ਲੰਡਨ, (ਭਾਸ਼ਾ)– ਇੰਗਲੈਂਡ ਦੇ ਸਾਬਕਾ ਕਪਤਾਨਾਂ ਨਾਸਿਰ ਹੁਸੈਨ ਤੇ ਮਾਈਕਲ ਵਾਨ ਨੇ ਭਾਰਤ ਵਿਰੁੱਧ ਮੌਜੂਦਾ ਟੈਸਟ ਲੜੀ ਵਿਚ ‘ਬੈਜ਼ਬਾਲ’(ਬੇਹੱਦ ਹਮਲਵਾਰ ਹੋ ਕੇ ਖੇਡਣ ਦੀ ਰਣਨੀਤੀ) ਰਵੱਈਏ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਮਹਿਮਾਨ ਟੀਮ ਨੂੰ ਹਮੇਸ਼ਾ ਹਮਲਵਾਰ ਹੋ ਕੇ ਖੇਡਣ ਦੀ ਰਣਨੀਤੀ ਦੀ ਜਗ੍ਹਾ ਮੈਚ ਦੀ ਸਥਿਤੀ ਅਨੁਸਾਰ ਖੇਡਣ ਦੀ ਲੋੜ ਹੈ।ਭਾਰਤ ਨੇ ਐਤਵਾਰ ਨੂੰ ਰਾਜਕੋਟ ਵਿਚ ਤੀਜੇ ਟੈਸਟ ਵਿਚ ਇੰਗਲੈਂਡ ਨੂੰ 434 ਦੌੜਾਂ ਨਾਲ ਹਰਾ ਕੇ ਟੈਸਟ ਕ੍ਰਿਕਟ ਵਿਚ ਦੌੜਾਂ ਦੇ ਲਿਹਾਜ ਨਾਲ ਆਪਣੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ।
ਇਹ ਵੀ ਪੜ੍ਹੋ : IND vs ENG : ਮੈਚ 'ਚ ਇਤਿਹਾਸਕ ਜਿੱਤ ਤੋਂ ਬਾਅਦ ਰੋਹਿਤ ਸ਼ਰਮਾ ਨੇ ਕੀਤੀ ਟੀਮ ਦੇ ਖਿਡਾਰੀਆਂ ਦੀ ਰੱਜ ਕੇ ਸ਼ਲਾਘਾ
ਭਾਰਤ ਦੀਆਂ 557 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਦੀ ਟੀਮ ਸਿਰਫ 122 ਦੌੜਾਂ ’ਤੇ ਢੇਰ ਹੋ ਗਈ। ਮੇਜ਼ਬਾਨ ਟੀਮ 5 ਮੈਚਾਂ ਦੀ ਲੜੀ ਵਿਚ 2-1 ਨਾਲ ਅੱਗੇ ਚੱਲ ਰਹੀ ਹੈ। ਆਖਰੀ ਦੋ ਟੈਸਟ ਰਾਂਚੀ ਤੇ ਧਰਮਸ਼ਾਲਾ ਵਿਚ ਖੇਡੇ ਜਾਣਗੇ। ਵਾਨ ਨੇ ਆਪਣੇ ਕਾਲਮ ਵਿਚ ਲਿਖਿਆ, ‘‘ਇਹ ਬੇਨ ਸਟੋਕਸ ਤੇ ਬ੍ਰੈਂਡਨ ਮੈਕਕੁਲਮ ਦੀ ਅਗਵਾਈ ਵਿਚ ਸਭ ਤੋਂ ਮਾੜੀ ਹਾਰ ਰਹੀ ਤੇ ਇਸ ਨੇ ਉਸਦੀ ਰਣਨੀਤੀ ਨੂੰ ਉਜਾਗਰ ਕੀਤਾ। ਉਹ ਹਰ ਮੌਕੇ ’ਤੇ ਹਮਲਾਵਰ ਨਹੀਂ ਹੋ ਸਕਦੇ। ਉਨ੍ਹਾਂ ਨੂੰ ਆਪਣੀ ਸਥਿਤੀ ਨੂੰ ਚੁਣਨਾ ਪਵੇਗਾ।’’ ਹੁਸੈਨ ਵੀ ਵਾਨ ਨਾਲ ਸਹਿਮਤ ਦਿਸਿਆ। ਹੁਸੈਨ ਨੇ ਕਿਹਾ, ‘‘ਬੈਜ਼ਬਾਲ ਹਮਲਾਵਰ ਹੋਣ ਦੇ ਬਾਰੇ ਵਿਚ ਹੈ ਪਰ ਇਹ ਦਬਾਅ ਝੱਲਣ ਦੇ ਬਾਰੇ ਵਿਚ ਵੀ ਹੈ।’’
