ਮੈਲਬੋਰਨ— ਸਾਬਕਾ ਕ੍ਰਿਕਟਰ ਡੀਨ ਜੋਂਸ ਨੇ ਸਟੀਵ ਸਮਿਥ ਅਤੇ ਕੈਮਰਨ ਬੇਨਕ੍ਰਾਫਟ ਦੇ ਗੇਂਦ ਨਾਲ ਛੇੜਛਾੜ ਦੇ ਮਾਮਲੇ 'ਚ ਦਿੱਤੇ ਗਏ ਬਿਆਨਾਂ ਨੂੰ 'ਹਮਦਰਦੀ ਹਾਸਲ ਕਰਨ ਦੀ ਕੋਸ਼ਿਸ਼' ਕਰਾਰ ਦਿੰਦੇ ਹੋਏ ਸਖਤ ਆਲੋਚਨਾ ਕੀਤੀ ਹੈ ਅਤੇ ਕਿਹਾ ਕਿ ਇਸ ਨਾਲ ਹਮੇਸ਼ਾ ਯਾਦ ਦਿਵਾਇਆ ਜਾਂਦਾ ਰਹੇਗਾ ਕਿ ਆਸਟਰੇਲੀਆਈ ਧੋਖੇਬਾਜ਼ ਹਨ। ਬੇਨਕ੍ਰਾਫਟ ਨੇ ਜਿੱਥੇ ਘਟਨਾ ਲਈ ਡੇਵਿਡ ਵਾਰਨਰ ਨੂੰ ਜ਼ਿੰਮੇਵਾਰ ਠਹਿਰਾਇਆ ਉੱਥੇ ਹੀ ਸਮਿਥ ਨੇ ਕਿਹਾ ਕਿ ਇਹ ਕ੍ਰਿਕਟ ਆਸਟਰੇਲੀਆ ਦੇ ਚੋਟੀ ਦੇ ਅਧਿਕਾਰੀਆਂ ਦੇ ਹਰ ਹਾਲ 'ਚ ਜਿੱਤ ਦੇ ਰਵੱਈਏ ਦਾ ਨਤੀਜਾ ਹੈ। ਜੋਂਸ ਨੇ 'ਦਿ ਏਜ' 'ਚ ਆਪਣੇ ਕਾਲਮ 'ਚ ਲਿਖਿਆ ਕਿ ਇਨ੍ਹਾਂ ਖਿਡਾਰੀਆਂ ਨੂੰ ਆਪਣਾ ਮੂੰਹ ਨਹੀਂ ਖੋਲ੍ਹਣਾ ਚਾਹੀਦਾ ਸੀ। ਉਹ ਚੁੱਪਚਾਪ ਆਪਣੇ ਬੈਨ ਝਲਦੇ ਅਤੇ ਫਿਰ ਟੀਮ 'ਚ ਵਾਪਸੀ ਦੀ ਕੋਸ਼ਿਸ ਕਰਦੇ।

ਸਮਿਥ ਅਤੇ ਵਾਰਨਰ ਦਾ ਇਕ ਸਾਲ ਦਾ ਬੈਨ ਮਾਰਚ 'ਚ ਖਤਮ ਹੋਵੇਗਾ ਜਦਕਿ ਬੇਨਕ੍ਰਾਫਟ ਦਾ 9 ਮਹੀਨਿਆਂ ਦਾ ਬੈਨ ਛੇਤੀ ਹੀ ਖ਼ਤਮ ਹੋਣ ਵਾਲਾ ਹੈ। ਜੋਂਸ ਨੇ ਕਿਹਾ, ''ਇਹ ਇੰਟਰਵਿਊਜ਼ ਵੀ ਉਸ ਰੇਗਮਾਲ ਵਾਂਗ ਹੀ ਬੁਰੇ ਸਨ ਜਿਸ ਦੀ ਵਰਤੋਂ ਖਿਡਾਰੀਆਂ ਨੇ ਗੇਂਦ ਨੂੰ ਖੁਰਚਨ ਲਈ ਕੀਤੀ ਸੀ। ਮੈਂ ਇਨ੍ਹਾਂ ਇੰਟਰਵਿਊਜ਼ ਤੋਂ ਇੰਨਾ ਪਰੇਸ਼ਾਨ ਕਿਉਂ ਹਾਂ? ਆਸਟਰੇਲੀਆਈ ਖਿਡਾਰੀ ਦੁਨੀਆ 'ਚ ਕਿਤੇ ਵੀ ਜਾਂਦੇ ਹਨ ਤਾਂ ਸਾਨੂੰ ਯਾਦ ਦਿਵਾਇਆ ਜਾਂਦਾ ਹੈ ਕਿ ਅਸੀਂ ਬੇਈਮਾਨੀ ਕੀਤੀ ਹੈ।'' ਉਨ੍ਹਾਂ ਕਿਹਾ, ''ਅਜਿਹਾ ਲਗਦਾ ਹੈ ਕਿ ਸਾਡੇ ਮੱਥੇ 'ਤੇ ਵੱਡਾ ਦਾਗ ਲਗ ਗਿਆ ਹੈ ਜਿਸ ਨੂੰ ਅਸੀਂ ਮਿਟਾ ਨਹੀਂ ਸਕਦੇ। ਇਹ ਤਿੰਨੇ ਖਿਡਾਰੀ ਇੰਨੇ ਸਿਆਣੇ ਸਨ ਕਿ ਸਹੀ ਫੈਸਲਾ ਕਰ ਸਕਦੇ ਸਨ। ਅਫਸੋਸ ਹੈ ਕਿ ਉਨ੍ਹਾਂ ਨੂੰ ਆਪਣੇ ਕਾਰੇ ਲਈ ਸਜ਼ਾ ਭੁਗਤਨੀ ਹੋਵੇਗੀ।''

ਜੋਂਸ ਨੇ ਕਿਹਾ ਕਿ ਆਸਟਰੇਲੀਆਈ ਕ੍ਰਿਕਟ ਪ੍ਰਸ਼ੰਸਕਾਂ ਦਾ ਦਿਲ ਤੋੜਨ ਲਈ ਵਿਵਾਦ ਹੀ ਕਾਫੀ ਸੀ ਜਿਸ ਤੋਂ ਬਾਅਦ ਦੇਸ਼ 'ਚ ਕ੍ਰਿਕਟ ਵਿਰਸੇ ਦੀ ਸਮੀਖਿਆ ਕੀਤੀ ਗਈ ਅਤੇ ਕ੍ਰਿਕਟ ਆਸਟਰੇਲੀਆ ਦੇ ਚੋਟੀ ਦੇ ਅਧਿਕਾਰੀਆਂ ਨੂੰ ਹਟਾ ਦਿੱਤਾ ਗਿਆ। ਉਨ੍ਹਾਂ ਕਿਹਾ, ''ਉਹ ਕੀ ਸੋਚ ਰਹੇ ਸਨ। ਸਟੀਵ ਸਮਿਥ ਅਤੇ ਕੈਮਰਨ ਬੇਨਕ੍ਰਾਫਟ ਨੂੰ ਫਾਕਸ ਕ੍ਰਿਕਟ ਨੂੰ ਇਹ ਇੰਟਰਵਿਊ ਦੇਣ ਲਈ ਕਿਸ ਨੇ ਸਲਾਹ ਦਿੱਤੀ। ਇਸ ਨੇ ਅੱਗ 'ਚ ਘਿਓ ਪਾਉਣ ਦਾ ਕੰਮ ਕੀਤਾ ਹੈ ਅਤੇ ਜ਼ਿਆਦਾਤਰ ਲੋਕ ਇਸ ਬਾਰੇ 'ਚ ਕੁਝ ਨਹੀਂ ਸੁਣਨਾ ਚਾਹੁੰਦੇ ਹਨ।'' ਜੋਂਸ ਨੇ ਕਿਹਾ ਕਿ ਜੇਕਰ ਇਨ੍ਹਾਂ ਇੰਟਰਵਿਊਜ਼ 'ਚ ਉਹ ਹਮਦਰਦੀ ਹਾਸਲ ਕਰਨਾ ਚਾਹੁੰਦੇ ਸਨ ਤਾਂ ਉਨ੍ਹਾਂ ਦਾ ਇਹ ਦਾਅ ਪੁੱਠਾ ਪੈ ਗਿਆ ਹੈ।
ਕ੍ਰਿਕਟ 'ਚ ਬਣਿਆ ਅਜਿਹਾ ਵਿਸ਼ਵ ਰਿਕਾਰਡ ਜਿਸ ਦਾ ਟੁੱਟਣਾ ਹੈ ਬੇਹੱਦ ਮੁਸ਼ਕਲ
NEXT STORY