ਲੰਡਨ- ਓਪਨਰ ਇਮਾਮ-ਉਲ-ਹੱਕ (100) ਦੇ ਸ਼ਾਨਦਾਰ ਸੈਂਕੜੇ ਨਾਲ ਪਾਕਿਸਤਾਨ ਨੇ ਬੰਗਲਾਦੇਸ਼ ਵਿਰੁੱਧ ਆਪਣੇ ਆਖਰੀ ਲੀਗ ਮੈਚ ਵਿਚ 94 ਦੌੜਾਂ ਨਾਲ ਜਿੱਤ ਹਾਸਲ ਕੀਤੀ ਪਰ ਇਸ ਜਿੱਤ ਦੇ ਬਾਵਜੂਦ ਉਸ ਨੂੰ ਨੈੱਟ ਰਨ ਰੇਟ ਵਿਚ ਨਿਊਜ਼ੀਲੈਂਡ ਤੋਂ ਪਿੱਛੜ ਕੇ ਆਈ. ਸੀ. ਸੀ. ਵਿਸ਼ਵ ਕੱਪ 'ਚੋਂ ਬਾਹਰ ਹੋਣਾ ਪਿਆ। ਪਾਕਿਸਤਾਨ ਨੇ 9 ਵਿਕਟਾਂ 'ਤੇ 315 ਦੌੜਾਂ ਬਣਾਈਆਂ, ਜਦਕਿ ਬੰਗਲਾਦੇਸ਼ ਦੀ ਟੀਮ 44.1 ਓਵਰਾਂ ਵਿਚ 221 ਦੌੜਾਂ ਹੀ ਬਣਾ ਸਕੀ। ਪਾਕਿਸਤਾਨ ਨੇ 315 ਦੌੜਾਂ ਬਣਾਉਣ ਤੋਂ ਬਾਅਦ ਜੇਕਰ ਸੈਮੀਫਾਈਨਲ ਲਈ ਕੁਆਲੀਫਾਈ ਕਰਨਾ ਸੀ ਤਾਂ ਉਸ ਨੂੰ ਬੰਗਲਾਦੇਸ਼ ਨੂੰ 7 ਦੌੜਾਂ ਜਾਂ ਉਸ ਤੋਂ ਘੱਟ ਦੇ ਸਕੋਰ 'ਤੇ ਆਊਟ ਕਰਨਾ ਪੈਣਾ ਸੀ ਪਰ ਬੰਗਲਾਦੇਸ਼ ਦੀਆਂ ਦੋ ਓਵਰਾਂ ਵਿਚ 8 ਦੌੜਾਂ ਬਣਾਉਣ ਦੇ ਨਾਲ ਹੀ ਪਾਕਿਸਤਾਨ ਅਧਿਕਾਰਤ ਤੌਰ 'ਤੇ ਵਿਸ਼ਵ ਕੱਪ 'ਚੋਂ ਬਾਹਰ ਹੋ ਗਿਆ। ਪਾਕਿਸਤਾਨ ਨੇ ਇਸ ਤੋਂ ਬਾਅਦ ਸਨਮਾਨ ਭਰੀ ਜਿੱਤ ਹਾਸਲ ਕਰਨ ਦੀ ਰਸਮ ਪੂਰੀ ਕੀਤੀ। ਪਾਕਿਸਤਾਨ ਦੀ 8 ਮੈਚਾਂ ਵਿਚੋਂ ਇਹ 5ਵੀਂ ਜਿੱਤ ਰਹੀ ਤੇ ਉਸ ਨੇ 11 ਅੰਕਾਂ ਨਾਲ ਆਪਣੀ ਮੁਹਿੰਮ ਖਤਮ ਕੀਤੀ। ਉਸਦੇ ਨਿਊਜ਼ੀਲੈਂਡ ਦੇ ਬਰਾਬਰ 11 ਅੰਕ ਰਹੇ ਪਰ ਨਿਊਜ਼ੀਲੈਂਡ ਦੀ ਨੈੱਟ ਰਨ ਰੇਟ ਪਲੱਸ ਤੇ ਪਾਕਿਸਤਾਨ ਦੀ ਮਾਈਨਸ ਵਿਚ ਰਹੀ। ਬੰਗਲਾਦੇਸ਼ ਦੀ 9 ਮੈਚਾਂ ਵਿਚੋਂ ਇਹ 5ਵੀਂ ਹਾਰ ਰਹੀ ਤੇ ਉਸ ਨੇ 7 ਅੰਕਾਂ ਨਾਲ ਆਪਣੀ ਮੁਹਿੰਮ ਖਤਮ ਕੀਤੀ।
