ਨਵੀਂ ਦਿੱਲੀ- 5 ਵਾਰ ਦੀ ਤਮਗਾ ਜੇਤੂ ਪੀ. ਵੀ. ਸਿੰਧੂ, ਲਕਸ਼ੈ ਸੇਨ ਅਤੇ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਪੁਰਸ਼ ਯੁਗਲ ਜੋੜੀ ਨੂੰ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਲਈ ਬੁੱਧਵਾਰ ਨੂੰ ਇਥੇ ਆਸਾਨ ਡ੍ਰਾਅ ਮਿਲਿਆ ਪਰ ਆਯੁਸ਼ ਸ਼ੈੱਟੀ ਨੂੰ ਪੁਰਸ਼ ਸਿੰਗਲਜ਼ ਦੇ ਪਹਿਲੇ ਦੌਰ ’ਚ ਚੀਨ ਦੇ ਚੋਟੀ ਦੇ ਦਰਜਾ ਪ੍ਰਾਪਤ ਸ਼ੀ ਯੂ ਕੀ ਦੀ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ।
ਭਾਰਤ ਨੂੰ ਪੰਜਾਂ ਵਰਗਾਂ- ਪੁਰਸ਼ ਸਿੰਗਲਜ਼, ਮਹਿਲਾ ਸਿੰਗਲਜ਼, ਪੁਰਸ਼ ਡਬਲ, ਮਹਿਲਾ ਡਬਲ ਅਤੇ ਮਿਕਸਡ ਡਬਲ ’ਚ 2-2 ਨੁਮਾਇੰਦਗੀਆਂ ਮਿਲੀਆਂ ਹਨ। ਡਬਲ ਵਰਗ ’ਚ ਦਰਜਾ ਪ੍ਰਾਪਤ ਸਾਰੀਆਂ 16 ਜੋੜੀਆਂ ਨੂੰ ਪਹਿਲੇ ਦੌਰ ’ਚ ਬਾਏ ਮਿਲੀ ਹੈ।
ਵਿਸ਼ਵ ਚੈਂਪੀਅਨਸ਼ਿਪ ’ਚ ਛੇਵਾਂ ਤਮਗਾ ਜਿੱਤਣ ਵਾਲੀ ਦੁਨੀਆ ਦੀ ਪਹਿਲੀ ਖਿਡਾਰਨ ਬਣਨ ਲਈ ਚੁਣੌਤੀ ਪੇਸ਼ ਕਰ ਰਹੀ 9ਵੀਂ ਦਰਜਾ ਪ੍ਰਾਪਤ ਸਿੰਧੂ ਆਪਣੀ ਮੁਹਿੰਮ ਦੀ ਸ਼ੁਰੂਆਤ ਆਇਰਲੈਂਡ ਦੀ ਸੋਫੀਆ ਨੋਬਲ ਵਿਰੁੱਧ ਕਰੇਗੀ। ਇਸ ਭਾਰਤੀ ਖਿਡਾਰਨ ਦੀ ਸੈਮੀਫਾਈਨਲ ਤੱਕ ਦੀ ਰਾਹ ਆਸਾਨ ਰਹਿਣ ਦੀ ਉਮੀਦ ਹੈ, ਜਿੱਥੇ ਉਸ ਨੂੰ ਚੋਟੀ ਦਾ ਦਰਜਾ ਪ੍ਰਾਪਤ ਦੱਖਣੀ ਕੋਰੀਆ ਦੀ ਆਨ ਸੇ ਯੰਗ ਨਾਲ ਭਿੜਨਾ ਪੈ ਸਕਦਾ ਹੈ।
ਮਹਿਲਾ ਸਿੰਗਲਜ਼ ’ਚ ਉੱਨਤੀ ਹੁੱਡਾ ਨੇ ਪਹਿਲੇ ਦੌਰ ’ਚ ਮਿਆਂਮਾਰ ਦੀ ਥੇਟ ਟਾਰ ਹੁਜ਼ਾਰ ਨਾਲ ਭਿੜਨਾ ਹੈ। ਪੁਰਸ਼ ਸਿੰਗਲਜ਼ ’ਚ 14ਵੇਂ ਦਰਜਾ ਪ੍ਰਾਪਤ ਲਕਸ਼ੈ ਨੂੰ ਪਹਿਲੇ ਦੌਰ ’ਚ ਆਸਟ੍ਰੀਆ ਦੇ ਕੋਲਿਨਸ ਵੇਲੇਨਟਾਈਨ ਫਿਲਮੋਨ ਦਾ ਸਾਹਮਣਾ ਕਰਨਾ ਹੈ। ਲਕਸ਼ੈ ਜੇਕਰ ਸ਼ੁਰੂਆਤੀ 2 ਦੌਰ ਦੀ ਰੁਕਾਵਟ ਪਾਰ ਕਰਨ ’ਚ ਸਫਲ ਰਹਿੰਦਾ ਹੈ ਤਾਂ ਤੀਜੇ ਦੌਰ ’ਚ ਉਸ ਦਾ ਸਾਹਮਣਾ ਥਾਈਲੈਂਡ ਦੇ ਦੂਜੇ ਦਰਜਾ ਪ੍ਰਾਪਤ ਕੁਨਲਾਵੁਤ ਵਿਤਿਦਸਾਰਨ ਨਾਲ ਹੋ ਸਕਦਾ ਹੈ।
ਪੁਰਸ਼ ਡਬਲ ’ਚ ਸਾਤਵਿਕ ਅਤੇ ਚਿਰਾਗ ਦੀ 5ਵੀਂ ਦਰਜਾ ਪ੍ਰਾਪਤ ਜੋੜੀ ਨੂੰ ਪਹਿਲੇ ਦੌਰ ’ਚ ਬਾਏ ਮਿਲੀ ਹੈ, ਜਦਕਿ ਹਰੀਹਰਨ ਅਮਸਾਕਰੁਣਨ ਅਤੇ ਐੱਮ. ਆਰ. ਅਰਜੁਨ ਦੀ ਜੋੜੀ ਆਪਣੀ ਮੁਹਿੰਮ ਦੀ ਸ਼ੁਰੂਆਤ ਸਕੌਟ ਗਿਲਡਿਆ ਅਤੇ ਪੌਲ ਰੇਨੌਲਡਜ਼ ਦੀ ਆਇਰਲੈਂਡ ਦੀ ਜੋੜੀ ਵਿਰੁੱਧ ਕਰੇਗੀ।
ਜਿਆਨੀ ਇਨਫੈਂਟਿਨੋ ਨੇ ਫੀਫਾ ਕਰਮਚਾਰੀਆਂ ਦੀ ਐਮਰਜੈਂਸੀ ਬੈਠਕ ਬੁਲਾਈ
NEXT STORY