ਸਿੰਗਾਪੁਰ– ਭਾਰਤੀ ਗ੍ਰੈਂਡਮਾਸਟਰ ਡੀ. ਗੁਕੇਸ਼ ਮਹੱਤਵਪੂਰਨ ਬੜ੍ਹਤ ਗੁਆਉਣ ਤੋਂ ਬਾਅਦ ਬੁੱਧਵਾਰ ਨੂੰ ਇੱਥੇ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦੀ 13ਵੀਂ ਬਾਜ਼ੀ ਵਿਚ ਜਦੋਂ ਸਾਬਕਾ ਚੈਂਪੀਅਨ ਡਿੰਗ ਲਿਰੇਨ ਨਾਲ ਭਿੜੇਗਾ ਤਾਂ ਉਸ ਨੂੰ ਵਾਪਸੀ ਕਰਨ ਦੇ ਆਪਣੇ ਦ੍ਰਿੜ੍ਹ ਸੰਕਲਪ ’ਤੇ ਭਰੋਸਾ ਕਰਨਾ ਪਵੇਗਾ।
ਸਭ ਤੋਂ ਘੱਟ ਉਮਰ ਦੇ ਚੈਲੰਜਰ 18 ਸਾਲਾ ਗੁਕੇਸ਼ ਤੇ ਚੀਨ ਦੇ 32 ਸਾਲਾ ਲਿਰੇਨ ਵਿਚਾਲੇ ਦਿਲਚਸਪ ਮੁਕਾਬਲਾ ਚੱਲ ਰਿਹਾ ਹੈ, ਜਿਸ ਵਿਚ ਕੋਈ ਵੀ ਖਿਡਾਰੀ ਲੰਬੇ ਸਮੇਂ ਤੱਕ ਆਪਣੀ ਬੜ੍ਹਤ ਕਾਇਮ ਨਹੀਂ ਰੱਖ ਸਕਿਆ। ਇਕ ਦਿਨ ਦੇ ਆਰਾਮ ਤੋਂ ਬਾਅਦ ਦੋਵੇਂ ਖਿਡਾਰੀ ਬੁੱਧਵਾਰ ਨੂੰ ਫਿਰ ਤੋਂ ਇਕ ਦੂਜੇ ਦਾ ਸਾਹਮਣਾ ਕਰਨਗੇ।
ਇਸ 14 ਦੌਰ ਦੇ ਮੁਕਾਬਲੇ ਵਿਚ 12 ਦੌਰ ਤੋਂ ਬਾਅਦ ਸਕੋਰ 6-6 ਨਾਲ ਬਰਾਬਰ ਹੈ ਤੇ ਜਿਹੜਾ ਵੀ ਖਿਡਾਰੀ ਸਭ ਤੋਂ ਪਹਿਲਾਂ 7.5 ਅੰਕਾਂ ਤੱਕ ਪਹੁੰਚੇਗਾ, ਉਹ ਵਿਸ਼ਵ ਚੈਂਪੀਅਨ ਬਣ ਜਾਵੇਗਾ। ਜੇਕਰ 14 ਦੌਰ ਤੋਂ ਬਾਅਦ ਵੀ ਸਕੋਰ ਬਰਾਬਰ ਰਹਿੰਦਾ ਹੈ ਤਾਂ ਫਿਰ ਟਾਈਬ੍ਰੇਕ ਦਾ ਸਹਾਰਾ ਲਿਆ ਜਾਵੇਗਾ। ਗੁਕੇਸ਼ ਕੋਲ 11ਵੀਂ ਬਾਜ਼ੀ ਜਿੱਤਣ ਤੋਂ ਬਾਅਦ 7.5 ਦੇ ਜਾਦੂਈ ਅੰਕ ਤੱਕ ਪਹੁੰਚਣ ਦਾ ਮੌਕਾ ਸੀ ਪਰ ਉਹ ਅਗਲੀ ਬਾਜ਼ੀ ਹਾਰ ਗਿਆ।
