ਗੋਲਡ ਕੋਸਟ (ਭਾਸ਼ਾ)–ਭਾਰਤੀ ਮਹਿਲਾ ਗੇਂਦਬਾਜ਼ਾਂ ਨੇ ਮਜ਼ਬੂਤ ਆਸਟਰੇਲੀਆ ਵਿਰੁੱਧ ਦਮਦਾਰ ਪ੍ਰਦਰਸ਼ਨ ਕੀਤਾ, ਜਿਸ ਨਾਲ ਮੇਜ਼ਬਾਨ ਟੀਮ ਨੇ ਸ਼ਨੀਵਾਰ ਨੂੰ ਇੱਥੇ ਮੀਂਹ ਪ੍ਰਭਾਵਿਤ ਇਕਲੌਤੇ ਡੇ-ਨਾਈਟ ਮਹਿਲਾ ਕ੍ਰਿਕਟ ਟੈਸਟ ਮੈਚ ਦੇ ਤੀਜੇ ਦਿਨ ਦੁਧੀਆ ਰੌਸ਼ਨੀ ਵਿਚ ਮੁਸ਼ਕਿਲਾਂ ਤੋਂ ਪਾਰ ਪਾਉਂਦੇ ਹੋਏ ਸਟੰਪ ਤਕ 4 ਵਿਕਟਾਂ ’ਤੇ 143 ਦੌੜਾਂ ਬਣਾਈਆਂ। ਤਜਰਬੇਕਾਰ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ (27 ਦੌੜਾਂ ’ਤੇ 2 ਵਿਕਟਾਂ) ਨੇ ਬਿਹਤਰੀਨ ਗੇਂਦਬਾਜ਼ੀ ਕਰਕੇ ਆਸਟਰੇਲੀਆ ਦੀਆਂ 2 ਵਿਕਟਾਂ ਲਈਆਂ, ਜਿਸ ਨਾਲ ਇਕ ਸਮੇਂ ਉਸਦਾ ਸਕੋਰ 2 ਵਿਕਟਾਂ ’ਤੇ 63 ਦੌੜਾਂ ਸੀ। ਇਸ ਨਾਲ ਦਿਨ ਦੀ ਖੇਡ ਖਤਮ ਹੋਣ ਤਕ ਆਸਟਰੇਲੀਆਈ ਟੀਮ ਭਾਰਤ ਤੋਂ 234 ਦੌੜਾਂ ਨਾਲ ਪਿੱਛੜ ਰਹੀ ਸੀ। ਗੋਸਵਾਮੀ ਤੋਂ ਇਲਾਵਾ ਪੂਜਾ ਵਸਤਰਕਰ ਨੇ 31 ਦੌੜਾਂ ਦੇ ਕੇ ਆਸਟਰੇਲੀਆ ਨੂੰ ਦੋ ਝਟਕੇ ਦਿੱਤੇ।
ਭਾਰਤੀ ਟੀਮ ਨੇ 145 ਓਵਰਾਂ ਵਿਚ 8 ਵਿਕਟਾਂ ’ਤੇ 377 ਦੌੜਾਂ ਬਣਾ ਕੇ ਪਹਿਲੀ ਪਾਰੀ ਖਤਮ ਐਲਾਨੀ ਸੀ। ਇਸ ਤੋਂ ਪਹਿਲਾਂ ਭਾਰਤ ਲਈ ਦੀਪਤੀ ਸ਼ਰਮਾ ਨੇ 66 ਦੌੜਾਂ ਦੀ ਪਾਰੀ ਖੇਡੀ ਤੇ ਟੀਮ ਲਈ ਦੂਜੀ ਸਰਵਸ੍ਰੇਸ਼ਠ ਸਕੋਰਰ ਰਹੀ। ਸ਼ੁੱਕਰਵਾਰ ਨੂੰ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਖੇਡ ਦੇ ਇਸ ਸਵਰੂਪ ਵਿਚ ਆਪਣਾ ਪਹਿਲਾ ਸੈਂਕੜਾ ਲਾਇਆ ਸੀ। ਭਾਰਤ ਨੇ ਡਿਨਰ ਤਕ 7 ਵਿਕਟਾਂ ’ਤੇ 359 ਦੌੜਾਂ ਬਣਾ ਲਈਆਂ ਸਨ। ਟੀਮ ਨੇ ਕੈਰਾਰਾ ਓਵਲ ਵਿਚ 5 ਵਿਕਟਾਂ ’ਤੇ 276 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਦੂਜੇ ਦਿਨ ਮੀਂਹ ਤੇ ਬਿਜਲੀ ਦੀ ਗੜਗੜਾਹਟ ਕਾਰਨ ਖੇਡ ਜਲਦੀ ਖਤਮ ਹੋ ਗਈ ਸੀ, ਜਿਸ ਨਾਲ ਤੀਜੇ ਦਿਨ ਦਾ ਪਹਿਲਾ ਸੈਸ਼ਨ ਲੰਬਾ ਰਿਹਾ, ਜਿਸ ਵਿਚ ਭਾਰਤ ਨੇ 83 ਦੌੜਾਂ ਬਣਾ ਕੇ ਤਾਨੀਆ ਭਾਟੀਆ ਤੇ ਵਸਤਰਕਰ ਦੀਆਂ ਵਿਕਟਾਂ ਗੁਆਈਆਂ। ਤਾਨੀਆ ਨੇ 75 ਗੇਂਦਾਂ ਵਿਚ 22 ਦੌੜਾਂ ਬਣਾਈਆ ਜਦਕਿ ਵਸਤਰਕਰ ਸਿਰਫ 13 ਦੌੜਾਂ ਹੀ ਬਣਾ ਸਕੀ। ਤਾਨੀਆ ਦੇ ਆਊਟ ਹੋਣ ਤੋਂ ਬਾਅਦ ਦੀਪਤੀ ਤੇ ਉਸਦੇ ਵਿਚਾਲੇ ਛੇਵੀਂ ਵਿਕਟ ਲਈ 45 ਦੌੜਾਂ ਦੀ ਸਾਂਝੇਦਾਰੀ ਦਾ ਅੰਤ ਹੋਇਆ।
ਭਾਰਤੀ ਟੀਮ ਨੇ ਤੇਜ਼ੀ ਨਾਲ ਦੌੜਾਂ ਬਣਾਉਣ ਦੀ ਬਜਾਏ ਹੌਲੀ ਗਤੀ ਨਾਲ ਦੌੜਾਂ ਬਣਾਈਆਂ, ਜਿਸ ਨਾਲ ਅਜਿਹਾ ਲੱਗ ਰਿਹਾ ਹੈ ਕਿ ਦੋਵੇਂ ਟੀਮਾਂ ਨਤੀਜੇ ਦੀ ਬਜਾਏ ਡਰਾਅ ਤੋਂ ਸੰਤੁਸ਼ਟ ਹੋਣਾ ਚਾਹੁਣਗੀਆਂ ਕਿਉਂਕਿ ਖ਼ਰਾਬ ਮੌਸਮ ਦੇ ਕਾਰਨ ਮੈਚ ਦੀ ਕਾਫ਼ੀ ਖੇਡ ਖਰਾਬ ਹੋ ਗਈ। ਤਾਨੀਆ ਤੇ ਦੀਪਤੀ ਨੇ ਇਸ 45 ਦੌੜਾਂ ਦੀ ਸਾਂਝੇਦਾਰੀ ਲਈ 28 ਤੋਂ ਵੱਧ ਓਵਰ ਤਕ ਬੱਲੇਬਾਜ਼ੀ ਕੀਤੀ। ਕੈਂਪਬੇਲ ਨੇ ਤਾਨੀਆ ਦੀ ਵਿਕਟ ਲਈ ਜਿਹੜੀ ਉਸਦੀ ਪਹਿਲੀ ਟੈਸਟ ਵਿਕਟ ਵੀ ਹੈ। ਇਹ ਕੈਚ ਵਿਕਟਾਂ ਦੇ ਪਿੱਛੇ ਐਲਿਸਾ ਹੀਲੀ ਨੇ ਫੜਿਆ। ਭਾਰਤੀ ਟੀਮ ਨੇ ਹਾਲਾਂਕਿ ਜ਼ਿਆਦਾ ਵਿਕਟਾਂ ਨਹੀਂ ਗੁਆਈਆਂ ਪਰ ਬੱਲੇਬਾਜ਼ਾਂ ਨੇ ਸਪਾਟ ਦਿਸ ਰਹੀ ਪਿੱਚ ’ਤੇ ਢਿੱਲੀਆਂ ਗੇਂਦਾਂ ਦਾ ਫਾਇਦਾ ਨਹੀਂ ਚੁੱਕਿਆ। ਦੀਪਤੀ ਨੇ 12 ਦੌੜਾਂ ਤੋਂ ਦਿਨ ਦੀ ਸ਼ੁਰੂਆਤ ਕੀਤੀ ਸੀ। ਉਸ ਨੇ 148 ਗੇਂਦਾਂ ਵਿਚ 5 ਚੌਕਿਆਂ ਦੀ ਮਦਦ ਨਾਲ ਆਪਣਾ ਦੂਜਾ ਟੈਸਟ ਅਰਧ ਸੈਂਕੜਾ ਪੂਰਾ ਕੀਤਾ। ਐਲਿਸਾ ਪੈਰੀ ਨੇ ਟੀਮ ਨੂੰ ਇਕ ਹੋਰ ਝਟਕਾ ਵਸਤਰਕਰ ਦੇ ਰੂਪ ਵਿਚ ਦਿੱਤਾ, ਜਿਹੜੀ ਗਲੀ ਵਿਚ ਬੇਥ ਮੂਨੀ ਨੂੰ ਕੈਚ ਦੇ ਕੇ ਆਊਟ ਹੋਈ। ਦੀਪਤੀ ਨੇ ਇਸਦੇ ਨਾਲ ਹੀ ਟੈਸਟ ਵਿਚ ਆਪਣੇ ਪਿਛਲੇ 54 ਦੌੜਾਂ ਦੇ ਸਰਵਸ੍ਰੇਸ਼ਠ ਸਕੋਰ ਨੂੰ ਪਾਰ ਕਰ ਲਿਆ। ਡਿਨਰ ਬ੍ਰੇਕ ਤਕ ਦੀਪਤੀ ਸ਼ਰਮਾ 58 ਦੌੜਾਂ ਬਣਾ ਚੁੱਕੀ ਸੀ ਪਰ ਡਿਨਰ ਤੋਂ ਬਾਅਦ ਉਹ ਆਪਣੀ ਪਾਰੀ ਵਿਚ 8 ਦੌੜਾਂ ਜੋੜ ਸਕੀ ਸੀ ਕਿ ਕੈਂਪਬੈਲ ਨੇ ਐੱਲ. ਬੀ. ਡਬਲਯੂ. ਕਰਕੇ ਉਸ ਨੂੰ ਆਪਣਾ ਦੂਜਾ ਸ਼ਿਕਾਰ ਬਣਾਇਆ। ਗੋਸਵਾਮੀ (ਅਜੇਤੂ 7) ਤੇ ਮੇਘਨਾ ਸਿੰਘ (2) ਕ੍ਰੀਜ਼ ’ਤੇ ਸਨ ਤੇ ਭਾਰਤ ਨੇ ਪਹਿਲੀ ਪਾਰੀ ਖਤਮ ਐਲਾਨ ਕਰਨ ਦਾ ਫੈਸਲਾ ਕੀਤਾ।
AUS v IND : ਐਲੀਸਾ ਪੇਰੀ ਨੇ ਰਚਿਆ ਇਤਿਹਾਸ, ਇਹ ਰਿਕਾਰਡ ਬਣਾਉਣ ਵਾਲੀ ਪਹਿਲੀ ਮਹਿਲਾ ਕ੍ਰਿਕਟਰ ਬਣੀ
NEXT STORY