ਰੋਮ– ਵਿਸ਼ਵ ਦੇ ਨੰਬਰ ਇਕ ਖਿਡਾਰੀ ਤੇ ਚੋਟੀ ਦਰਜਾ ਪ੍ਰਾਪਤ ਸਰਬੀਆ ਦੇ ਨੋਵਾਕ ਜੋਕੋਵਿਚ ਅਤੇ ਸਾਬਕਾ ਚੈਂਪੀਅਨ ਸਪੇਨ ਦੇ ਰਾਫੇਲ ਨਡਾਲ ਨੇ ਲਗਾਤਾਰ ਸੈੱਟਾਂ ਵਿਚ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਇਟਾਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਜੋਕੋਵਿਚ ਨੇ ਆਪਣੇ ਹਮਵਤਨ ਫਿਲਿਪ ਕ੍ਰਾਜਿਨੋਵਿਕ ਨੂੰ 7-6 (7), 6-3 ਨਾਲ ਹਰਾਇਆ ਜਦਕਿ ਨਡਾਲ ਨੇ ਵੀ ਸਰਬੀਆ ਦੇ ਹੀ ਖਿਡਾਰੀ ਦੁਸਾਨ ਲਾਜੋਵਿਚ ਨੂੰ 6-1, 6-3 ਨਾਲ ਹਰਾ ਕੇ ਆਖਰੀ-8 ਵਿਚ ਜਗ੍ਹਾ ਬਣਾਈ।
4 ਵਾਰ ਦੇ ਇਟਾਲੀਅਨ ਓਪਨ ਚੈਂਪੀਅਨ ਜੋਕੋਵਿਚ ਨੇ ਲਗਾਤਾਰ 14ਵੇਂ ਸਾਲ ਇਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ। ਜੋਕੋਵਿਚ ਦੀ ਏ. ਟੀ. ਪੀ. ਮਾਸਟਰਸ 1000 ਟੂਰਨਾਮੈਂਟਾਂ ਦੇ 61 ਮੈਚਾਂ ਵਿਚ ਇਹ 52ਵੀਂ ਜਿੱਤ ਸੀ। ਜੋਕੋਵਿਚ ਨੂੰ ਪਿਛਲੇ ਹਫਤੇ ਸਾਲ ਦੇ ਆਖਰੀ ਗ੍ਰੈਂਡ ਸਲੈਮ ਯੂ. ਐੱਸ. ਓਪਨ ਦੇ ਚੌਥੇ ਦੌਰ ਵਿਚ ਲਾਈਨ ਜੱਜ ਨੂੰ ਬਾਲ ਮਾਰਨ ਦੇ ਕਾਰਣ ਟੂਰਨਾਮੈਂਟ ਵਿਚੋਂ ਬਾਹਰ ਕਰ ਦਿੱਤਾ ਗਿਆ ਸੀ। ਜੋਕੋਵਿਚ ਦੀ ਇਸ ਸਾਲ 29 ਮੈਚਾਂ ਵਿਚ ਇਹ 28ਵੀਂ ਜਿੱਤ ਹੈ।
ਜੋਕੋਵਿਚ ਦਾ ਅਗਲਾ ਮੁਕਾਬਲਾ ਜਰਮਨੀ ਦੇ ਡੋਮਿਨਿਕ ਕੋਪਫੇਰ ਨਾਲ ਹੋਵੇਗਾ, ਜਿਸ ਨੇ ਇਟਲੀ ਦੇ ਨੌਜਵਾਨ ਖਿਡਾਰੀ 18 ਸਾਲਾ ਲੋਰੇਂਜੋ ਮੁਸੇਟੀ ਦੀ ਇਟਾਲੀਅਨ ਓਪਨ ਟੈਨਿਸ ਟੂਰਨਾਮੈਂਟ ਵਿਚ ਚੱਲ ਰਹੀ ਸੁਨਹਿਰੀ ਮੁਹਿੰਮ ਨੂੰ ਰੋਕ ਦਿੱਤੀ। ਕੋਪਫੇਰ ਨੇ ਮੁਸੇਟੀ ਨੂੰ 6-4, 6-0 ਨਾਲ ਹਰਾਇਆ। ਇਸ ਤੋਂ ਪਹਿਲਾਂ ਮੁਸੇਟੀ ਨੇ 3 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਤੇ ਵਿਸ਼ਵ ਦੇ ਸਾਬਕਾ ਨੰਬਰ-3 ਖਿਡਾਰੀ ਸਵਿਟਜ਼ਰਲੈਂਡ ਦੇ ਸਟੇਨਿਸਲਾਸ ਨੂੰ ਪਹਿਲੇ ਦੌਰ ਵਿਚ ਤੇ ਜਾਪਾਨ ਦੇ ਤਜਰਬੇਕਾਰ ਖਿਡਾਰੀ ਕੇਈ ਨਿਸ਼ੀਕੋਰੀ ਨੂੰ ਦੂਜੇ ਦੌਰ ਵਿਚ ਹਰਾਇਆ ਸੀ।
ਨਡਾਲ ਦਾ ਆਖਰੀ-8 ਵਿਚ ਮੁਕਾਬਲਾ ਅਰਜਨਟੀਨਾ ਦੇ ਡਿਆਗੋ ਸ਼ਾਰਟਜਮੈਨ ਨਾਲ ਹੋਵੇਗਾ। ਚੌਥਾ ਦਰਜਾ ਪ੍ਰਾਪਤ ਇਟਲੀ ਦੇ ਮਾਤੇਓ ਬੇਰੇਟਿਨੀ ਨੇ ਹਮਵਤਨ ਸਟੇਫਾਨੋ ਟ੍ਰੇਵਾਗਲੀਆ ਨੂੰ 7-6 (5), 7-6 (1) ਨਾਲ ਹਰਾ ਕੇ ਆਖਰੀ-8 ਵਿਚ ਪ੍ਰਵੇਸ਼ ਕੀਤਾ। ਉਸਦਾ ਅਗਲਾ ਮੁਕਾਬਲਾ ਨਾਰਵੇ ਦੇ ਕੇਸਪਰ ਰੂਡ ਨਾਲ ਹੋਵੇਗਾ, ਜਿਸ ਨੇ ਕ੍ਰੋਏਸ਼ੀਆ ਦੇ ਮਾਰਿਨ ਸਿਲਿਚ ਨੂੰ 6-2, 7-6 (6) ਨਾਲ ਹਰਾਇਆ। ਕੈਨੇਡਾ ਦਾ ਡੈਨਿਸ ਸ਼ਾਪੋਵਾਲੋਵ ਤੇ ਬੁਲਗਾਰੀਆ ਦਾ ਗ੍ਰਿਗੋਰ ਦਿਮਿਤ੍ਰੋਵ ਵੀ ਕੁਆਰਟਰ ਫਾਈਨਲ ਵਿਚ ਪਹੁੰਚ ਗਏ ਹਨ।
IPL 2020 CSK vs MI : ਚੇਨਈ ਨੇ ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ
NEXT STORY