ਰਾਏਪੁਰ, (ਭਾਸ਼ਾ)- ਪਹਿਲੇ ਮੈਚ ’ਚ ਵੱਡੀ ਜਿੱਤ ਨਾਲ ਉਤਸ਼ਾਹ ਨਾਲ ਭਰੀ ਭਾਰਤੀ ਟੀਮ ਨਿਊਜ਼ੀਲੈਂਡ ਖ਼ਿਲਾਫ਼ ਸ਼ੁੱਕਰਵਾਰ ਨੂੰ ਇਥੇ ਹੋਣ ਵਾਲੇ ਦੂਜੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ ’ਚ ਆਪਣੀ ਜਿੱਤ ਦੀ ਲੈਅ ਬਰਕਰਾਰ ਰੱਖਣ ਲਈ ਮੈਦਾਨ ’ਚ ਉਤਰੇਗੀ। ਇਸ ਮੈਚ ’ਚ ਟਾਪ ਕ੍ਰਮ ’ਚ ਸੰਜੂ ਸੈਮਸਨ ਅਤੇ ਈਸ਼ਾਨ ਕਿਸ਼ਨ ਦੀ ਭੂਮਿਕਾ ’ਤੇ ਨਜ਼ਰਾਂ ਟਿਕੀਆਂ ਰਹਿਣਗੀਆਂ। ਹਾਲਾਂਕਿ, ਦੂਜੇ ਟੀ-20 ਮੈਚ ਤੋਂ ਪਹਿਲਾਂ ਦਿੱਲੀ-ਐਨਸੀਆਰ ਵਿੱਚ ਮੌਸਮ ਬਦਲ ਗਿਆ ਹੈ। 23 ਜਨਵਰੀ ਦੀ ਸਵੇਰ ਤੋਂ ਹੀ ਦਿੱਲੀ ਅਤੇ ਐਨਸੀਆਰ ਖੇਤਰ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਅਤੇ ਦਿਨ ਭਰ ਭਾਰੀ ਮੀਂਹ ਪੈਣ ਦੀ ਉਮੀਦ ਹੈ। ਪ੍ਰਸ਼ੰਸਕ ਹੁਣ ਸੋਚ ਰਹੇ ਹਨ ਕਿ ਕੀ ਰਾਏਪੁਰ ਵਿੱਚ ਵੀ ਮੀਂਹ ਮੈਚ ਵਿੱਚ ਵਿਘਨ ਪਾਵੇਗਾ। ਜ਼ਿਕਰਯੋਗ ਹੈ ਕਿ ਭਾਰਤ ਨੇ ਨਾਗਪੁਰ ’ਚ ਖੇਡੇ ਗਏ ਪਹਿਲੇ ਟੀ-20 ਮੈਚ ’ਚ 48 ਦੌੜਾਂ ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ। ਉਸ ਮੈਚ ’ਚ ਸੈਮਸਨ ਅਤੇ ਕਿਸ਼ਨ ਬੱਲੇ ਨਾਲ ਕੋਈ ਕਮਾਲ ਨਹੀਂ ਦਿਖਾ ਸਕੇ ਸਨ।
ਸੈਮਸਨ ਹਾਲ ਹੀ ’ਚ ਪਲੇਇੰਗ ਇਲੈਵਨ ਤੋਂ ਅੰਦਰ-ਬਾਹਰ ਹੁੰਦਾ ਰਿਹਾ ਪਰ ਹੁਣ ਅਗਲੇ ਮਹੀਨੇ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਉਸ ਨੂੰ ਯਕੀਨੀ ਤੌਰ ’ਤੇ ਲੰਬਾ ਮੌਕਾ ਮਿਲੇਗਾ। ਪਹਿਲੇ ਮੈਚ ’ਚ ਆਪਣੀ ਵਿਕਟ ਜਲਦੀ ਗੁਆਉਣ ਵਾਲਾ ਸੈਮਸਨ ਇਸ ਵਾਰ ਆਪਣੇ ਵੱਖ-ਵੱਖ ਸ਼ਾਰਟਾਂ ਦਾ ਸ਼ਾਨਦਾਰ ਨਮੂਨਾ ਪੇਸ਼ ਕਰਨ ਲਈ ਵਚਨਬੱਧ ਹੋਵੇਗਾ, ਜਿਸ ਦੇ ਦਮ ’ਤੇ ਉਸ ਨੇ ਇਸ ਫਾਰਮੈੱਟ ’ਚ 3 ਸੈਂਕੜੇ ਬਣਾਏ ਹਨ।
ਇਕ ਹੋਰ ਬੱਲੇਬਾਜ਼, ਜਿਸ ਨੂੰ ਟੀਮ ਮੈਨੇਜਮੈਂਟ ਦੇ ਭਰੋਸੇ ਨੂੰ ਸਹੀ ਸਾਬਤ ਕਰਨ ਦੀ ਲੋੜ ਹੈ, ਉਹ ਹੈ ਕਿਸ਼ਨ। ਉਸ ਨੂੰ ਵਿਸ਼ਵ ਕੱਪ ਟੀਮ ’ਚ ਸ਼ਾਮਿਲ ਕੀਤਾ ਗਿਆ ਹੈ ਅਤੇ ਨਾਗਪੁਰ ’ਚ ਸ਼੍ਰੇਅਸ ਅਈਅਰ ਦੀ ਜਗ੍ਹਾ ਤਰਜ਼ੀਹ ਦਿੱਤੀ ਗਈ ਸੀ। ਕਵਰ ’ਤੇ ਕੈਚ ਆਊਟ ਹੋਣ ਤੋਂ ਪਹਿਲਾਂ ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਆਪਣੇ ਛੋਟੀ ਜਿਹੀ ਪਾਰੀ ’ਚ ਚੰਗਾ ਪ੍ਰਦਰਸ਼ਨ ਕੀਤਾ।
ਭਾਰਤ ਦੇ ਜ਼ਿਆਦਾਤਰ ਖਿਡਾਰੀ ਸ਼ੁਰੂ ਤੋਂ ਹੀ ਹਮਲਾਵਰ ਰਵੱਈਆ ਅਪਣਾਉਂਦੇ ਹਨ ਅਤੇ ਕਿਸ਼ਨ ਵੀ ਇਸੇ ਅੰਦਾਜ਼ ਨੂੰ ਜਾਰੀ ਰੱਖੇਗਾ। ਕਪਤਾਨ ਸੂਰਿਆਕੁਮਾਰ ਯਾਦਵ ਦੀ ਫਾਰਮ ’ਤੇ ਵੀ ਸਭ ਦੀ ਨਜ਼ਰ ਸੀ, ਭਾਵੇਂ ਉਹ ਵੱਡੀ ਪਾਰੀ ਨਹੀਂ ਖੇਡ ਸਕਿਆ ਪਰ 22 ਗੇਂਦਾਂ ’ਚ 32 ਦੌੜਾਂ ਨੇ ਉਸ ਦੇ ਆਤਮ-ਵਿਸ਼ਵਾਸ ਨੂੰ ਜ਼ਰੂਰ ਵਧਾਇਆ ਹੋਵੇਗਾ।
ਭਾਰਤ ਮੌਜੂਦਾ ਚੈਂਪੀਅਨ ਵਜੋਂ ਵਿਸ਼ਵ ਕੱਪ ’ਚ ਉਤਰ ਰਿਹਾ ਹੈ। ਜੇਕਰ ਭਾਰਤ ਨੇ ਖਿਤਾਬ ਦਾ ਬਚਾ ਕਰਨਾ ਹੈ ਤਾਂ ਅਭਿਸ਼ੇਕ ਸ਼ਰਮਾ ਨੂੰ ਆਪਣੀ ਹਮਲਾਵਰ ਬੱਲੇਬਾਜ਼ੀ ਜਾਰੀ ਰੱਖਣੀ ਹੋਵੇਗੀ। ਹੇਠਲੇ ਕ੍ਰਮ ’ਚ ਰਿੰਕੂ ਸਿੰਘ ਦੀ ਵਾਪਸੀ ਭਾਰਤ ਲਈ ਵੱਡਾ ਪੱਖ ਹੈ। ਗੇਂਦਬਾਜ਼ੀ ’ਚ ਅਰਸ਼ਦੀਪ ਸਿੰਘ, ਹਾਰਦਿਕ ਪੰਡਿਆ ਅਤੇ ਜਸਪ੍ਰੀਤ ਬੁਮਰਾਹ ਦੀ ਮੌਜੂਦਗੀ ਨਾਲ ਟੀਮ ਕਾਫ਼ੀ ਸੰਤੁਲਿਤ ਨਜ਼ਰ ਆ ਰਹੀ ਹੈ।