ਇਸ ਦੇ ਉਲਟ ਹੁਣ ਤਕ ਲੜੀ ਵਿਚ ਦੋ ਦੋਹਰੇ ਸੈਂਕੜੇ ਲਾਉਣ ਵਾਲੇ ਭਾਰਤ ਦੇ ਯਸ਼ਸਵੀ ਜਾਇਸਵਾਲ, ਸ਼ੁਭਮਨ ਗਿੱਲ ਤੇ ਡੈਬਿਊ ਕਰ ਰਹੇ ਸਰਫਰਾਜ਼ ਖਾਨ ਨੇ ਰਾਜਕੋਟ ਵਿਚ ਪਰਿਪੱਕ ਪਾਰੀਆਂ ਖੇਡੀਆਂ ਤੇ ਆਪਣੀਆਂ ਸ਼ਾਟਾਂ ਖੇਡਣ ਤੋਂ ਪਹਿਲਾਂ ਕ੍ਰੀਜ਼ ’ਤੇ ਸਮਾਂ ਬਿਤਾਇਆ। ਵਾਨ ਨੇ ਕਿਹਾ,‘‘ਉਨ੍ਹਾਂ ਨੂੰ ਇਹ ਦੇਖਣ ਦੀ ਲੋੜ ਹੈ ਕਿ ਤੀਜੇ ਦਿਨ ਜਾਇਸਵਾਲ ਤੇ ਸ਼ੁਭਮਨ ਗਿੱਲ ਨੇ ਕਿਵੇਂ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ 30 ਜਾਂ 40 ਗੇਂਦਾਂ ਤਕ ਦਬਾਅ ਝੱਲਿਆ ਤੇ ਫਿਰ ਉਨ੍ਹਾਂ ਨੇ ਬਾਊਂਡਰੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ।’’ਉਸ ਨੇ ਕਿਹਾ,‘‘ਟੈਸਟ ਬੱਲੇਬਾਜ਼ੀ ਇਹ ਹੀ ਹੈ। ਭਾਰਤ ਨੇ 228.5 ਓਵਰਾਂ ਵਿਚ 875 ਦੌੜਾਂ ਬਣਾਈਆਂ। ਕੋਈ ਵੀ ਮੈਨੂੰ ਇਹ ਨਹੀਂ ਕਹਿ ਸਕਦਾ ਕਿ ਭਾਰਤ ਨੂੰ ਇੱਥੇ ਬੱਲੇਬਾਜ਼ੀ ਕਰਦੇ ਦੇਖਣਾ ਬੋਰਿੰਗ ਸੀ।’’
ਇਹ ਵੀ ਪੜ੍ਹੋ : ਪਿਤਾ ਨਾਲ ਵਿਵਾਦ ਵਿਚਾਲੇ ਰਵਿੰਦਰ ਜਡੇਜਾ ਨੇ ਪਲੇਅਰ ਆਫ ਦ ਮੈਚ ਪਤਨੀ ਰਿਵਾਬਾ ਨੂੰ ਕੀਤਾ ਸਮਰਪਿਤ
