ਸਪੋਰਟਸ ਡੈਸਕ— ਮਸ਼ਹੂਰ ਦੌੜਾਕ ਪੀ. ਟੀ. ਊਸ਼ਾ ਦੇ ਕੋਚ ਓ. ਐੱਮ. ਨਾਂਬੀਆਰ ਦਾ ਦਿਹਾਂਤ ਹੋ ਗਿਆ। ਉਹ 89 ਸਾਲਾਂ ਦੇ ਸਨ। ਭਾਰਤੀ ਐਥਲੈਟਿਕਸ ਸੰਘ ਨੇ ਨਾਂਬੀਆਰ ਦੇ ਦਿਹਾਂਤ ’ਤੇ ਸੋਗ ਪ੍ਰਗਟਾਇਆ ਹੈ। ਨਾਂਬੀਆਰ ਨੂੰ 80 ਤੇ 90 ਦੇ ਦਹਾਕੇ ’ਚ ਲੀਜੈਂਡ ਐਥਲੀਟ ਪੀ. ਟੀ. ਊਸ਼ਾ ਨੂੰ ਟ੍ਰੇਨਿੰਗ ਦੇਣ ਦਾ ਸਿਹਰਾ ਜਾਂਦਾ ਹੈ। ਉਨ੍ਹਾਂ ਨੂੰ 1985 ’ਚ ਵੱਕਾਰੀ ਦ੍ਰੋਣਾਚਾਰਿਆ ਪੁਰਸਕਾਰ ਤੇ ਇਸੇ ਸਾਲ ਦੇ ਸ਼ੁਰੂ ’ਚ ਪਦਮਸ਼੍ਰੀ ਸਨਮਾਨ ਦਿੱਤਾ ਗਿਆ ਸੀ।
ਭਾਰਤੀ ਐਥਲੈਟਿਕਸ ਸੰਘ ਦੇ ਪ੍ਰਧਾਨ ਆਦਿਲ ਜੇ. ਸੁਮਰੀਵਾਲਾ ਨੇ ਕੀਨੀਆ ਦੇ ਨੈਰੋਬੀ ਤੋਂ ਨਾਂਬੀਆਰ ਦੇ ਦਿਹਾਂਤ ’ਤੇ ਸੋਗ ਪ੍ਰਗਟਾਉਂਦੇ ਹੋਏ ਕਿਹਾ, ‘‘ਨਾਂਬੀਆਰ ਸਰ ਦਾ ਭਾਰਤੀ ਐਥਲੈਟਿਕਸ ’ਚ ਯੋਗਦਾਨ ਕਦੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਨੇ ਪੀ. ਟੀ. ਊਸ਼ਾ ਜਿਹੀ ਐਥਲੀਟ ਨੂੰ ਤਿਆਰ ਕੀਤਾ। ਉਹ ਉਸ ਸਮੇਂ ਪੀ. ਟੀ. ਊਸ਼ਾ ਦੇ ਕੋਚ ਸਨ ਜਦੋਂ ਉਨ੍ਹਾਂ ਨੇ 1984 ਦੇ ਲਾਸ ਏਂਜਲਸ ’ਚ 400 ਮੀਟਰ ਅੜਿੱਕਾ ਦੌੜ ’ਚ ਚੌਥਾ ਸਥਾਨ ਹਾਸਲ ਕੀਤਾ ਸੀ ਤੇ ਉਸ ਤੋਂ ਬਾਅਦ ਏਸ਼ੀਆਈ ਐਥਲੈਟਿਕਸ ’ਚ ਆਪਣਾ ਦਬਦਬਾ ਬਣਾਇਆ ਸੀ। ਐਥਲੈਟਿਕਸ ਫ਼ਿਰਕੇ ਵੱਲੋਂ ਮੈਂ ਉਨ੍ਹਾਂ ਦੇ ਪਰਿਵਾਰ ਪ੍ਰਤੀ ਡੁੂੰੰਘੀ ਹਮਦਰਦੀ ਪ੍ਰਗਟ ਕਰਦਾ ਹਾਂ।’’
ਨਾਂਬੀਆਰ ਨੇ 1955 ਤੋਂ 1970 ਵਿਚਾਲੇ ਹਵਾਈ ਫ਼ੌਜ ’ਚ ਕੰਮ ਕੀਤਾ ਸੀ। ਉਦੋਂ ਉਹ ਸਰਵਿਸੇਜ਼ ਦੀ ਨੁਮਾਇੰਦਗੀ ਕਰਦੇ ਸਨ। ਉਨ੍ਹਾਂ ਨੇ ਨੇਤਾਜੀ ਸੁਭਾਸ਼ ਇੰਸਟੀਚਿਊਟ ਆਫ਼ ਸਪੋਰਟਸ ਤੋਂ ਕੋਚਿੰਗ ਡਿਪਲੋਮਾ ਪੂਰਾ ਕੀਤਾ ਸੀ ਤੇ ਕੁਝ ਸਮੇਂ ਲਈ ਸਰਵਿਸਿਜ਼ ਦੇ ਐਥਲੀਟਾਂ ਟ੍ਰੇਨਿੰਗ ਦਿੱਤੀ ਸੀ। ਬਾਅਦ ’ਚ ਉਹ ਕੇਰਲਾ ਖੇਡ ਪਰਿਸ਼ਦ ਦੇ ਕੋਚ ਦੇ ਤੌਰ ਤੇ ਜੁੜੇ ਜਿੱਥੇ ਉਨ੍ਹਾਂ ਨੇ ਤਿਰੁਅਨੰਤਪੁਰਮ ’ਚ ਪੀ. ਟੀ. ਊਸ਼ਾ ਨੂੰ ਇਕ ਚੋਣ ਟ੍ਰਾਇਲ ’ਚ ਲੱਭਿਆ।
IPL 2021 ਤੋਂ ਪਹਿਲਾਂ ‘ਕਲੀਨ ਬੋਲਡ’ ਹੋਇਆ SRH ਦਾ ਇਹ ਕ੍ਰਿਕਟਰ, ਗਰਲਫ੍ਰੈਂਡ ਨਾਲ ਕੀਤਾ ਵਿਆਹ
NEXT STORY