ਸਪੋਰਟਸ ਡੈਸਕ- ਆਈ.ਪੀ.ਐੱਲ. ਦੇ ਮੌਜੂਦਾ ਸੀਜ਼ਨ 'ਚ 5 ਵਾਰ ਦੀ ਚੈਂਪੀਅਨ ਰਹਿ ਚੁੱਕੀ ਚੇਨਈ ਸੁਪਰ ਕਿੰਗਜ਼ ਦਾ ਹਾਲ ਕੁਝ ਚੰਗਾ ਨਹੀਂ ਹੈ। ਸੀਜ਼ਨ ਦੇ ਆਪਣੇ ਪਹਿਲੇ ਮੁਕਾਬਲੇ 'ਚ ਮੁੰਬਈ ਇੰਡੀਅਨਜ਼ ਨੂੰ ਹਰਾਉਣ ਤੋਂ ਬਾਅਦ ਟੀਮ ਨੂੰ ਲਗਾਤਾਰ 4 ਮੁਕਾਬਲਿਆਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਹਾਰ ਦੇ ਸਿਲਸਿਲੇ ਨੂੰ ਤੋੜਨ ਦੇ ਇਰਾਦੇ ਨਾਲ ਚੇਨਈ ਦੀ ਟੀਮ ਅੱਜ ਕੋਲਕਾਤਾ ਦਾ ਸਾਹਮਣਾ ਕਰਨ ਲਈ ਚੇਪਾਕ ਮੈਦਾਨ 'ਤੇ ਉਤਰੇਗੀ।

ਚੇਨਈ ਦੀ ਟੀਮ ਨੂੰ ਅਜੇ ਤੱਕ 5 ਮੈਚਾਂ ’ਚੋਂ 4 ’ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਲਈ ਇਹ ਮੈਚ ਉਸ ਦੇ ਲਈ ਬੇਹੱਦ ਮਹੱਤਵਪੂਰਨ ਬਣ ਗਿਆ ਹੈ। ਉਸ ਨੂੰ ਆਪਣੇ ਪਿਛਲੇ ਮੈਚ ’ਚ ਪੰਜਾਬ ਕਿੰਗਜ਼ ਕੋਲੋਂ 18 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਚੇਨਈ ਦੀ ਟੀਮ ਹੁਣ ਕਿਸਮਤ ਬਦਲਣ ਦੇ ਉਦੇਸ਼ ਨਾਲ ਆਪਣੇ ਘਰੇਲੂ ਮੈਦਾਨ ’ਤੇ ਖੇਡਣ ਲਈ ਉਤਰੇਗੀ। ਉਸ ਨੂੰ ਹਾਲਾਂਕਿ ਅਜੇ ਤੱਕ ਇਥੋਂ ਦੀ ਵਿਕਟ ਤੋਂ ਓਨੀ ਮਦਦ ਨਹੀਂ ਮਿਲੀ ਹੈ, ਜਿੰਨੀ ਪਹਿਲਾਂ ਮਿਲੀ ਸੀ। ਰਾਇਲ ਚੈਲੰਜ਼ਰਸ ਬੈਂਗਲੁਰੂ ਖਿਲਾਫ ਵੱਡੀ ਹਾਰ ਤੋਂ ਬਾਅਦ ਚੇਨਈ ਦੇ ਮੁੱਖ ਕੋਚ ਸਟੀਫਨ ਫਲੇਮਿੰਗ ਨੇ ਪਿੱਚ ਨੂੰ ਲੈ ਕੇ ਆਪਣੀ ਨਾਰਾਜ਼ਗੀ ਖੁੱਲ੍ਹ ਕੇ ਜ਼ਾਹਿਰ ਕੀਤੀ ਸੀ।
