ਸਪੋਰਟਸ ਡੈਸਕ- ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡੇ ਗਏ 5 ਟੀ-20 ਮੈਚਾਂ ਦੀ ਲੜੀ ਦੇ 5ਵੇਂ ਮੁਕਾਬਲੇ 'ਚ ਭਾਰਤ ਨੇ ਓਪਨਰ ਅਭਿਸ਼ੇਕ ਸ਼ਰਮਾ ਦੇ ਤੂਫ਼ਾਨੀ ਸੈਂਕੜੇ ਮਗਰੋਂ ਗੇਂਦਬਾਜ਼ਾਂ ਦੇ ਧਮਾਕੇਦਾਰ ਪ੍ਰਦਰਸ਼ਨ ਨਾਲ ਇੰਗਲੈਂਡ ਨੂੰ ਇਕਤਰਫ਼ਾ ਅੰਦਾਜ਼ 'ਚ ਹਰਾ ਕੇ ਲੜੀ 4-1 ਨਾਲ ਆਪਣੇ ਨਾਂ ਕਰ ਲਈ ਹੈ।

ਇਸ ਤੋਂ ਪਹਿਲਾਂ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ, ਜੋ ਕਿ ਬਿਲਕੁਲ ਗ਼ਲਤ ਸਾਬਿਤ ਹੋਇਆ ਤੇ ਭਾਰਤੀ ਬੱਲੇਬਾਜ਼ਾਂ ਨੇ ਮੈਦਾਨ 'ਤੇ ਚੌਕਿਆਂ-ਛੱਕਿਆਂ ਦਾ ਮੀਂਹ ਵਰ੍ਹਾਉਂਦੇ ਹੋਏ 20 ਓਵਰਾਂ 'ਚ 9 ਵਿਕਟਾਂ ਗੁਆ ਕੇ 247 ਦੌੜਾਂ ਬਣਾਈਆਂ ਸਨ। ਇਸ 'ਚ ਸਭ ਤੋਂ ਵੱਡਾ ਯੋਗਦਾਨ ਨੌਜਵਾਨ ਬੱਲੇਬਾਜ਼ ਅਭਿਸ਼ੇਕ ਸ਼ਰਮਾ ਦਾ ਰਿਹਾ, ਜਿਸ ਨੇ 54 ਗੇਂਦਾਂ 'ਚ 7 ਚੌਕਿਆਂ ਤੇ 13 ਛੱਕਿਆਂ ਦੀ ਮਦਦ ਨਾਲ 135 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ।

ਇਸ ਪਹਾੜ ਜਿੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਟੀਮ ਵੱਲੋਂ ਓਪਨਿੰਗ ਕਰਨ ਆਏ ਫਿਲ ਸਾਲਟ ਨੇ ਸ਼ੁਰੂਆਤ ਤੋਂ ਹੀ ਹਮਲਾਵਰ ਰੁਖ਼ ਅਪਣਾਇਆ ਤੇ 23 ਗੇਂਦਾਂ 'ਚ 7 ਚੌਕੇ ਤੇ 3 ਛੱਕਿਆਂ ਦੀ ਮਦਦ ਨਾਲ ਸਭ ਤੋਂ ਵੱਧ 55 ਦੌੜਾਂ ਦੀ ਪਾਰੀ ਖੇਡੀ। ਉਸ ਨੂੰ ਸ਼ਿਵਮ ਦੁਬੇ ਨੇ ਕੈਚ ਆਊਟ ਕਰਵਾਇਆ।

ਉਸ ਤੋਂ ਬਾਅਦ ਸਿਰਫ਼ ਜੈਕਬ ਬੇਥਲ (10) ਹੀ ਕੁਝ ਦੇਰ ਮੈਦਾਨ 'ਤੇ ਭਾਰਤੀ ਬੱਲੇਬਾਜ਼ਾਂ ਦਾ ਸਾਹਮਣਾ ਕਰ ਸਕਿਆ। ਉਸ ਤੋਂ ਇਲਾਵਾ ਇੰਗਲੈਂਡ ਦਾ ਹੋਰ ਕੋਈ ਵੀ ਬੱਲੇਬਾਜ਼ ਦੋਹਰੇ ਅੰਕੜੇ ਤੱਕ ਨਾ ਪੁੱਜ ਸਕਿਆ ਤੇ ਪੂਰੀ ਟੀਮ ਭਾਰਤੀ ਗੇਂਦਬਾਜ਼ਾਂ ਦੇ ਕਹਿਰ ਅੱਗੇ ਢਹਿ ਗਈ।