ਆਸਟਰੇਲੀਆ, ਭਾਰਤ, ਇੰਗਲੈਂਡ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਸੈਮੀਫਾਈਨਲ ਵਿਚ ਪਹੁੰਚ ਗਈਆਂ ਹਨ ਤੇ ਸ਼ਨੀਵਾਰ ਨੂੰ ਭਾਰਤ ਅਤੇ ਸ਼੍ਰੀਲੰਕਾ ਤੇ ਆਸਟਰੇਲੀਆ ਤੇ ਦੱਖਣੀ ਅਫਰੀਕਾ ਦੇ ਮੈਚਾਂ ਤੋਂ ਬਾਅਦ ਫੈਸਲਾ ਹੋਵੇਗਾ ਕਿ ਆਸਟਰੇਲੀਆ ਤੇ ਭਾਰਤ ਵਿਚੋਂ ਕਿਹੜੀ ਟੀਮ ਨੰਬਰ-1 ਤੇ 2 'ਤੇ ਰਹੇਗੀ। ਇੰਗਲੈਂਡ ਦੀ ਟੀਮ ਤੀਜੇ ਤੇ ਨਿਊਜ਼ੀਲੈਂਡ ਦੀ ਟੀਮ ਚੌਥੇ ਸਥਾਨ 'ਤੇ ਰਹੇਗੀ। ਸੈਮੀਫਾਈਨਲ ਵਿਚ ਨੰਬਰ ਇਕ ਟੀਮ ਦਾ ਚੌਥੇ ਨੰਬਰ ਦੀ ਟੀਮ ਤੇ ਨੰਬਰ ਦੋ ਟੀਮ ਦਾ ਮੁਕਾਬਲਾ ਤੀਜੇ ਨੰਬਰ ਦੀ ਟੀਮ ਨਾਲ ਹੋਵੇਗਾ।
ਪਾਕਿਸਤਾਨ ਲਈ ਹਾਲਾਂਕਿ ਚੰਗੀ ਗੱਲ ਇਹ ਰਹੀ ਕਿ ਉਸ ਨੇ ਆਪਣੇ ਆਖਰੀ ਮੈਚ ਵਿਚ 315 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਪਾਕਿਸਤਾਨ ਦੇ ਸਾਬਕਾ ਧਾਕੜ ਬੱਲੇਬਾਜ਼ ਜ਼ਹੀਰ ਅੱਬਾਸ ਨੇ ਪਾਕਿਸਤਾਨ ਦੀ ਟੀਮ ਲਈ ਕਿਹਾ ਹੈ ਕਿ ਉਸ ਨੇ ਜਿਸ ਤਰ੍ਹਾਂ ਟੂਰਨਾਮੈਂਟ ਵਿਚ ਵਾਪਸੀ ਕੀਤੀ ਸੀ, ਉਹ ਉਸ ਦੇ ਲਈ ਮਾਣ ਦੀ ਗੱਲ ਸੀ ਤੇ ਟੂਰਨਾਮੈਂਟ ਨੂੰ ਲੈ ਕੇ ਉਸ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ। ਇਸ ਮੁਕਾਬਲੇ ਵਿਚ ਪਾਕਿਸਤਾਨ ਨੇ ਟਾਸ ਜਿੱਤ ਕੇ ਇਸ ਉਮੀਦ ਨਾਲ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਕਿ ਉਹ 400 ਤੋਂ ਉੱਪਰ ਦਾ ਸਕੋਰ ਬਣਾ ਲਵੇ ਅਤੇ ਫਿਰ ਬੰਗਲਾਦੇਸ਼ ਨੂੰ 84 ਦੌੜਾਂ ਤੋਂ ਹੇਠਾਂ ਆਊਟ ਕਰ ਕੇ ਮੁਕਾਬਲਾ ਜਿੱਤੇ ਪਰ ਪਾਕਿ ਟੀਮ 315 ਦੌੜਾਂ ਹੀ ਬਣਾ ਸਕੀ।