ਕੁਲਦੀਪ ਯਾਦਵ ਦੀ ਗੈਰ-ਮੌਜੂਦਗੀ ’ਚ ਵੀ ਗੇਂਦਬਾਜ਼ੀ ਵਿਭਾਗ ਕਾਫੀ ਸੰਤੁਲਿਤ ਨਜ਼ਰ ਆਉਂਦਾ ਹੈ। ਜੇਕਰ ਅਰਸ਼ਦੀਪ ਸਿੰਘ ਅਤੇ ਹਾਰਦਿਕ ਪੰਡਯਾ ਪਾਵਰਪਲੇਅ ’ਚ ਵਿਕਟ ਲੈਂਦੇ ਰਹਿੰਦੇ ਹਨ ਤਾਂ ਜਸਪ੍ਰੀਤ ਬੁਮਰਾਹ ਨੂੰ ਪਾਵਰਪਲੇਅ ਤੋਂ ਬਾਅਦ 3 ਓਵਰਾਂ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ, ਜਿਸ ਨਾਲ ਟੀਮ ਨੂੰ ਵਿਚਾਲੇ ਦੇ ਓਵਰਾਂ ’ਚ ਵਾਧੂ ਬਦਲ ਮਿਲ ਜਾਵੇਗਾ।
ਨਿਊਜ਼ੀਲੈਂਡ ਜਾਣਦਾ ਹੈ ਕਿ ਗੇਂਦਬਾਜ਼ੀ ਦੇ ਮੋਰਚੇ ’ਤੇ ਉਸ ਦਾ ਪ੍ਰਦਰਸ਼ਨ ਉਮੀਦ ਮੁਤਾਬਕ ਨਹੀਂ ਸੀ ਪਰ ਉਸ ਦੀ ਟੀਮ ਜਲਦੀ ਹੀ ਸੰਭਲ ਜਾਂਦੀ ਹੈ ਅਤੇ ਇਸ ਲਈ ਉਹ ਵਾਪਸੀ ਕਰਨ ਲਈ ਬੇਤਾਬ ਹੋਵੇਗਾ। ਉਹ ਡੇਵੋਨ ਕੌਨਵੇ ਦੇ ਆਊਟ ਹੋਣ ਦੇ ਤਰੀਕੇ ਨੂੰ ਲੈ ਕੇ ਥੋੜਾ ਚਿੰਤਤ ਹੋਣਗੇ, ਜਿਸ ’ਚ ਬਾਹਰ ਜਾਂਦੀਅਾਂ ਗੇਂਦਾਂ ’ਤੇ ਸਲਿੱਪ ਕਾਰਡਨ ’ਚ ਕੈਚ ਆਊਟ ਹੋ ਜਾਂਦਾ ਹੈ।
ਮੌਸਮ ਦੀ ਤਾਜ਼ਾ ਸਥਿਤੀ
ਜਿੱਥੇ ਦਿੱਲੀ-ਐਨਸੀਆਰ ਦੇ ਇਲਾਕਿਆਂ ਵਿੱਚ ਅੱਜ ਸਵੇਰ ਤੋਂ ਭਾਰੀ ਬਾਰਿਸ਼ ਹੋ ਰਹੀ ਹੈ, ਉੱਥੇ ਹੀ ਰਾਏਪੁਰ ਦੇ ਪ੍ਰਸ਼ੰਸਕਾਂ ਲਈ ਚੰਗੀ ਖ਼ਬਰ ਹੈ। ਮੌਸਮ ਵਿਭਾਗ ਅਨੁਸਾਰ ਰਾਏਪੁਰ ਵਿੱਚ ਮੌਸਮ ਸਾਫ਼ ਰਹਿਣ ਵਾਲਾ ਹੈ ਤੇ ਬਾਰਿਸ਼ ਹੋਣ ਦੀ ਸੰਭਾਵਨਾ ਨਾ ਦੇ ਬਰਾਬਰ ਹੈ, ਜਿਸ ਕਾਰਨ ਮੈਚ ਬਿਨਾਂ ਕਿਸੇ ਰੁਕਾਵਟ ਦੇ ਪੂਰੇ 40 ਓਵਰਾਂ ਦਾ ਹੋਣ ਦੀ ਉਮੀਦ ਹੈ।
