ਨਿਊਯਾਰਕ–ਭਾਰਤੀ ਟੀਮ ਟੀ-20 ਵਿਸ਼ਵ ਕੱਪ ਵਿਚ 5 ਜੂਨ ਨੂੰ ਹੋਣ ਵਾਲੇ ਆਪਣੇ ਸ਼ੁਰੂਆਤੀ ਮੁਕਾਬਲੇ ਤੋਂ ਪਹਿਲਾਂ ਸ਼ਨੀਵਾਰ ਨੂੰ ਇੱਥੇ ਜਦੋਂ ਬੰਗਲਾਦੇਸ਼ ਵਿਰੁੱਧ ਅਭਿਆਸ ਮੈਚ ਲਈ ਮੈਦਾਨ ’ਤੇ ਉਤਰੇਗੀ ਤਾਂ ਉਸਦਾ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਬੱਲੇ ਨਾਲ ਪ੍ਰਭਾਵਿਤ ਕਰਕੇ ਆਪਣੀ ਜਗ੍ਹਾ ਪੱਕੀ ਕਰਨਾ ਚਾਹੇਗਾ ਤਾਂ ਉੱਥੇ ਹੀ ਅਰਸ਼ਦੀਪ ਸਿੰਘ ਤੇ ਮੁਹੰਮਦ ਸਿਰਾਜ ਤੇਜ਼ ਗੇਂਦਬਾਜ਼ੀ ਵਿਚ ਜਸਪ੍ਰੀਤ ਬੁਮਰਾਹ ਦਾ ਸਾਥੀ ਬਣਨ ਲਈ ਕੋਈ ਕਸਰ ਨਹੀਂ ਛੱਡੇਗਾ।
ਇਸ ਟੀਮ ਦੇ ਸਾਰੇ 15 ਖਿਡਾਰੀ ਆਪਣੀ-ਆਪਣੀ ਆਈ. ਪੀ. ਐੱਲ. ਫ੍ਰੈਂਚਾਈਜ਼ੀ ਲਈ ਨਿਯਮਤ-11 ਦੇ ਮੈਂਬਰ ਸਨ। ਇਨ੍ਹਾਂ ਵਿਚੋਂ ਕਿਸੇ ਵੀ ਖਿਡਾਰੀ ਨੂੰ ਪ੍ਰਤਿਭਾ ਦੇ ਮਾਮਲੇ ਵਿਚ ਘੱਟ ਨਹੀਂ ਸਮਝਿਆ ਜਾ ਸਕਦਾ ਪਰ ਵਿਸ਼ਵ ਕੱਪ ਦੇ 13 ਸਾਲ ਦੇ ਸੋਕੇ ਨੂੰ ਖਤਮ ਕਰਨ ਲਈ ਟੀਮ ਲਈ ਸਭ ਤੋਂ ਵੱਡੀ ਚੁਣੌਤੀ ਸਹੀ ਸੁਮੇਲ ਲੱਭਣ ਦੀ ਹੋਵੇਗੀ। ਅਜਿਹੇ ਵਿਚ ਅਭਿਆਸ ਮੈਚ ਕਾਫੀ ਮਹੱਤਵਪੂਰਨ ਹੋਵੇਗਾ।
ਵਿਰਾਟ ਕੋਹਲੀ ਇਸ ਮੈਚ ਦੇ ਸ਼ੁਰੂ ਹੋਣ ਤੋਂ ਕੁਝ ਸਮਾਂ ਪਹਿਲਾਂ ਅਮਰੀਕਾ ਪਹੁੰਚੇਗਾ, ਅਜਿਹੇ ਵਿਚ ਉਸਦੇ ਇਸ ਮੈਚ ਨੂੰ ਖੇਡਣ ਦੀ ਸੰਭਾਵਨਾ ਘੱਟ ਹੈ। ਭਾਰਤੀ ਟੀਮ ਬਾਕੀ ਦੇ ਸਾਰੇ 14 ਖਿਡਾਰੀਆਂ ਨੂੰ ਇਸ ਮੈਚ ਵਿਚ ਅਜ਼ਮਾਉਣਾ ਚਾਹੇਗੀ ਕਿਉਂਕ ਇਸ ਮੁਕਾਬਲੇ ਨੂੰ ਅਧਿਕਾਰਤ ਮਾਨਤਾ ਨਹੀਂ ਮਿਲੀ ਹੈ।