ਸਿਰਫ਼ 10.3 ਓਵਰਾਂ 'ਚ ਹੀ ਇੰਗਲੈਂਡ ਦੀ ਪੂਰੀ ਟੀਮ 97 ਦੌੜਾਂ ਬਣਾ ਕੇ ਆਲ ਆਊਟ ਹੋ ਗਈ, ਜਿਸ ਨਾਲ ਭਾਰਤ ਨੇ ਇਹ ਮੁਕਾਬਲਾ 150 ਦੌੜਾਂ ਦੇ ਵੱਡੇ ਫ਼ਰਕ ਨਾਲ ਆਪਣੇ ਨਾਂ ਕਰ ਲਿਆ।

ਭਾਰਤ ਵੱਲੋਂ ਬੱਲੇਬਾਜ਼ਾਂ ਦੇ ਧਮਾਕੇਦਾਰ ਪ੍ਰਦਰਸ਼ਨ ਤੋਂ ਬਾਅਦ ਗੇਂਦਬਾਜ਼ਾਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਇੰਗਲਿਸ਼ ਬੱਲੇਬਾਜ਼ਾਂ ਨੂੰ ਖੁੱਲ੍ਹ ਕੇ ਖੇਡਣ ਨਹੀਂ ਦਿੱਤਾ। ਮੁਹੰਮਦ ਸ਼ੰਮੀ ਨੇ ਸਭ ਤੋਂ ਵੱਧ 3, ਵਰੁਣ ਚਕਰਵਰਤੀ, ਸ਼ਿਵਮ ਦੁਬੇ ਤੇ ਅਭਿਸ਼ੇਕ ਸ਼ਰਮਾ ਨੇ 2-2, ਜਦਕਿ ਰਵੀ ਬਿਸ਼ਨੋਈ ਨੇ 1 ਇੰਗਲਿਸ਼ ਬੱਲੇਬਾਜ਼ ਨੂੰ ਆਊਟ ਕੀਤਾ।

ਦੌੜਾਂ ਦੇ ਫ਼ਰਕ ਨਾਲ ਇਹ ਭਾਰਤ ਦੀ ਦੂਜੀ ਸਭ ਤੋਂ ਵੱਡੀ ਜਿੱਤ ਰਹੀ। ਇਸ ਤੋਂ ਪਹਿਲਾਂ ਭਾਰਤ ਨੇ ਇੰਗਲੈਂਡ ਨੂੰ 168 ਦੌੜਾਂ ਦੇ ਫ਼ਰਕ ਨਾਲ ਹਰਾ ਕੇ ਆਪਣੀ ਸਭ ਤੋਂ ਵੱਡੀ ਟੀ-20 ਜਿੱਤ ਹਾਸਲ ਕੀਤੀ ਸੀ।

ਟੀ-20 ਲੜੀ ਤਾਂ 4-1 ਨਾਲ ਭਾਰਤ ਨੇ ਆਪਣੇ ਨਾਂ ਕਰ ਲਈ ਹੈ, ਹੁਣ ਇਹ ਦੋਵੇਂ ਟੀਮਾਂ 3 ਵਨਡੇ ਮੈਚਾਂ ਦੀ ਲੜੀ ਲਈ ਆਹਮੋ ਸਾਹਮਣੇ ਹੋਵੇਗਾ, ਜਿਸ ਦਾ ਪਹਿਲਾ ਮੁਕਾਬਲਾ 6 ਫਰਵਰੀ ਨੂੰ ਨਾਗਪੁਰ ਵਿਖੇ ਖੇਡਿਆ ਜਾਵੇਗਾ, ਜਿੱਥੇ ਭਾਰਤੀ ਟੀਮ ਦੀ ਕਮਾਨ ਰੋਹਿਤ ਸ਼ਰਮਾ ਸੰਭਾਲਣਗੇ, ਜਦਕਿ ਵਿਰਾਟ ਕੋਹਲੀ, ਕੇ.ਐੱਲ. ਰਾਹੁਲ ਤੇ ਰਵਿੰਡਰ ਜਡੇਜਾ ਵੀ ਟੀਮ 'ਚ ਵਾਪਸੀ ਕਰਨਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਭਿਸ਼ੇਕ ਨੇ ਰਚ'ਤਾ ਇਤਿਹਾਸ, T-20i ਅਜਿਹਾ ਕਰਨ ਵਾਲਾ ਬਣਿਆ ਦੂਜਾ ਭਾਰਤੀ ਬੱਲੇਬਾਜ਼
NEXT STORY