਚ ਆਊਟ ਹੋ ਕੇ ਪਵੇਲੀਅਨ ਪਰਤ ਗਏ। ਤੀਜੇ ਦਿਨ ਪਹਿਲਾ ਵਿਕਟ ਸ਼ਾਰਦੁਲ ਠਾਕੁਰ ਦਾ ਡਿੱਗਿਆ, ਜਿਨ੍ਹਾਂ ਨੇ ਵਾਸ਼ਿੰਗਟਨ ਸੁੰਦਰ ਨਾਲ ਮਿਲ ਕੇ 123 ਦੌੜਾਂ ਦੀ ਸਾਂਝੇਦਾਰੀ ਕੀਤੀ। ਠਾਕੁਰ ਪੈਟ ਕਮਿੰਸ ਦੀ ਗੇਂਦ ’ਤੇ ਬੋਲਡ ਹੋਏ। ਹਾਲਾਂਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ 115 ਗੇਂਦਾਂ ਅਤੇ 9 ਚੌਕੇ ਅਤੇ 2 ਛੱਕੇ ਲਗਾ ਕੇ 67 ਦੌੜਾਂ ਬਣਾਈਆਂ।
ਦੂਜਾ ਦਿਨ
ਬੱਲੇਬਾਜੀ ਲਈ ਆਈ ਭਾਰਤੀ ਟੀਮ ਦੀ ਸ਼ੁਰੂਆਤ ਠੀਕ ਨਹੀਂ ਰਹੀ ਅਤੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ 7 ਦੌੜਾਂ ਬਣਾ ਕੇ ਪੈਟ ਕਮਿੰਸ ਦਾ ਸ਼ਿਕਾਰ ਬਣੇ ਅਤੇ ਉਨ੍ਹਾਂ ਨੇ ਆਸਟਰੇਲੀਆ ਨੂੰ ਪਹਿਲੀ ਸਫ਼ਲਤਾ ਦਿਵਾਈ। ਫ਼ਾਰਮ ਵਿੱਚ ਲੱਗ ਰਹੇ ਰੋਹਿਤ ਸ਼ਰਮਾ ’ਤੇ ਸ਼ੁਭਮਨ ਦੇ ਆਊਟ ਹੋਣ ਦਾ ਕੋਈ ਖ਼ਾਸ ਫ਼ਰਕ ਨਹੀਂ ਪਿਆ ਅਤੇ ਉਹ ਤੇਜੀ ਨਾਲ ਦੌੜਾਂ ਬਣਾਉਣ ਲੱਗੇ ਪਰ ਉਹ ਨਾਥਨ ਲਿਓਨ ਖ਼ਿਲਾਫ਼ ਖ਼ਰਾਬ ਸ਼ਾਟ ਖੇਡ ਕੇ ਆਊਟ ਹੋ ਗਏ। ਰਹਿਤ ਨੇ 74 ਗੇਂਦਾਂ ’ਤੇ 44 ਦੌੜਾਂ ਦੀ ਪਾਰੀ ਖੇਡੀ। ਬੱਲੇਬਾਜ਼ੀ ਲਈ ਕਰੀਜ ’ਤੇ ਭਾਰਤੀ ਕਪਤਾਨ ਅਜਿੰਕਿਆ ਰਹਾਣੇ ਅਤੇ ਚੇਤੇਸ਼ਵਰ ਪੁਜਾਰਾ ਹਨ। ਚਾਹ ਦੇ ਬਾਅਦ ਮੀਂਹ ਕਾਰਨ ਕੋਈ ਖੇਡ ਨਹੀਂ ਸਕਿਆ ਅਤੇ ਮੈਚ ਨੂੰ ਖ਼ਤਮ ਕਰਣਾ ਪਿਆ। ਤੀਜੇ ਦਿਨ ਅੱਧਾ ਘੰਟਾ ਪਹਿਲਾਂ ਮੈਚ ਸ਼ੁਰੂ ਹੋਵੇਗਾ।
ਉਥੇ ਹੀ ਇਸ ਤੋਂ ਪਹਿਲਾਂ ਦੂਜੇ ਦਿਨ ਖੇਡਣ ਆਈ ਆਸਟਰੇਲੀਆਈ ਟੀਮ ਨੂੰ ਕੈਮਰੂਨ ਗਰੀਨ ਅਤੇ ਕਪਤਾਨ ਟਿਮ ਪੇਨ ਨੇ ਸੰਭਾਲਿਆ। ਇਸ ਜੋੜੀ ਨੂੰ ਸ਼ਾਰਦੁਲ ਠਾਕੁਰ ਨੇ ਤੋੜਿਆ। ਉਨ੍ਹਾਂ ਨੇ ਕਪਤਾਨ ਟਿਮ ਪੇਨ ਨੂੰ 50 ਦੌੜਾਂ ’ਤੇ ਆਊਟ ਕਰਕੇ ਭਾਰਤ ਨੂੰ ਛੇਵੀਂ ਸਫ਼ਲਤਾ ਦਿਵਾਈ । ਇਸ ਦੇ ਬਾਅਦ ਕੈਮਰੂਨ ਗਰੀਨ ਨੂੰ ਵਾਸ਼ਿੰਟਨ ਸੁੰਦਰ ਨੇ ਆਪਣਾ ਸ਼ਿਕਾਰ ਬਣਾਇਆ । ਗਰੀਨ 47 ਦੌੜਾਂ ਬਣਾ ਕੇ ਆਊਟ ਹੋਏ। ਸ਼ਾਰਦੁਲ ਠਾਕੁਰ ਨੇ ਆਸਟਰੇਲੀਆ ਨੂੰ ਇਕ ਹੋਰ ਝੱਟਕਾ ਦਿੰਦੇ ਹੋਏ ਪੈਟ ਕਮਿੰਸ ਨੂੰ 2 ਦੌੜਾਂ ’ਤੇ ਆਊਟ ਕਰਕੇ ਟੀਮ ਨੂੰ 7ਵੀਂ ਸਫ਼ਲਤਾ ਦਿਵਾਈ। ਇਸ ਦੇ ਬਾਅਦ ਮਿਚੇਲ ਸਟਾਰਕ ਅਤੇ 100ਵਾਂ ਮੈਚ ਖੇਡ ਰਹੇ ਨਾਥਨ ਲਿਓਨ ਦੇ ਵਿਚਾਲੇ ਸਾਂਝੇਦਾਰੀ ਹੋਈ। ਇਸ ਸਾਂਝੇਦਾਰੀ ਨੂੰ ਵਾਸ਼ਿੰਗਟਨ ਸੁੰਦਰ ਨੇ ਤੋੜਿਆ। ਨਾਥਨ ਲਿਓਨ 24 ਦੌੜਾਂ ਬਣਾ ਕੇ ਆਊਟ ਹੋਏ। ਟੀ ਨਟਰਾਜਨ ਨੇ ਜੋਸ਼ ਹੈਜਲਵੁੱਡ ਨੂੰ 11 ਦੌੜਾਂ ’ਤੇ ਆਊਟ ਕਰਕੇ ਆਸਟਰੇਲੀਆਈ ਪਾਰੀ ਨੂੰ 369 ਦੌੜਾਂ ’ਤੇ ਸਮੇਟ ਦਿੱਤਾ।
ਪਹਿਲਾ ਦਿਨ
