ਨਵੀਂ ਦਿੱਲੀ— ਭਾਰਤੀ ਮੁੱਕੇਬਾਜ਼ੀ ਮਹਾਸੰਘ ਇਸ ਸਾਲ ਜੁਲਾਈ-ਅਗਸਤ 'ਚ ਆਪਣੀ ਮਹੱਤਵਪੂਰਨ ਲੀਗ ਦਾ ਆਯੋਜਨ ਕਰੇਗਾ, ਜਿਸ 'ਚ ਦੇਸ਼ ਤੇ ਦੁਨੀਆ ਦੇ ਮੁੱਕੇਬਾਜ਼ ਹਿੱਸਾ ਲੈਣਗੇ। ਭਾਰਤੀ ਮੁੱਕੇਬਾਜ਼ੀ ਮਹਾਸੰਘ ਦੇ ਮੁਖੀ ਅਜੇ ਸਿੰਘ ਤੇ ਇਸ ਲੀਗ ਦੇ ਕਮਿਸ਼ਨਰ ਅਤੁਲ ਪਾਂਡੇ ਨੇ ਏਸ਼ੀਆਈ ਚੈਂਪੀਅਨਸ਼ਿਪ ਦੇ ਜੇਤੂ ਭਾਰਤੀ ਮੁੱਕੇਬਾਜ਼ਾਂ ਲਈ ਮੰਗਲਵਾਰ ਇਥੇ ਆਯੋਜਿਤ ਇਕ ਸਨਮਾਨ ਸਮਾਰੋਹ 'ਚ ਇਹ ਐਲਾਨ ਕੀਤਾ। ਸਿੰਘ ਨੇ ਦੱਸਿਆ ਕਿ ਮਹਾਸੰਘ ਇਸ ਸਾਲ ਜੁਲਾਈ-ਅਗਸਤ ਵਿਚ ਇਸ ਲੀਗ ਦਾ ਆਯੋਜਨ ਕਰੇਗਾ, ਜਿਹੜਾ ਉਸ ਦਾ ਇਕ ਵੱਡਾ ਪ੍ਰਾਜੈਕਟ ਹੈ।
ਸਿੰਘ ਨੇ ਦੱਸਿਆ ਕਿ ਇਸ ਸਮੇਂ ਮੌਜੂਦਾ ਏਸ਼ੀਆਈ ਚੈਂਪੀਅਨਸ਼ਿਪ ਦੇ ਸਾਰੇ ਤਮਗਾ ਜੇਤੂ ਮੁੱਕੇਬਾਜ਼ ਇਸ ਲੀਗ ਵਿਚ ਹਿੱਸਾ ਲੈਣਗੇ ਤੇ ਉਨ੍ਹਾਂ ਨੇ ਇਸ ਲਈ ਆਪਣੀ ਪੁਸ਼ਟੀ ਕਰ ਦਿੱਤੀ ਹੈ। ਸਿੰਘ ਨੇ ਕਿਹਾ, ''ਇਸ ਲੀਗ ਨਾਲ ਭਾਰਤੀ ਮੁੱਕੇਬਾਜ਼ਾਂ ਦੀਆਂ ਓਲੰਪਿਕ ਤਿਆਰੀਆਂ ਨੂੰ ਨਵਾਂ ਬਲ ਮਿਲੇਗਾ। ਸਾਡੇ ਮੁੱਕੇਬਾਜ਼ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੇ ਹਨ ਤੇ ਏਸ਼ੀਆਈ ਚੈਂਪੀਅਨਸ਼ਿਪ ਵਿਚ 13 ਤਮਗੇ ਇਸ ਗੱਲ ਦੇ ਗਵਾਹ ਹਨ ਕਿ ਓਲੰਪਿਕ ਵਿਚ ਮੁੱਕੇਬਾਜ਼ਾਂ ਤੋਂ ਇਸ ਵਾਰ ਤਮਗੇ ਦੀ ਉਮੀਦ ਕੀਤੀ ਜਾ ਸਕਦੀ ਹੈ।''
ਭਾਰਤ ਨੇ ਏਸ਼ੀਆਈ ਚੈਂਪੀਅਨਸ਼ਿਪ ਵਿਚ ਦੋ ਸੋਨ, ਚਾਰ ਚਾਂਦੀ ਤੇ ਸੱਤ ਕਾਂਸੀ ਸਮੇਤ ਕੁਲ 13 ਤਮਗੇ ਜਿੱਤੇ। ਪੁਰਸ਼ ਮੁੱਕੇਬਾਜ਼ਾਂ ਨੇ ਇਕ ਸੋਨ, ਤਿੰਨ ਚਾਂਦੀ ਤੇ ਤਿੰਨ ਕਾਂਸੀ ਤਮਗੇ, ਜਦਕਿ ਮਹਿਲਾ ਮੁੱਕੇਬਾਜ਼ਾਂ ਨੇ ਇਕ ਸੋਨ, ਇਕ ਚਾਂਦੀ ਤੇ ਚਾਰ ਕਾਂਸੀ ਤਮਗੇ ਦਿਵਾਏ।
ਲੀਗ ਦੀਆਂ ਅਜੇ ਤਰੀਕਾਂ ਤੈਅ ਨਹੀਂ
ਲੀਗ ਦੇ ਕਮਿਸ਼ਨਰ ਨੇ ਲੀਗ ਦੇ ਫਾਰਮੈੱਟ ਦੀ ਜਾਣਕਾਰੀ ਦਿੰਦੇ ਹੋਏ ਕਿਹਾ, ''ਅਜੇ ਅਸੀਂ ਇਸਦੀਆਂ ਤਰੀਕਾਂ ਤੈਅ ਨਹੀਂ ਕੀਤੀਆਂ ਹਨ। ਇਸ ਸਮੇਂ ਦੇਸ਼ ਵਿਚ ਲੋਕ ਸਭਾ ਚੋਣਾਂ ਚੱਲ ਰਹੀਆਂ ਹਨ ਤੇ ਚੋਣਾਂ ਤੋਂ ਬਾਅਦ ਹੀ ਅਸੀਂ ਫ੍ਰੈਂਚਾਇਜ਼ੀ ਟੀਮਾਂ ਤੇ ਹੋਰਨਾਂ ਗੱਲਾਂ ਬਾਰੇ ਕੋਈ ਫੈਸਲਾ ਕਰ ਸਕਾਂਗੇ। ਫਿਲਹਾਲ ਮੈਂ ਇੰਨਾ ਦੱਸ ਸਕਦਾ ਹਾਂ ਕਿ ਪਹਿਲੇ ਸੈਸ਼ਨ ਵਿਚ ਲੀਗ 'ਚ 6 ਟੀਮਾਂ ਹਿੱਸਾ ਲੈਣਗੀਆਂ ਤੇ ਹਰ ਟੀਮ ਵਿਚ 2 ਕੌਮਾਂਤਰੀ ਮੁੱਕੇਬਾਜ਼ਾਂ ਸਮੇਤ 14 ਮੁੱਕੇਬਾਜ਼ ਹੋਣਗੇ।''
ਖਿਡਾਰੀਆਂ ਦੀ ਚੋਣ ਡਰਾਫਟ ਰਾਹੀਂ ਹੋਵੇਗੀ
ਲੀਗ ਦੇ ਸਥਾਨਾਂ ਬਾਰੇ ਪੁੱਛੇ ਜਾਣ 'ਤੇ ਪਾਂਡੇ ਨੇ ਕਿਹਾ ਕਿ ਲੀਗ ਦੇ ਮੁਕਾਬਲੇ ਦਿੱਲੀ, ਦੱਖਣ ਤੇ ਉੱਤਰ ਦੇ ਇਕ-ਇਕ ਸ਼ਹਿਰ ਵਿਚ ਖੇਡੇ ਜਾਣਗੇ। ਖਿਡਾਰੀਆਂ ਦੀ ਚੋਣ ਡਰਾਫਟ ਰਾਹੀਂ ਕੀਤੀ ਜਾਵੇਗੀ ਤੇ ਇਹ ਡਰਾਫਟ ਜੂਨ ਦੇ ਅੱਧ ਵਿਚ ਆਯੋਜਿਤ ਕੀਤਾ ਜਾਵੇਗਾ।
ਲੀਗ 3 ਹਫਤਿਆਂ ਦੀ ਹੋਵੇਗੀ ਤੇ ਇਸ ਵਿਚ ਕੁਲ 18 ਮੈਚ ਖੇਡੇ ਜਾਣਗੇ
ਪਾਂਡੇ ਨੇ ਦੱਸਿਆ ਕਿ ਲੀਗ ਵਿਚ 7 ਭਾਰ ਵਰਗ ਹੋਣਗੇ, ਜਦਕਿ 5 ਭਾਰ ਵਰਗਾਂ ਵਿਚ ਮੁਕਾਬਲੇ ਖੇਡੇ ਜਾਣਗੇ। ਇਨ੍ਹਾਂ 5 ਮੁਕਾਬਲਿਆਂ ਵਿਚ 4 ਪੁਰਸ਼ਾਂ ਦੇ ਤੇ 1 ਮਹਿਲਾਵਾਂ ਦਾ ਹੋਵੇਗਾ। ਇਨ੍ਹਾਂ ਵਿਚੋਂ 2 ਮੁਕਾਬਲਿਆਂ ਵਿਚ ਕੌਮਾਂਤਰੀ ਮੁੱਕੇਬਾਜ਼ਾਂ ਦਾ ਉਤਰਨਾ ਜ਼ਰੂਰੀ ਹੋਵੇਗਾ। ਲੀਗ ਤਿੰਨ ਹਫਤੇ ਦੀ ਹੋਵੇਗੀ ਤੇ ਇਸ ਵਿਚ ਕੁਲ 18 ਮੈਚ ਖੇਡੇ ਜਾਣਗੇ। ਹਰ ਮੁਕਾਬਲਾ ਤਿੰਨ ਮਿੰਟ ਦੇ ਤਿੰਨ ਰਾਊਂਡ ਦਾ ਹੋਵੇਗਾ ਤੇ ਹਰ ਰਾਊਂਡ ਵਿਚਾਲੇ ਇਕ-ਇਕ ਮਿੰਟ ਦੀ ਬ੍ਰੇਕ ਹੋਵੇਗੀ। ਮੁਕਾਬਲੇ ਰਾਤ 7 ਤੋਂ 9:30 ਵਜੇ ਤਕ ਖੇਡੇ ਜਾਣਗੇ।
IPL 2019 : ਧੋਨੀ ਦੇ ਖੇਡਣ 'ਤੇ ਅੱਜ ਹੋਵੇਗਾ ਫੈਸਲਾ : ਫਲੇਮਿੰਗ
NEXT STORY