ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਮੰਗਲਵਾਰ 4 ਜੂਨ ਨੂੰ ਸਾਬਕਾ ਤੇਜ਼ ਗੇਂਦਬਾਜ਼ ਅਜੀਤ ਅਗਰਕਰ ਨੂੰ ਸੀਨੀਅਰ ਪੁਰਸ਼ ਚੋਣ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਇਸ ਦੇ ਨਾਲ ਅਗਰਕਰ ਦੀ ਕਿਸਮਤ ਵੀ ਚਮਕ ਗਈ। ਬੋਰਡ ਨੇ ਮੁੱਖ ਚੋਣਕਾਰ ਦੀ ਤਨਖਾਹ ਵਧਾਉਣ ਦਾ ਫ਼ੈਸਲਾ ਕੀਤਾ ਹੈ। ਇਸ ਨੂੰ ਉਨ੍ਹਾਂ ਦੀ ਪਿਛਲੀ ਰਕਮ ਨਾਲੋਂ ਤਿੰਨ ਗੁਣਾ ਵਧਾਇਆ ਗਿਆ ਹੈ।
ਅਜੀਤ ਅਗਰਕਰ ਨੇ ਚੇਤਨ ਸ਼ਰਮਾ ਦੀ ਥਾਂ ਲਈ ਹੈ, ਜਿਨ੍ਹਾਂ ਨੇ ਇੱਕ ਵਿਵਾਦਪੂਰਨ ਸਟਿੰਗ ਆਪ੍ਰੇਸ਼ਨ ਤੋਂ ਬਾਅਦ ਮੁੱਖ ਚੋਣਕਾਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਅਗਰਕਰ ਇਸ ਤੋਂ ਪਹਿਲਾਂ 2023 ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 'ਚ ਇੱਕ ਸਹਾਇਕ ਕੋਚ ਵਜੋਂ ਦਿੱਲੀ ਕੈਪੀਟਲਜ਼ (ਡੀਸੀ) ਨਾਲ ਜੁੜੇ ਹੋਏ ਸਨ। ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਫ੍ਰੈਂਚਾਇਜ਼ੀ ਨੇ ਰਿਲੀਜ਼ ਕਰ ਦਿੱਤਾ ਸੀ।
ਕ੍ਰਿਕਬਜ਼ ਦੀ ਇੱਕ ਰਿਪੋਰਟ ਦੇ ਅਨੁਸਾਰ, ਅਜੀਤ ਅਗਰਕਰ ਨੇ ਸ਼ੁਰੂਆਤ 'ਚ ਘੱਟ ਤਨਖਾਹ ਦੀ ਪੇਸ਼ਕਸ਼ ਦੇ ਕਾਰਨ ਮੁੱਖ ਚੋਣਕਾਰ ਦੀ ਭੂਮਿਕਾ ਨਿਭਾਉਣ ਤੋਂ ਝਿਜਕ ਦਿਖਾਈ, ਜੋ ਕਿ 1 ਕਰੋੜ ਰੁਪਏ ਸੀ। ਹਾਲਾਂਕਿ, ਬੀਸੀਸੀਆਈ ਨੇ ਪ੍ਰਦਾਨ ਦੇ ਅਹੁਦੇ ਲਈ ਤਨਖਾਹ ਵਧਾ ਕੇ 3 ਕਰੋੜ ਰੁਪਏ ਪ੍ਰਤੀ ਸਾਲ ਕਰਨ ਦਾ ਫ਼ੈਸਲਾ ਕੀਤਾ, ਜਿਸ ਨਾਲ ਅਗਰਕਰ ਨੂੰ ਆਪਣੇ ਫ਼ੈਸਲੇ 'ਤੇ ਮੁੜ ਵਿਚਾਰ ਕਰਨਾ ਪਿਆ।
ਰਿਪੋਰਟਾਂ 'ਚ ਦੱਸਿਆ ਗਿਆ ਹੈ ਕਿ ਬੋਰਡ ਨੇ ਬਾਕੀ ਚਾਰ ਚੋਣਕਾਰਾਂ ਲਈ ਤਨਖਾਹ ਵਾਧੇ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਹੈ, ਜੋ ਇਸ ਸਮੇਂ 90 ਲੱਖ ਰੁਪਏ ਸਾਲਾਨਾ ਕਮਾ ਰਹੇ ਹਨ। ਬੀਸੀਸੀਆਈ ਦੀ ਸਾਲਾਨਾ ਆਮ ਮੀਟਿੰਗ (ਏਜੀਐੱਮ) ਸਤੰਬਰ 'ਚ ਸੰਭਾਵਿਤ ਸੁਧਾਰਾਂ ਬਾਰੇ ਚਰਚਾ ਕਰਨ ਦੀ ਸੰਭਾਵਨਾ ਹੈ। ਨਵੇਂ ਚੇਅਰਮੈਨ ਦੇ ਤੌਰ 'ਤੇ 45 ਸਾਲਾ ਅਗਰਕਰ ਦਾ ਪਹਿਲਾ ਕੰਮ ਵੈਸਟਇੰਡੀਜ਼ ਦੇ ਖਿਲਾਫ ਕੈਰੇਬੀਅਨ ਅਤੇ ਅਮਰੀਕਾ 'ਚ ਖੇਡੀ ਜਾਣ ਵਾਲੀ ਪੰਜ ਮੈਚਾਂ ਦੀ ਟੀ-20 ਸੀਰੀਜ਼ ਲਈ ਟੀਮ ਦੀ ਚੋਣ ਕਰਨਾ ਹੈ। ਚੋਣ ਕਮੇਟੀ 'ਚ ਸ਼ਿਵ ਸੁੰਦਰ ਦਾਸ, ਸੁਬਰਤੋ ਬੈਨਰਜੀ, ਸ਼੍ਰੀਧਰਨ ਸ਼ਰਤ ਅਤੇ ਸਲਿਲ ਅੰਕੋਲਾ ਸ਼ਾਮਲ ਹਨ।
ਨਵੇਂ ਨਿਯੁਕਤ ਮੁੱਖ ਚੋਣਕਾਰ ਦਾ ਕ੍ਰਿਕਟ ਕਰੀਅਰ ਸ਼ਾਨਦਾਰ ਰਿਹਾ ਹੈ। ਉਨ੍ਹਾਂ ਨੇ 26 ਟੈਸਟ 191 ਵਨਡੇ ਅਤੇ ਚਾਰ ਟੀ-20 'ਚ ਭਾਰਤ ਦੀ ਨੁਮਾਇੰਦਗੀ ਕੀਤੀ। ਉਨ੍ਹਾਂ ਨੇ 50 ਓਵਰਾਂ ਦੇ ਫਾਰਮੈਟ 'ਚ 288 ਵਿਕਟਾਂ ਲਈਆਂ, ਜਿਸ ਨਾਲ ਉਹ ਇਸ ਫਾਰਮੈਟ 'ਚ ਭਾਰਤ ਲਈ ਤੀਜੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ।
PM ਮੋਦੀ ਨੇ ਸੈਫ ਫੁੱਟਬਾਲ ਚੈਂਪੀਅਨਸ਼ਿਪ ਖਿਤਾਬ ਜਿੱਤਣ 'ਤੇ ਭਾਰਤੀ ਟੀਮ ਨੂੰ ਦਿੱਤੀ ਵਧਾਈ
NEXT STORY