ਨਟਰਾਜਨ ਨੇ ਮਾਰਨਸ ਲਾਬੁਸ਼ੇਨ ਦੀ ਵਿਕਟ ਦੇ ਰੂਪ ਵਿਚ ਆਸਟਰੇਲੀਆ ਨੂੰ 5ਵਾਂ ਝਟਕਾ ਦਿੰਦੇ ਹੋਏ ਆਪਣੀ ਦੂਜੀ ਵਿਕਟ ਲਈ। ਲਾਬੁਸ਼ੇਨ 204 ਗੇਂਦਾਂ ’ਤੇ 9 ਚਕਿਆਂ ਦੀ ਮਦਦ ਨਾਲ 108 ਦੌੜਾਂ ਬਣਾ ਕੇ ਰਿਸ਼ਭ ਪੰਤ ਦੇ ਹੱਥੋਂ ਕੈਚ ਹੋਏ।ਮੈਥਿਊ ਵੇਡ ਅਰਧ ਸੈਂਕੜੇ ਤੋਂ ਥੋੜ੍ਹੀ ਹੀ ਦੂਰ ਸਨ ਕਿ ਉਨ੍ਹਾਂ ਨਟਰਾਜਨ ਦੀ ਗੇਂਦ ’ਤੇ ਠਾਕੁਰ ਦੇ ਹੱਥੋਂ ਕੈਚ ਹੋ ਕੇ ਪਵੇਲੀਅਨ ਪਰਤਣਾ ਪਿਆ। ਵੇਡ 87 ਗੇਂਦਾਂ ਖੇਡਦੇ ਹੋਏ 6 ਚੌਕਿਆਂ ਦੀ ਮਦਦ ਨਾਲ 45 ਦੌੜਾਂ ਬਣਾ ਕੇ ਪਵੇਲੀਅਨ ਪਰਤੇ। ਤੀਜੀ ਵਿਕਟ ਸਟੀਵ ਸਮਿਥ ਦਾ ਡਿੱਗੀ। ਸਮਿਥ ਅਰਧ ਸੈਂਕੜੇ ਦੀ ਪਾਰੀ ਵੱਲ ਵੱਧ ਰਹੇ ਸਨ ਪਰ 35 ਦੌੜਾਂ ’ਤੇ ਉਨ੍ਹਾਂ ਨੂੰ ਵਾਸ਼ਿੰਗਟਨ ਸੁੰਦਰ ਦੀ ਗੇਂਦ ’ਤੇ ਰੋਹਿਤ ਦੇ ਹੱਥੋਂ ਆਪਣੀ ਵਿਕਟ ਗਵਾਉਣੀ ਪਈ। ਸਮਿਥ ਨੇ 77 ਗੇਂਦਾਂ ਖੇਡੀਆਂ ਅਤੇ ਇਸ ਦੌਰਾਨ 5 ਚੌਕੇ ਲਗਾਉਂਦੇ ਹੋਏ 35 ਦੌੜਾਂ ਬਣਾਈਆਂ। ਵਿਲ ਪੋਕੋਵਸਕੀ ਦੀ ਜਗ੍ਹਾ ਆਸਟਰੇਲੀਆਈ ਟੀਮ ਵਿਚ ਸ਼ਾਮਲ ਹੋਏ ਮਾਰਕਸ ਹੈਰਿਸ ਉਮੀਦਾਂ ’ਤੇ ਖਰਾ ਨਹੀਂ ਉਤਰ ਸਕੇ ਅਤੇ 23 ਗੇਂਦਾਂ ’ਤੇ ਸਿਰਫ਼ 5 ਦੌੜਾਂ ਬਣਾ ਕੇ ਸ਼ਾਰਦੁਲ ਠਾਕੁਰ ਦੀ ਗੇਂਦ ’ਤੇ ਵਾਸ਼ਿੰਗਟਨ ਸੁੰਦਰ ਦੇ ਹੱਥੋਂ ਕੈਚ ਆਊਟ ਹੋ ਗਏ। ਆਸਟਰੇਲੀਆਈ ਓਪਨਰ ਡੈਵਿਡ ਵਾਰਨਰ ਦਾ ਬੱਲਾ ਨਹੀਂ ਚੱਲਿਆ ਅਤੇ ਉਹ ਪਹਿਲੇ ਓਵਰ ਦੀ ਆਖ਼ਰੀ ਗੇਂਦ ’ਤੇ ਸਿਰਫ਼ 1 ਦੌੜ ਬਣਾ ਕੇ ਪਵੇਲੀਅਨ ਪਰਤ ਗਏ। ਉਹ ਮੁਹੰਮਦ ਸਿਰਾਜ ਦੀ ਗੇਂਦ ’ਤੇ ਰੋਹਿਤ ਦੇ ਹੱਥੋਂ ਕੈਚ ਆਊਟ ਹੋਏ। ਭਾਰਤ ਅਤੇ ਆਸਟਰੇਲੀਆ ਵਿਚਾਲੇ 4 ਮੈਚਾਂ ਦੀ ਸੀਰੀਜ਼ ਫਿਲਹਾਲ 1-1 ਨਾਲ ਬਰਾਬਰੀ ’ਤੇ ਹੈ। ਸਿਡਨੀ ਵਿਚ ਖੇਡਿਆ ਗਿਆ ਤੀਜਾ ਟੈਸਟ ਮੈਚ ਡਰਾ ਰਿਹਾ ਸੀ, ਜਦੋਂ ਕਿ ਮੈਲਬੌਰਨ ਵਿਚ ਭਾਰਤ ਨੇ ਐਡੀਲੇਡ ਵਿਚ ਆਸਟਰੇਲੀਆ ਨੇ ਜਿੱਤ ਦਰਜ ਕੀਤੀ ਸੀ।
ਟੀਮਾਂ ਇਸ ਤਰ੍ਹਾਂ ਹਨ:
ਭਾਰਤ:- ਅਜਿੰਕਯ ਰਹਾਨੇ (ਕਪਤਾਨ), ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਮਯੰਕ ਅਗਰਵਾਲ, ਰਿਸ਼ਭ ਪੰਤ, ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ, ਨਵਦੀਪ ਸੈਣੀ, ਮੁਹੰਮਦ ਸਿਰਾਜ, ਟੀ. ਨਟਰਾਜਨ।
ਆਸਟਰੇਲੀਆ:- ਮਾਰਕਸ ਹੈਰਿਸ, ਡੈਵਿਡ ਵਾਰਨਰ, ਮਾਰਨਸ ਲਾਬੁਸ਼ੇਨ, ਸਟੀਵ ਸਮਿਥ, ਮੈਥਿਉ ਵੇਡ, ਕੈਮਰਨ ਗ੍ਰੀਨ, ਟਿਮ ਪੇਨ (ਕਪਤਾਨ), ਪੈਟ ਕਮਿੰਸ, ਮਿਸ਼ੇਲ ਸਟਾਰਕ, ਨਾਥਨ ਲਿਓਨ, ਜੋਸ਼ ਹੇਜ਼ਲਵੁੱਡ।
ਮੌਸਮ ਦਾ ਹਾਲ:- ਮੈਚ ਦੇ ਪਹਿਲੇ ਦਿਨ ਮੌਸਮ ਸਾਫ ਰਹੇਗਾ ਪਰ ਇਸ ਤੋਂ ਅਗਲੇ 3 ਦਿਨ ਮੀਂਹ ਦੀ ਸੰਭਾਵਨਾ ਰਹੇਗੀ। ਹਵਾਵਾਂ ਦੀ ਗਤੀ ਵਧਣ ਦੀ ਸੰਭਾਵਨਾ ਹੈ ਜਿਸ ਨਾਲ ਤੇਜ਼ ਗੇਦਬਾਜ਼ਾਂ ਨੂੰ ਮਦਦ ਮਿਲੇਗੀ।
ਵਿਰੁਸ਼ਕਾ ਨੂੰ ਮਾਤਾ-ਪਿਤਾ ਬਣਨ ਦੀ ਅਮੂਲ ਨੇ ਦਿੱਤੀ ਵਧਾਈ ਪਰ ਲੋਕਾਂ ਨੇ ਲਗਾ ਦਿੱਤੀ ਕਲਾਸ, ਜਾਣੋ ਵਜ੍ਹਾ
NEXT STORY