ਚੇਨਈ ਦੀਆਂ ਪਿਛਲੀਆਂ ਸਫਲਤਾਵਾਂ ’ਚ ਉਸ ਦੇ ਘਰੇਲੂ ਮੈਦਾਨ ’ਤੇ ਚੰਗੇ ਪ੍ਰਦਰਸ਼ਨ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ ਪਰ ਹੁਣ ਇਥੋਂ ਦੀਆਂ ਪਿੱਚਾਂ ਕਾਫੀ ਬਦਲ ਗਈਆਂ ਹਨ ਅਤੇ ਉਸ ਦੇ ਖਿਡਾਰੀ ਇਸ ਨਾਲ ਤਾਲਮੇਲ ਨਹੀਂ ਬਿਠਾ ਪਾ ਰਹੇ ਹਨ। ਚੇਨਈ ਨੇ ਜੇਕਰ ਆਪਣੇ ਅਭਿਆਨ ਨੂੰ ਪਟੜੀ ’ਤੇ ਲੈ ਕੇ ਆਉਣਾ ਹੈ ਤਾਂ ਉਸ ਦੇ ਖਿਡਾਰੀਆਂ ਨੂੰ ਜਲਦ ਹੀ ਇਥੋਂ ਦੇ ਹਾਲਾਤਾਂ ਨਾਲ ਤਾਲਮੇਲ ਬਿਠਾਉਣਾ ਹੋਵੇਗਾ। ਇਹੀ ਨਹੀਂ, ਉਸ ਦੇ ਸਪਿਨ ਗੇਂਦਬਾਜ਼ਾਂ ਨੂੰ ਸਫਲਤਾ ਹਾਸਲ ਕਰਨ ਦਾ ਤਰੀਕਾ ਲੱਭਣਾ ਹੋਵੇਗਾ।

ਸਾਰਿਆਂ ਦੀਆਂ ਨਜ਼ਰਾਂ ਇਕ ਵਾਰ ਫਿਰ ਤੋਂ ਮਹਿੰਦਰ ਸਿੰਘ ਧੋਨੀ ’ਤੇ ਟਿਕੀਆਂ ਰਹਿਣਗੀਆਂ। ਉਸ ਨੇ ਪੰਜਾਬ ਕਿੰਗਜ਼ ਖਿਲਾਫ ਪਿਛਲੇ ਮੈਚ ’ਚ 12 ਗੇਂਦਾਂ ’ਚ 27 ਦੌੜਾਂ ਬਣਾਈਆਂ ਸਨ, ਜਿਸ ’ਚ 3 ਛੱਕੇ ਅਤੇ 1 ਚੌਕਾ ਸ਼ਾਮਿਲ ਹੈ। ਚੇਨਈ ਦੀ ਟੀਮ ਲਈ ਚੰਗੀ ਗੱਲ ਇਹ ਹੈ ਕਿ ਡੇਵੋਨ ਕਾਨਵੇ, ਰਚਿਨ ਰਵਿੰਦਰਾ ਅਤੇ ਸ਼ਿਵਮ ਦੁਬੇ ਵਰਗੇ ਬੱਲੇਬਾਜ਼ਾਂ ਨੇ ਲੈਅ ਹਾਸਲ ਕਰ ਦੇ ਸੰਕੇਤ ਦਿੱਤੇ ਹਨ ਪਰ ਟੀਮ ਲਈ ਬੁਰੀ ਖ਼ਬਰ ਇਹ ਵੀ ਹੈ ਕਿ ਟੀਮ ਦੇ ਕਪਤਾਨ ਰੁਤੁਰਾਜ ਗਾਇਕਵਾੜ ਜ਼ਖ਼ਮੀ ਹੋ ਕੇ ਟੂਰਨਾਮੈਂਟ ਤੋਂ ਹੀ ਬਾਹਰ ਹੋ ਗਏ ਹਨ ਤੇ ਹੁਣ ਟੀਮ ਦੀ ਕਮਾਨ ਇਕ ਵਾਰ ਫ਼ਿਰ ਤੋਂ ਮਹਿੰਦਰ ਸਿੰਘ ਧੋਨੀ ਦੇ ਹੱਥ ਹੋਵੇਗੀ।

ਚੇਨਈ ਦੀ ਗੇਂਦਬਾਜ਼ੀ ’ਚ ਖਲੀਲ ਅਹਿਮਦ, ਮੁਕੇਸ਼ ਚੌਧਰੀ ਅਤੇ ਮਥੀਸ਼ਾ ਪਰਿਥਾਨਾ ਤੇਜ਼ ਗੇਂਦਬਾਜ਼ੀ ਵਿਭਾਗ ਸੰਭਾਲਣਗੇ, ਜਦਕਿ ਰਵਿੰਚਦਰਨ ਅਸ਼ਵਿਨ, ਰਵਿੰਦਰ ਜਡੇਜਾ ਅਤੇ ਨੂਰ ਅਹਿਮਦ ’ਤੇ ਸਪਿਨ ਦੀ ਜ਼ਿੰਮੇਵਾਰੀ ਹੋਵੇਗੀ।