ਸੰਤੁਲਿਤ ਗੇਂਦਬਾਜ਼ੀ ਤੇ ਪਿੱਚ ਦਾ ਮਿਜਾਜ਼
ਭਾਰਤ ਦਾ ਗੇਂਦਬਾਜ਼ੀ ਵਿਭਾਗ ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ ਅਤੇ ਹਾਰਦਿਕ ਪੰਡਿਆ ਦੀ ਮੌਜੂਦਗੀ ਨਾਲ ਕਾਫ਼ੀ ਸੰਤੁਲਿਤ ਨਜ਼ਰ ਆ ਰਿਹਾ ਹੈ। ਰਾਏਪੁਰ ਦੀ ਪਿੱਚ ਆਮ ਤੌਰ 'ਤੇ ਸਪਾਟ ਹੁੰਦੀ ਹੈ ਅਤੇ ਬੱਲੇਬਾਜ਼ਾਂ ਲਈ ਅਨੁਕੂਲ ਮੰਨੀ ਜਾਂਦੀ ਹੈ, ਜਿੱਥੇ ਹਾਈ-ਸਕੋਰਿੰਗ ਮੈਚ ਦੇਖਣ ਨੂੰ ਮਿਲ ਸਕਦੇ ਹਨ। ਹਾਲਾਂਕਿ, ਮੈਦਾਨ ਦੀਆਂ ਬਾਊਂਡਰੀਆਂ ਵੱਡੀਆਂ ਹੋਣ ਕਾਰਨ ਵਿਚਕਾਰਲੇ ਓਵਰਾਂ ਵਿੱਚ ਸਪਿਨਰਾਂ ਨੂੰ ਫਾਇਦਾ ਹੋ ਸਕਦਾ ਹੈ।
ਟੀਮਾਂ ਇਸ ਪ੍ਰਕਾਰ ਹਨ:
ਭਾਰਤ : ਸੂਰਿਆਕੁਮਾਰ ਯਾਦਵ (ਕਪਤਾਨ), ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਈਸ਼ਾਨ ਕਿਸ਼ਨ, ਸ਼੍ਰੇਅਸ ਅਈਅਰ, ਹਾਰਦਿਕ ਪੰਡਿਆ, ਸ਼ਿਵਮ ਦੂਬੇ, ਅਕਸ਼ਰ ਪਟੇਲ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਵਰੁਣ ਚੱਕਰਵਰਤੀ, ਰਿੰਕੂ ਸਿੰਘ, ਅਰਸ਼ਦੀਪ ਸਿੰਘ, ਰਵੀ ਬਿਸ਼ਨੋਈ, ਹਰਸ਼ਿਤ ਰਾਣਾ।
ਨਿਊਜ਼ੀਲੈਂਡ : ਮਿਚੇਲ ਸੇਂਟਨਰ (ਕਪਤਾਨ), ਡੇਵੋਨ ਕੌਨਵੇ, ਬੇਵਨ ਜੈਕਬਸ, ਡੈਰਿਲ ਮਿਸ਼ੇਲ, ਗਲੇਨ ਫਿਲਿਪਸ, ਟਿਮ ਰੌਬਿਨਸਨ, ਜਿੰਮੀ ਨੀਸ਼ਮ, ਈਸ਼ ਸੋਢੀ, ਜੈਕ ਫਾਊਲਸ, ਮਾਰਕ ਚੈਪਮੈਨ, ਮਾਈਕਲ ਬ੍ਰੇਸਵੈਲ, ਰਚਿਨ ਰਵਿੰਦਰਾ, ਕਾਇਲ ਜੈਮੀਸਨ, ਮੈਟ ਹੈਨਰੀ, ਜੈਕਬ ਡਫੀ।
ਫਸ ਗਏ ਕ੍ਰਿਕਟਰ ਇਰਫਾਨ ਪਠਾਨ ! ਪਾਕਿ ਖਿਡਾਰੀਆਂ ਨਾਲ ਪਾਈ ਜੱਫੀ, ਵੱਧ ਗਿਆ ਵਿਵਾਦ
NEXT STORY