ਟੀਮ ਦੇ ਜ਼ਿਆਦਾਤਰ ਮੈਂਬਰਾਂ ਨੂੰ ਆਈ. ਪੀ. ਐਲ. ਤੋਂ ਬਾਅਦ ਦੋ ਹਫਤਿਆਂ ਦਾ ਆਰਾਮ ਮਿਲਿਆ ਹੈ। ਅਜਿਹੇ ਵਿਚ ਇਹ ਸਾਰੇ ਖਿਡਾਰੀਆਂ ਲਈ ਲੈਅ ਪਰਖਣ ਦਾ ਮੌਕਾ ਹੋਵੇਗਾ। ਕਪਤਾਨ ਰੋਹਿਤ ਸ਼ਰਮਾ ਤੇ ਮੱੁਖ ਕੋਚ ਰਾਹੁਲ ਦ੍ਰਾਵਿੜ ਲਈ ਦੋ ਅਜਿਹੇ ਖੇਤਰ ਹਨ, ਜਿੱਥੇ ਸਹੀ ਫੈਸਲਾ ਲੈਣ ਦੀ ਲੋੜ ਹੋਵੇਗੀ। ਜਾਇਸਵਾਲ ਦੇ ਲੈਅ ਵਿਚ ਹੋਣ ਤੋਂ ਬਾਅਦ ਵੀ ਆਖਰੀ-11 ਵਿਚ ਮੌਕਾ ਦੇਣਾ ਇਕ ਮੁੱਦਾ ਹੋਵੇਗਾ ਕਿਉਂਕਿ ਇਸ ਨਾਲ ਸ਼ਿਵਮ ਦੂਬੇ ਵਰਗੇ ਪਾਵਰ ਹਿੱਟਰ ਨੂੰ ਬਾਹਰ ਬੈਠਣਾ ਪੈ ਸਕਦਾ ਹੈ। ਪਹਿਲਾਂ ਤੋਂ ਮੰਨਿਆ ਜਾ ਰਿਹਾ ਹੈ ਕਿ ਜਾਇਸਵਾਲ ਨੂੰ ਬਾਹਰ ਬੈਠਣਾ ਪੈ ਸਕਦਾ ਹੈ ਕਿਉਂਕਿ ਇਸ ਨਾਲ ਨਾ ਸਿਰਫ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਨੂੰ ਪਾਰੀ ਦਾ ਆਗਾਜ਼ ਕਰਨ ਦਾ ਮੌਕਾ ਮਿਲੇਗਾ ਸਗੋਂ ਆਖਰੀ ਓਵਰਾਂ ਵਿਚ ਸਹਿਜਤਾ ਨਾਲ ਵੱਡੀਆਂ ਸ਼ਾਟਾਂ ਖੇਡਣ ਵਾਲੇ ਦੂਬੇ ਨੂੰ ਆਖਰੀ-11 ਵਿਚ ਮੌਕਾ ਮਿਲੇਗਾ।
ਭਾਰਤ ਲਈ ਦੂਜੀ ਸ਼ੁਰੂਆਤੀ ਸਮੱਸਿਆ ਜਸਪ੍ਰੀਤ ਬੁਮਰਾਹ ਦੇ ਨਾਲ ਤੇਜ਼ ਗੇਂਦਬਾਜ਼ੀ ਕਰਨ ਵਾਲੇ ਨੂੰ ਤੈਅ ਕਰਨਾ ਹੋਵਗੀ। ਅਰਸ਼ਦੀਪ ਸਿੰਘ ਤੇ ਮੁਹੰਮਦ ਸਿਰਾਜ ਦੋਵੇਂ ਆਈ. ਪੀ. ਐੱਲ. ਵਿਚ ਆਪਣੀ ਸਰਵਸ੍ਰੇਸ਼ਠ ਲੈਅ ਵਿਚ ਨਹੀਂ ਦਿਸੇ। ਅਜਿਹੇ ਵਿਚ ਆਲਰਾਊਂਡਰ ਹਾਰਦਿਕ ਪੰਡਯਾ ਦਾ ਮਹੱਤਵ ਵੱਧ ਜਾਂਦਾ ਹੈ। ਟੀਮ ਨੂੰ ਉਸ ਤੋਂ ਇਸ ਮਾਮਲੇ ਵਿਚ ਅਾਪਣੇ ਕੋਟੇ ਦੇ ਚਾਰੇ ਓਵਰ ਕਰਨ ਦੀ ਉਮੀਦ ਹੋਵੇਗੀ।
ਭਾਰਤ ਖਿਲਾਫ ਮੈਚ ਤੋਂ ਪਹਿਲਾਂ ਬੋਲੇ ਸ਼ਾਕਿਬ- ਰੋਹਿਤ ਇਕੱਲੇ ਹੀ ਵਿਰੋਧੀ ਤੋਂ ਮੈਚ ਖੋਹ ਸਕਦੇ ਹਨ
NEXT STORY