ਲੀਡਸ— ਇੰਗਲੈਂਡ ਤੇ ਪਾਕਿਸਤਾਨ ਵਿਚਾਲੇ 5 ਵਨ ਡੇ ਮੈਚਾਂ ਦੀ ਸੀਰੀਜ਼ ਦਾ ਆਖਰੀ ਵਨ ਡੇ ਮੈਚ ਲੀਡਸ 'ਚ ਖੇਡਿਆ ਗਿਆ। ਜਿਸ 'ਚ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਨੇ ਪਾਕਿਸਤਾਨ ਨੂੰ 352 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨ ਦੀ ਟੀਮ 297 ਦੌੜਾਂ 'ਤੇ ਢੇਰ ਹੋ ਗਈ ਤੇ ਇੰਗਲੈਂਡ ਨੇ ਇਹ ਮੈਚ 54 ਦੌੜਾਂ ਨਾਲ ਜਿੱਤ ਲਿਆ। ਇਸ ਦੇ ਨਾਲ ਹੀ ਇੰਗਲੈਂਡ ਨੇ ਪਾਕਿਸਤਾਨ ਨੂੰ 5 ਵਨ ਡੇ ਮੈਚਾਂ ਦੀ ਸੀਰੀਜ਼ 'ਚ 4-0 ਨਾਲ ਕਲੀਨ ਸਵੀਪ ਕਰ ਦਿੱਤਾ।

ਇੰਗਲੈਂਡ ਟੀਮ ਵਲੋਂ ਬੱਲੇਬਾਜ਼ੀ ਕਰਦੇ ਹੋਏ ਰੂਟ ਨੇ 73 ਗੇਂਦਾਂ 'ਤੇ 84 ਦੌੜਾਂ ਤੇ ਮੋਰਗਨ ਨੇ 64 ਗੇਂਦਾਂ 'ਤੇ 76 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਨੇ ਤੀਸਰੇ ਵਿਕਟ ਦੇ ਲਈ 117 ਦੌੜਾਂ ਦੀ ਸਾਂਝੇਦਾਰੀ ਕੀਤੀ ਜਿਸ ਕਾਰਨ ਇੰਗਲੈਂਡ ਵੱਡਾ ਸਕੋਰ ਬਣਾਉਣ 'ਚ ਸਫਲ ਰਿਹਾ। ਪਾਕਿਸਤਾਨ ਟੀਮ ਵਲੋਂ ਸ਼ਾਹੀਨ ਅਫਰੀਦੀ ਨੇ 4 ਤੇ ਇਮਾਦ ਵਾਸੀਮ ਨੇ 3 ਵਿਕਟਾਂ ਹਾਸਲ ਕੀਤੀਆਂ। ਪਾਕਿਸਤਾਨ ਟੀਮ ਵਲੋਂ ਬਾਬਰ ਆਜਮ ਨੇ 80 ਦੌੜਾਂ ਤੇ ਕਪਤਾਨ ਸਰਫਰਾਜ਼ ਅਹਿਮਦ ਨੇ 97 ਦੌੜਾਂ ਦਾ ਯੋਗਦਾਨ ਦਿੱਤਾ। ਇੰਗਲੈਂਡ ਟੀਮ ਵਲੋਂ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਕ੍ਰਿਸ ਵੋਕਸ ਨੇ 5 ਵਿਕਟਾਂ ਹਾਸਲ ਕੀਤੀਆਂ।

ਪਾਕਿਸਤਾਨ ਦੇ ਇੰਗਲੈਂਡ ਦੌਰੇ 'ਚ ਇਕਲੌਤੇ ਟੀ-20 ਮੈਚ 'ਚ ਇੰਗਲੈਂਡ 7 ਵਿਕਟਾਂ ਨਾਲ ਜਿੱਤਿਆ ਸੀ। ਇਸ ਤੋਂ ਬਾਅਦ 5 ਵਨ ਡੇ ਮੈਚਾਂ ਦਾ ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਦੂਜੇ ਵਨ ਡੇ ਮੈਚ 'ਚ ਇੰਗਲੈਂਡ 12 ਦੌੜਾਂ ਨਾਲ ਜਿੱਤਿਆ, ਤੀਜੇ ਵਨ ਡੇ ਮੈਚ 'ਚ 6 ਵਿਕਟਾਂ ਨਾਲ ਜਿੱਤਿਆ ਸੀ। ਚੌਥਾ ਵਨ ਡੇ ਮੈਚ 3 ਵਿਕਟਾਂ ਨਾਲ ਜਿੱਤਿਆ ਸੀ ਤੇ ਪੰਜਵਾਂ ਤੇ ਆਖਰੀ ਵਨ ਡੇ ਮੈਚ 54 ਦੌੜਾਂ ਨਾਲ ਜਿੱਤਿਆ।

ਧੋਨੀ ਖੇਡਦਾ ਰਿਹਾ ਤਾਂ ਮੈਂ ਵੀ ਵਾਪਸੀ ਬਾਰੇ ਸੋਚਾਂਗਾ : ਡਿਵਿਲੀਅਰਸ
NEXT STORY