ਕੋਇੰਬਟੂਰ– ਸ਼੍ਰੇਯਸ ਅਈਅਰ ਤੇ ਸਰਫਰਾਜ਼ ਖਾਨ ਫਲਾਪ ਰਹੇ ਜਦਕਿ ਸੂਰਯਕੁਮਾਰ ਯਾਦਵ ਨੇ ਸੱਟ ਨਾਲ ਸਬੰਧਤ ਚਿੰਤਾ ਕਾਰਨ ਸ਼ੁੱਕਰਵਾਰ ਨੂੰ ਇੱਥੇ ਬੱਲੇਬਾਜ਼ੀ ਨਹੀਂ ਕੀਤੀ, ਜਿਸ ਨਾਲ ਟੀ. ਐੱਨ. ਸੀ. ਏ. ਇਲੈਵਨ ਨੇ ਮੁੰਬਈ ਨੂੰ 286 ਦੌੜਾਂ ਨਾਲ ਹਰਾ ਕੇ ਬੁੱਚੀ ਬਾਬੂ ਇਨਵਾਈਟ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਮੁੰਬਈ ਦੀ ਟੀਮ 510 ਦੌੜਾਂ ਦੇ ਮੁਸ਼ਕਿਲ ਟੀਚੇ ਦਾ ਪਿੱਛਾ ਕਰਦੇ ਹੋਏ ਚੌਥੇ ਦਿਨ ਸਿਰਫ 223 ਦੌੜਾਂ ’ਤੇ ਸਿਮਟ ਗਈ, ਜਿਸ ਵਿਚ ਸ਼ਮਸ ਮੁਲਾਨੀ ਨੇ 68 ਦੌੜਾਂ ਬਣਾਈਆਂ।
ਟੀ. ਐੱਨ. ਸੀ. ਏ. ਇਲੈਵਨ ਲਈ ਸੀ. ਏ. ਅਚਯੁਤ ਤੇ ਆਰ. ਸਾਈ ਕਿਸ਼ੋਰ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਭਾਰਤ ਦੇ ਟੀ-20 ਕੌਮਾਂਤਰੀ ਕਪਤਾਨ ਸੂਰਯਕੁਮਾਰ ਨੇ ਆਪਣੇ ਹੱਥ ਵਿਚ ਲੱਗੀ ਸੱਟ ਕਾਰਨ ਬੱਲੇਬਾਜ਼ੀ ਨਹੀਂ ਕੀਤੀ। ਹਾਲਾਂਕਿ ਪਤਾ ਲੱਗਾ ਹੈ ਕਿ ਇਹ ਸੱਟ ਗੰਭੀਰ ਨਹੀਂ ਹੈ ਕਿਉਂਕਿ ਉਹ ਮੁਕਾਬਲੇ ਤੋਂ ਬਾਅਦ ਠੀਕ ਦਿਸ ਰਿਹਾ ਸੀ ਤੇ ਸ਼ਾਇਦ ਚੌਕਸੀ ਦੇ ਤੌਰ ’ਤੇ ਉਸ ਨੇ ਆਰਾਮ ਕਰਨ ਦਾ ਫੈਸਲਾ ਕੀਤਾ।
ਮੁੰਬਈ ਨੇ ਕੱਲ ਦੀਆਂ ਬਿਨਾਂ ਵਿਕਟ ਗੁਆਏ 6 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ। ਮੁਸ਼ੀਰ ਖਾਨ (40) ਤੇ ਦਿਵਿਆਂਸ਼ ਸਕਸੈਨਾ (26) ਨੇ ਪਹਿਲੀ ਵਿਕਟ ਲਈ 60 ਦੌੜਾਂ ਦੀ ਸਾਂਝੇਦਾਰੀ ਨਿਭਾਈ। ਇਸ ਹਿੱਸੇਦਾਰੀ ਦਾ ਅੰਤ ਆਰ. ਸੋਨੂ ਯਾਦਵ ਨੇ ਦਿਵਿਆਂਸ਼ ਨੂੰ ਆਊਟ ਕਰਕੇ ਕੀਤਾ। ਇਸ ਤੋਂ ਬਾਅਦ ਮੁੰਬਈ ਦੇ ਬੱਲੇਬਾਜ਼ ਕੋਈ ਵੀ ਵੱਡੀ ਸਾਂਝੇਦਾਰੀ ਨਹੀਂ ਬਣਾ ਸਕੇ। ਟੀਮ ਲਈ 40 ਤੋਂ ਵੱਧ ਦੌੜਾਂ ਦੀਆਂ ਸਿਰਫ 2 ਸਾਂਝੇਦਾਰੀਆਂ ਬਣੀਆਂ। ਸ਼੍ਰੇਅਸ ਅਈਅਰ (22) ਤੇ ਸਿਧਾਂਤ ਆਧਾਥਰਾਵ (28) ਨੇ ਤੀਜੀ ਵਿਕਟ ਲਈ 49 ਦੌੜਾਂ ਜੋੜੀਆਂ। ਮੁੰਬਈ ਦਾ ਕਪਤਾਨ ਸਰਫਰਾਜ਼ 4 ਗੇਂਦਾਂ ਖੇਡ ’ਤੇ ਜ਼ੀਰੋ ’ਤੇ ਆਊਟ ਹੋਇਆ। ਬਾਅਦ ਵਿਚ ਮੁਲਾਨੀ (68) ਤੇ ਮੋਹਿਤ ਅਵਸਥੀ (ਅਜੇਤੂ 00) ਨੇ ਨਵੀਂ ਵਿਕਟ ਲਈ 46 ਦੌੜਾਂ ਜੋੜੀਆਂ। ਮੁਲਾਨੀ ਨੇ 96 ਗੇਂਦਾਂ ਦੀ ਪਾਰੀ ਵਿਚ 6 ਚੌਕੇ ਤੇ 2 ਛੱਕੇ ਲਾਏ। ਮੁਲਾਨੀ ਆਊਟ ਹੋਣ ਵਾਲਾ ਨੌਵਾਂ ਖਿਡਾਰੀ ਰਿਹਾ। ਮੁੰਬਈ ਦੀ ਟੀਮ ਵਿਚ ਸ਼ਾਮਲ ਭਾਰਤੀ ਸਟਾਰ ਖਿਡਾਰੀ ਪਹਿਲੀ ਪਾਰੀ ਵਿਚ ਵੀ ਚੰਗੀ ਬੱਲੇਬਾਜ਼ੀ ਨਹੀਂ ਕਰ ਸਕੇ ਸਨ। ਅਈਅਰ ਨੇ 2, ਸੂਰਯਕੁਮਾਰ ਨੇ 30 ਤੇ ਸਰਫਰਾਜ਼ ਨੇ 6 ਦੌੜਾਂ ਬਣਾਈਆਂ।
ਅਫਗਾਨੀ ਤਾਈਕਵਾਂਡੋ ਖਿਡਾਰਨ ਨੇ ਸ਼ਰਨਾਰਥੀ ਪੈਰਾਲੰਪਿਕ ਟੀਮ ਲਈ ਪਹਿਲਾ ਤਮਗਾ ਜਿੱਤ ਕੇ ਰਚਿਆ ਇਤਿਹਾਸ
NEXT STORY