ਜਿੱਥੋਂ ਤੱਕ ਨਾਈਟ ਰਾਈਡਰਸ ਦਾ ਸਵਾਲ ਹੈ, ਉਹ 3 ਦਿਨ ਪਹਿਲਾਂ ਲਖਨਊ ਸੁਪਰ ਜਾਇੰਟਸ ਖਿਲਾਫ ਮਿਲੀ ਨੇੜਲੀ ਹਾਰ ਤੋਂ ਉਭਰਨ ਅਤੇ ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ, ਜਿੱਤ ਦੀ ਰਾਹ ’ਤੇ ਪਰਤਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਦੇ ਗੇਂਦਬਾਜ਼ਾਂ ਨੂੰ ਈਡਨ ਗਾਰਡਨਸ ’ਚ ਲਖਨਊ ਦੇ ਬੱਲੇਬਾਜ਼ਾਂ ਦੀ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਨੂੰ ਇਥੇ ਆਪਣੇ ਪ੍ਰਦਰਸ਼ਨ ’ਚ ਸੁਧਾਰ ਕਰਨਾ ਪਵੇਗਾ।

ਬੱਲੇਬਾਜ਼ੀ ’ਚ ਨਾਈਟ ਰਾਈਡਰਸ ਦਾ ਦਾਰੋਮਦਾਰ ਫਿਰ ਤੋਂ ਕੁਇੰਟਨ ਡੀ-ਕਾਕ, ਸੁਨੀਲ ਨਾਰਾਇਣ, ਕਪਤਾਨ ਅਜਿੰਕਯਾ ਰਹਾਨੇ, ਅੰਗਕ੍ਰਿਸ਼ ਰਘੁਵੰਸ਼ੀ, ਆਂਦਰੇ ਰਸੇਲ ਅਤੇ ਰਿੰਕੂ ਸਿੰਘ ਵਰਗੇ ਖਿਡਾਰੀਆਂ ’ਤੇ ਰਹੇਗਾ। ਜੇਕਰ ਅੰਕ ਸੂਚੀ ’ਚ ਮੌਜੂਦਾ ਸਥਿਤੀ ਦਾ ਜ਼ਿਕਰ ਕਰੀਏ ਤਾਂ ਚੇਨਈ 4 ਹਾਰ ਅਤੇ 1 ਜਿੱਤ ਤੋਂ ਬਾਅਦ 9ਵੇਂ ਸਥਾਨ ’ਤੇ, ਜਦਕਿ ਕੇ.ਕੇ.ਆਰ. 5 ਮੈਚਾਂ ’ਚ 2 ਜਿੱਤ ਅਤੇ 3 ਹਾਰ ਨਾਲ ਛੇਵੇਂ ਸਥਾਨ ’ਤੇ ਹੈ।
ਇਹ ਵੀ ਪੜ੍ਹੋ- ਯਾਤਰੀ ਕਿਰਪਾ ਕਰ ਕੇ ਧਿਆਨ ਦੇਣ ! ਰੇਲਵੇ ਨੇ ਸੈਂਕੜੇ ਟਰੇਨਾਂ ਕੀਤੀਆਂ ਰੱਦ, ਝੱਲਣੀ ਪਵੇਗੀ ਭਾਰੀ ਪਰੇਸ਼ਾਨੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪ੍ਰਿਯਾਂਸ਼ ਆਰੀਆ ਨੇ ਕਹੀ ਦਿਲ ਦੀ ਗੱਲ, ਪ੍ਰੀਤੀ ਜ਼ਿੰਟਾ ਸ਼ਰਮ ਨਾਲ ਹੋਈ ਲਾਲ
NEXT STORY