ਨਵੀਂ ਦਿੱਲੀ (ਯੂ. ਐੱਨ. ਆਈ.)- ਟੀਮ ਇੰਡੀਆ ਦਾ ਕਪਤਾਨ ਲੋਕੇਸ਼ ਰਾਹੁਲ ਦਾਈਂ ਗ੍ਰੋਇਨ ਦੀ ਸੱਟ ਕਾਰਨ ਦੱਖਣੀ ਅਫਰੀਕਾ ਖਿਲਾਫ ਟੀ-20 ਸੀਰੀਜ਼ ਤੋਂ ਬਾਹਰ ਹੋ ਗਿਆ ਹੈ, ਜਦਕਿ ਕੁਲਦੀਪ ਯਾਦਵ ਕੱਲ ਸ਼ਾਮ ਨੈੱਟ ਅਭਿਆਸ ’ਚ ਬੱਲੇਬਾਜ਼ੀ ਕਰਦਾ ਹੋਇਆ ਸੱਜੇ ਹੱਥ ਵਿਚ ਸੱਟ ਲੱਗਣ ਕਾਰਨ ਇਹ ਸੀਰੀਜ਼ ਨਹੀਂ ਖੇਡ ਸਕੇਗਾ। ਰਾਹੁਲ ਦੇ ਜ਼ਖਮੀ ਹੋ ਜਾਣ ਤੋਂ ਬਾਅਦ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਭਾਰਤ ਦੀ ਕਪਤਾਨੀ ਸੰਭਾਲੇਗਾ।
ਇਸ ਸਾਲ ਦੇ ਅਖੀਰ ਵਿਚ ਆਸਟਰੇਲੀਆ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਟੀਮ ਤਿਆਰ ਕਰਨ ਲਈ ਭਾਰਤ ਵੀਰਵਾਰ ਤੋਂ ਦੱਖਣੀ ਅਫਰੀਕੀ ਟੀਮ ਖਿਲਾਫ ਇੱਥੇ ਸ਼ੁਰੂ ਹੋ ਰਹੀ 5 ਟੀ-20 ਅੰਤਰਰਾਸ਼ਟਰੀ ਮੈਚਾਂ ਦੀ ਸੀਰੀਜ਼ ਵਿਚ ਨਵੇਂ ਅਤੇ ਪੁਰਾਣੇ ਕਈ ਖਿਡਾਰੀਆਂ ਨੂੰ ਪਰਖਣ ਦੀ ਕੋਸ਼ਿਸ਼ ਕਰੇਗਾ। ਭਾਰਤ ਨੇ ਅਜੇ ਲਗਾਤਾਰ 12 ਮੈਚ ਜਿੱਤੇ ਹਨ ਅਤੇ ਉਹ ਲਗਾਤਾਰ 13ਵਾਂ ਟੀ-20 ਜਿੱਤ ਕੇ ਨਵਾਂ ਰਿਕਾਰਡ ਬਣਾਉਣ ਦੀ ਵੀ ਕੋਸ਼ਿਸ਼ ਕਰੇਗਾ। ਮੁੱਖ ਕੋਚ ਰਾਹੁਲ ਦ੍ਰਾਵਿੜ ਦਾ ਮੁੱਖ ਉਦੇਸ਼ ਹਾਲਾਂਕਿ ਅਕਤੂਬਰ ਵਿਚ ਹੋਣ ਵਾਲੇ ਵਿਸ਼ਵ ਕੱਪ ਲਈ ਟੀਮ ਤਿਆਰ ਕਰਨਾ ਹੋਵੇਗਾ। ਇਸ ਲਈ ਦੱਖਣੀ ਅਫਰੀਕਾ ਤੋਂ ਬਿਹਤਰ ਵਿਰੋਧੀ ਨਹੀਂ ਹੋ ਸਕਦਾ ਹੈ, ਜਿਸ ਨੇ ਹਾਲ ਹੀ ਵਿਚ ਬਿਹਤਰ ਪ੍ਰਦਰਸ਼ਨ ਕੀਤਾ ਹੈ। ਭਾਰਤੀ ਚੋਣ ਕਮੇਟੀ ਨੇ ਰਿਸ਼ਭ ਪੰਤ ਨੂੰ ਕਪਤਾਨ ਅਤੇ ਆਈ. ਪੀ. ਐੱਲ. ਜੇਤੂ ਹਾਰਦਿਕ ਪਾਂਡਯਾ ਨੂੰ ਦੱਖਣੀ ਅਫਰੀਕਾ ਖਿਲਾਫ ਘਰੇਲੂ ਸੀਰੀਜ਼ ਲਈ ਉਪ ਕਪਤਾਨ ਬਣਾਇਆ ਹੈ। ਚੋਣ ਕਮੇਟੀ ਨੇ ਰਾਹੁਲ ਅਤੇ ਕੁਲਦੀਪ ਦੀ ਜਗ੍ਹਾ ਲੈਣ ਲਈ ਖਿਡਾਰੀਆਂ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ ਹੈ। ਦੋਵੇਂ ਕ੍ਰਿਕਟਰ ਹੁਣ ਐੱਨ. ਸੀ. ਏ. ਨੂੰ ਰਿਪੋਰਟ ਕਰਨਗੇ, ਜਿੱਥੇ ਮੈਡੀਕਲ ਟੀਮ ਉਨ੍ਹਾਂ ਦੀ ਅੱਗੇ ਜਾਂਚ ਕਰੇਗੀ ਅਤੇ ਅੱਗੇ ਦੇ ਇਲਾਜ ਦੀ ਕਾਰਵਾਈ ਤੈਅ ਕਰੇਗੀ।
ਰੈਗੂਲਰ ਕਪਤਾਨ ਰੋਹਿਤ ਸ਼ਰਮਾ ਨੂੰ ਆਰਾਮ ਦਿੱਤੇ ਜਾਣ ਤੋਂ ਬਾਅਦ ਰਾਹੁਲ ਨੂੰ ਇਸ ਸੀਰੀਜ਼ ਲਈ ਟੀਮ ਦੀ ਕਪਤਾਨੀ ਸੌਂਪੀ ਗਈ ਸੀ। ਵਿਰਾਟ ਕੋਹਲੀ ਨੂੰ ਵੀ ਆਰਾਮ ਦਿੱਤੇ ਜਾਣ ਤੋਂ ਬਾਅਦ ਹੁਣ ਭਾਰਤ ਆਪਣੇ ਟਾਪ ਕ੍ਰਮ ਤੋਂ ਬਿਨਾਂ ਹੀ ਇਸ ਸੀਰੀਜ਼ ਵਿਚ ਉਤਰੇਗਾ। ਈਸ਼ਾਨ ਕਿਸ਼ਨ, ਵੇਂਕਟੇਸ਼ ਅਈਅਰ ਅਤੇ ਰਿਤੂਰਾਜ ਗਾਇਕਵਾੜ ਓਪਨਿੰਗ ਦੀ ਜ਼ਿੰਮੇਵਾਰੀ ਨਿਭਾਅ ਸਕਦੇ ਹਨ, ਜਦੋਂਕਿ ਮੱਧ ਕ੍ਰਮ ਵਿਚ ਦੀਪਕ ਹੁੱਡਾ ਅਤੇ ਸ਼੍ਰੇਅਸ ਅਈਅਰ ਮੌਜੂਦ ਹਨ। ਦੱਖਣੀ ਅਫਰੀਕਾ ਨੇ 2010 ਤੋਂ ਭਾਰਤ ਵਿਚ ਸੀਮਤ ਓਵਰਾਂ ਦੀ ਸੀਰੀਜ਼ ਨਹੀਂ ਗਵਾਈ ਹੈ ਅਤੇ ਉਸ ਨੇ ਇਸ ਵਾਰ ਵੀ ਆਪਣੀ ਸਰਸ੍ਰੇਸ਼ਠ ਟੀਮ ਉਤਾਰੀ ਹੈ। ਦੱਖਣੀ ਅਫਰੀਕਾ ਲਈ ਸ਼ਾਨਦਾਰ ਫਾਰਮ ਵਿਚ ਚੱਲ ਰਹੇ ਡੇਵਿਡ ਮਿਲਰ, ਕੁਇੰਟਨ ਡੀਕਾਕ ਅਤੇ ਐਡਨ ਮਾਰਕ੍ਰਮ ਦੀ ਭੂਮਿਕਾ ਅਹਿਮ ਹੋਵੇਗੀ। ਗੇਂਦਬਾਜ਼ੀ ਵਿਭਾਗ ਵਿਚ ਉਸ ਦਾ ਕਾਰਜਭਾਰ ਤਬਰੇਜ਼ ਸ਼ਮਸੀ ਅਤੇ ਕੇਸ਼ਵ ਮਹਾਰਾਜ ਦੀ ਸਪਿਨ ਜੋਡ਼ੀ ਅਤੇ ਕੈਗਿਸੋ ਰਬਾਡਾ ਅਤੇ ਐਨਰਿਚ ਨੋਰਖੀਆ ਦੀ ਤੇਜ਼ ਗੇਂਦਬਾਜ਼ ਜੋਡ਼ੀ ’ਤੇ ਟਿਕਿਆ ਰਹੇਗਾ।
ਸੰਭਾਵਿਕ ਟੀਮਾਂ
ਭਾਰਤ : ਰਿਸ਼ਭ ਪੰਤ (ਕਪਤਾਨ), ਹਾਰਦਿਕ ਪਾਂਡਿਯਾ (ਉਪ-ਕਪਤਾਨ), ਈਸ਼ਾਨ ਕਿਸ਼ਨ, ਰਿਤੂਰਾਜ ਗਾਇਕਵਾੜ, ਦੀਪਕ ਹੁੱਡਾ, ਸ਼੍ਰੇਅਸ ਅਈਅਰ, ਵੇਂਕਟੇਸ਼ ਅਈਅਰ, ਦਿਨੇਸ਼ ਕਾਰਤਿਕ, ਅਕਸ਼ਰ ਪਟੇਲ, ਯੁਜਵੇਂਦਰ ਚਾਹਲ, ਹਰਸ਼ਲ ਪਟੇਲ, ਰਵੀ ਬਿਸ਼ਨੋਈ, ਭੁਵਨੇਸ਼ਵਰ ਕੁਮਾਰ, ਮੁਹੰਮਦ ਸ਼ੰਮੀ, ਆਵੇਸ਼ ਖਾਨ, ਅਰਸ਼ਦੀਪ ਸਿੰਘ, ਉਮਰਾਨ ਮਲਿਕ।
ਦੱਖਣੀ ਅਫਰੀਕਾ : ਤੇਮਬਾ ਬਾਵੁਮਾ (ਕਪਤਾਨ), ਕੁਇੰਟਨ ਡੀਕਾਕ (ਵਿਕਟਕੀਪਰ), ਰੀਜ਼ੀ ਹੈਂਡ੍ਰਿਕਸ, ਹੈਨਰਿਕ ਕਲਾਸੇਨ, ਕੇਸ਼ਵ ਮਹਾਰਾਜ, ਐਡਨ ਮਾਰਕ੍ਰਮ, ਡੇਵਿਡ ਮਿਲਰ, ਲੁੰਗੀ ਇਨਗਿਡੀ, ਐਨਰਿਚ ਨੋਰਕੀਆ, ਵੇਨ ਪਾਰਨੇਲ, ਡਵੇਨ ਪ੍ਰਿਟੋਰੀਅਸ, ਕੈਗਿਸੋ ਰਬਾਡਾ, ਤਬਰੇਜ ਸ਼ਮਸੀ, ਟ੍ਰਿਸਟਨ ਸਟਬਸ, ਰਾਸੀ ਵਾਨ ਡੇਰ ਡੂਸਨ, ਮਾਰਕੋ ਯਾਨਸੇਨ।
‘ਖੇਲੋ ਇੰਡੀਆ ਯੂਥ ਗੇਮਸ-2021’: ਹਰਿਆਣਾ ਨੇ ਕੁਸ਼ਤੀ 'ਚ 16 ਸੋਨੇ ਸਮੇਤ ਜਿੱਤੇ 37 ਤਮਗੇ
NEXT STORY