ਪਾਕਿਸਤਾਨ ਲਈ ਉਸ ਦੇ ਓਪਨਰ ਇਮਾਮ-ਉਲ-ਹੱਕ ਨੇ 100 ਗੇਂਦਾਂ 'ਤੇ 7 ਚੌਕਿਆਂ ਦੀ ਮਦਦ ਨਾਲ 100 ਦੌੜਾਂ ਬਣਾਈਆਂ ਤੇ ਉਹ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮੁਸਤਾਫਿਜ਼ੁਰ ਰਹਿਮਾਨ ਦੀ ਗੇਂਦ 'ਤੇ ਹਿੱਟ ਵਿਕਟ ਆਊਟ ਹੋਇਆ। ਇਮਾਮ-ਉਲ-ਹੱਕ ਨੇ ਦੂਜੀ ਵਿਕਟ ਲਈ ਬਾਬਰ ਆਜ਼ਮ ਨਾਲ 157 ਦੌੜਾਂ ਦੀ ਸਾਂਝੇਦਾਰੀ ਕੀਤੀ। ਆਜ਼ਮ ਨੇ 98 ਗੇਂਦਾਂ 'ਤੇ 96 ਦੌੜਾਂ ਵਿਚ 11 ਚੌਕੇ ਲਾਏ। ਮੁਹੰਮਦ ਹਫੀਜ਼ ਨੇ 25 ਗੇਂਦਾਂ 'ਤੇ 3 ਚੌਕਿਆਂ ਦੀ ਮਦਦ ਨਾਲ 27 ਦੌੜਾਂ ਤੇ ਇਮਾਦ ਵਸੀਮ ਨੇ 26 ਗੇਂਦਾਂ ਵਿਚ 6 ਚੌਕਿਆਂ ਤੇ 1 ਛੱਕੇ ਦੇ ਸਹਾਰੇ 43 ਦੌੜਾਂ ਬਣਾਈਆਂ। ਬਾਅਦ ਦੇ ਬੱਲੇਬਾਜ਼ ਕੋਈ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ।
ਮੁਸਤਾਫਿਜ਼ੁਰ ਨੇ ਲਗਾਤਾਰ ਦੂਜੇ ਮੈਚ ਵਿਚ 5 ਵਿਕਟਾਂ ਹਾਸਲ ਕੀਤੀਆਂ। ਉਸ ਨੇ 10 ਓਵਰਾਂ ਵਿਚ 75 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਮੁਸਤਾਫਿਜ਼ੁਰ ਨੇ ਆਪਣੀ ਦੂਜੀ ਵਿਕਟ ਲੈਂਦੇ ਹੋਏ ਵਨ ਡੇ ਵਿਚ 54 ਮੈਚਾਂ ਵਿਚ 100 ਵਿਕਟਾਂ ਵੀ ਪੂਰੀਆਂ ਕਰ ਲਈਆਂ। ਮੁਸਤਾਫਿਜ਼ੁਰ ਨੇ ਭਾਰਤ ਵਿਰੁੱਧ ਪਿਛਲੇ ਮੁਕਾਬਲੇ ਵਿਚ ਵੀ 59 ਦੌੜਾਂ 'ਤੇ 5 ਵਿਕਟਾਂ ਲਈਆਂ ਸਨ। ਮੁਸਤਾਫਿਜ਼ੁਰ ਤੋਂ ਇਲਾਵਾ ਮੁਹੰਮਦ ਸੈਫਉੱਦੀਨ ਨੇ 9 ਓਵਰਾਂ 'ਚ 77 ਦੌੜਾਂ 'ਤੇ 3 ਵਿਕਟਾਂ ਹਾਸਲ ਕੀਤੀਆਂ। ਬੰਗਲਾਦੇਸ਼ ਨੇ ਜਿੱਤ ਦੇ ਨਾਲ ਆਪਣੀ ਮੁਹਿੰਮ ਖਤਮ ਕਰਨ ਦਾ ਜਜ਼ਬਾ ਨਹੀਂ ਦਿਖਾਇਆ ਤੇ ਟੀਮ 221 ਦੌੜਾਂ ਹੀ ਬਣਾ ਸਕੀ। ਬੰਗਲਾਦੇਸ਼ ਵਲੋਂ ਸ਼ਾਕਿਬ ਅਲ ਹਸਨ ਨੇ 77 ਗੇਂਦਾਂ 'ਤੇ 6 ਚੌਕਿਆਂ ਦੀ ਮਦਦ ਨਾਲ 64 ਦੌੜਾਂ ਬਣਾਈਆਂ ਤੇ ਇਸ ਟੂਰਨਾਮੈਂਟ ਵਿਚ 600 ਦੌੜਾਂ ਪੂਰੀਆਂ ਕਰਨ ਵਾਲਾ ਪਹਿਲਾ ਖਿਡਾਰੀ ਬਣਿਆ। ਪਾਕਿਸਤਾਨ ਵਲੋਂ ਸ਼ਾਹੀਨ ਅਫਰੀਦੀ ਨੇ ਆਪਣੀ ਸਰਵਸ੍ਰੇਸ਼ਠ ਗੇਂਦਬਾਜ਼ੀ ਕਰਦਿਆਂ 35 ਦੌੜਾਂ 'ਤੇ 6 ਵਿਕਟਾਂ ਲਈਆਂ ਤੇ ਮੈਨ ਆਫ ਦਿ ਮੈਚ ਬਣਿਆ।
ਬੰਗਲਾਦੇਸ਼
ਪਲੇਇੰਗ ਇਲੈਵਨ : ਤਾਮਿਮ ਇਕਬਾਲ, ਸੌਮਿਆ ਸਰਕਾਰ, ਸ਼ਾਕਿਬ ਅਲ ਹਸਨ, ਮੁਸ਼ਫਿਕੁਰ ਰਹੀਮ, ਲਿਟਨ ਦਾਸ, ਮਹਿਮੂਦੁੱਲਾ, ਮੋਸਦਕ ਹੁਸੈਨ, ਮਹਿੰਦੀ ਹਸਨ, ਮੁਹੱਮਦ ਸੈਫੂਦੀਨ, ਮੁਸ਼ਰਫੀ ਮੁਰਤਜ਼ਾ, ਮਸਤਫਿਜ਼ੁਰ ਰਹਿਮਾਨ
ਪਾਕਿਸਤਾਨ
ਪਲੇਇੰਗ ਇਲੈਵਨ - ਫਖ਼ਰ ਜਮਾਨ, ਇਮਾਮ ਉਲ ਹੱਕ, ਬਾਬਰ ਆਜ਼ਮ, ਹਰਿਸ ਸੋਹੇਲ, ਮੁਹੰਮਦ ਹਫੀਜ਼, ਸਰਫਰਾਜ਼ ਅਹਿਮਦ, ਇਮਾਦ ਵਸੀਮ, ਸ਼ਾਦਾਬ ਖਾਨ, ਵਿਹਾਬ ਰਿਆਜ਼, ਸ਼ਾਹੀਨ ਅਫਰੀਦੀ, ਮੁਹੰਮਦ ਅਮੀਰ
ਕਸ਼ਿਅਪ, ਸੌਰਭ ਕਨਾਡਾ ਓਪਨ ਦੇ ਕੁਆਟਰ ਫਾਈਨਲ 'ਚ ਪੁੱਜੇ
NEXT STORY