ਹੈਦਰਾਬਾਦ ਵਿਚ ਸੀਰੀਜ਼ ਦਾ ਸ਼ੁਰੂਆਤੀ ਮੈਚ ਜਿੱਤਣ ਤੋਂ ਬਾਅਦ ਤੋਂ ਇੰਗਲੈਂਡ ਲਈ ਚੀਜ਼ਾਂ ਖਰਾਬ ਹੁੰਦੀਆਂ ਗਈਆਂ। ਮਹਿਮਾਨ ਟੀਮ ਦੇ ਬੱਲੇਬਾਜ਼ਾਂ ਨੇ ਖਰਾਬ ਸ਼ਾਟਾਂ ਖੇਡੀਆਂ, ਜਿਸ ਨਾਲ ਮੇਜ਼ਬਾਨ ਟੀਮ ਨੂੰ ਫਾਇਦਾ ਮਿਲਿਆ। ਹੁਸੈਨ, ਵਾਨ ਤੇ ਇਕ ਹੋਰ ਸਾਬਕਾ ਕਪਤਾਨ ਐਲਿਸਟੀਅਰ ਕੁਕ ਨੇ ਰੂਟ ਦੀਆਂ ਸ਼ਾਟਾਂ ਦੇ ਸਮੇਂ ’ਤੇ ਸਵਾਲ ਵੀ ਚੁੱਕੇ। ਹੁਸੈਨ ਨੇ ਕਿਹਾ, ‘‘ਇਕ ਚੀਜ਼ ਜੋ ਰੂਟ ਦੇਖੇਗਾ, ਉਹ ਸ਼ਾਟ ਦਾ ਸਮਾਂ ਹੈ। ਆਰ. ਅਸ਼ਵਿਨ ਉੱਥੇ ਨਹੀਂ ਸੀ, ਭਾਰਤ ਕੋਲ ਇਕ ਗੇਂਦਬਾਜ਼ ਘੱਟ ਸੀ, ਰਵਿੰਦਰ ਜਡੇਜਾ ਸੱਟ ਤੋਂ ਬਾਅਦ ਖੇਡ ਰਿਹਾ ਸੀ, ਬੁਮਰਾਹ ਲਗਾਤਾਰ ਤੀਜਾ ਟੈਸਟ ਖੇਡ ਰਿਹਾ ਸੀ ਤੇ ਅਜਿਹੀ ਚਰਚਾ ਹੈ ਕਿ ਉਸ ਨੂੰ ਆਰਾਮ ਦੀ ਲੋੜ ਹੈ।’’
ਰੂਟ ਨੇ ਪਿਛਲੇ ਸਾਲ ਏਸ਼ੇਜ਼ ਦੌਰਾਨ ਇਸ ਤਰ੍ਹਾਂ ਦੀਆਂ ਸ਼ਾਟਾਂ ਕਾਫੀ ਸਫਲਤਾ ਨਾਲ ਖੇਡੀਆਂ ਤੇ ਮੈਨੂੰ ਬਿਲਕੁਲ ਵੀ ਇਤਰਾਜ਼ ਨਹੀਂ ਹੋਇਆ ਕਿਉਂਕਿ ਸਭ ਇਸ ਗੱਲ ’ਤੇ ਨਿਰਭਰ ਸੀ ਕਿ ਇੰਗਲੈਂਡ ਉਸ ਦਿਨ ਦਬਦਬਾ ਬਣਾਉਣ ਲਈ ਕਿੰਨੀਆਂ ਦੌੜਾਂ ਬਣਾਉਣ ਵਾਲਾ ਸੀ।’’ ਉਸ ਨੇ ਕਿਹਾ,‘‘ਇਸ ਨੇ ਡ੍ਰੈਸਿੰਗ ਰੂਮ ਵਿਚ ਸਾਰਿਆਂ ਨੂੰ ਸੰਦੇਸ਼ ਭੇਜਿਆ ਕਿ ਇੰਗਲੈਂਡ ਦਾ ਸਰਵਸ੍ਰੇਸ਼ਠ ਖਿਡਾਰੀ ਆਸਟ੍ਰੇਲੀਆ ਨਾਲ ਭਿੜਨ ਜਾ ਰਿਹਾ ਹੈ। ਰੂਟ ਅੱਜ ਰਾਤ ਆਪਣੇ ਕਮਰੇ ਵਿਚ ਬੈਠ ਕੇ ਸੋਚੇਗਾ ‘ਮੈਨੂੰ ਲੱਗਦਾ ਹੈ ਕਿ ਮੈਂ ਉੱਥੇ ਗਲਤੀ ਕੀਤੀ ਹੈ’। ਹਾਲਾਂਕਿ ਕੁਕ ਤੇ ਹੁਸੈਨ ਨੂੰ ਲੱਗਦਾ ਹੈ ਕਿ ਇੰਗਲੈਂਡ ਅਗਲੇ ਦੋ ਮੈਚਾਂ ਵਿਚ ਚੀਜ਼ਾਂ ਨੂੰ ਬਦਲਣ ਵਿਚ ਸਮਰੱਥ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਘਰੇਲੂ ਕ੍ਰਿਕਟ ਦੇ 5 ਧਾਕੜ ਖਿਡਾਰੀਆਂ ਨੇ ਖੇਡ ਨੂੰ ਕਿਹਾ ਅਲਵਿਦਾ
NEXT STORY