ਭਾਰਤੀ ਖਿਡਾਰੀ ਨੂੰ ਅਗਲੀ ਬਾਜ਼ੀ ਸਫੈਦ ਮੋਹਰਿਆਂ ਨਾਲ ਖੇਡਣੀ ਹੈ ਤੇ ਪੂਰਾ ਭਰੋਸਾ ਹੈ ਕਿ ਕਲਾਸੀਕਲ ਰੂਪ ਵਿਚ ਖੇਡੇ ਜਾ ਰਹੇ ਇਸ ਮੁਕਾਬਲੇ ਦੀ ਇਸ ਮਹੱਤਵਪੂਰਨ ਬਾਜ਼ੀ ਵਿਚ ਉਹ ਹਮਲਾਵਰ ਰਵੱਈਆ ਅਪਣਾਏਗਾ। ਹੁਣ ਜਦਕਿ ਮੁਕਾਬਲਾ ਰੋਮਾਂਚਕ ਮੋੜ ’ਤੇ ਪਹੁੰਚ ਗਿਆ ਹੈ ਤਾਂ ਤਦ ਜਿਹੜਾ ਵੀ ਖਿਡਾਰੀ ਸਬਰ ਤੋਂ ਕੰਮ ਲਵੇਗਾ, ਉਹ ਫਾਇਦੇ ਵਿਚ ਰਹੇਗਾ।
ਇਸ ਮੁਕਾਬਲੇ ਵਿਚ 10 ਬਾਜ਼ੀਆਂ ਤੋਂ ਬਾਅਦ ਸਕੋਰ 5-5 ਨਾਲ ਬਰਾਬਰ ਸੀ ਪਰ ਉਸ ਤੋਂ ਬਾਅਦ ਦੀਆਂ ਅਗਲੀਆਂ 2 ਬਾਜ਼ੀਆਂ ਦਾ ਨਤੀਜਾ ਨਿਕਲਿਆ। ਲਗਾਤਾਰ ਡਰਾਅ ਖੇਡਣ ਕਾਰਨ ਇਹ ਮੁਕਾਬਲਾ ਨੀਰਸ ਬਣ ਗਿਆ ਸੀ ਪਰ ਪਿਛਲੇ ਦੋ ਮੈਚਾਂ ਨੇ ਇਸ 25 ਲੱਖ ਡਾਲਰ ਦੀ ਇਨਾਮੀ ਰਾਸ਼ੀ ਵਾਲੀ ਪ੍ਰਤੀਯੋਗਿਤਾ ਵਿਚ ਨਵੀਂ ਜਾਨ ਫੂਕ ਦਿੱਤੀ ਹੈ। ਹੁਣ ਜਦਕਿ ਦੋ ਦੌਰ ਦੀ ਖੇਡ ਹੋਣੀ ਬਾਕੀ ਹੈ ਤਦ ਦੋਵੇਂ ਖਿਡਾਰੀਆਂ ਕੋਲ ਮੌਕਾ ਹੈ। ਲਿਰੇਨ ਨੇ 11ਵੀਂ ਬਾਜ਼ੀ ਵਿਚ ਬੇਹੱਦ ਖਰਾਬ ਪ੍ਰਦਰਸ਼ਨ ਕੀਤਾ ਪਰ ਅਗਲੇ ਦੌਰ ਵਿਚ ਉਹ ਸ਼ਾਨਦਾਰ ਵਾਪਸੀ ਕਰਨ ਵਿਚ ਸਫਲ ਰਿਹਾ।
ਚੈਂਪੀਅਨਸ ਟਰਾਫੀ ਨੂੰ ਲੈ ਕੇ ਖੜ੍ਹਾ ਹੋਇਆ ਨਵਾਂ ਰੇੜਕਾ, ਪਾਕਿਸਤਾਨੀ ਖਿਡਾਰੀ ਨੇ ਕੀਤਾ ਅੱਗ 'ਚ ਘਿਓ ਪਾਉਣ ਦਾ ਕੰਮ
NEXT STORY